• Home
  • ਭਾਰਤ ਨੇ ਹਟਾਇਆ:- ਉਸੇ ਕੋਚ ਨੇ ਈਰਾਨ ਨੂੰ ਕਬੱਡੀ ਦਾ ਏਸ਼ੀਆ ਚੈਂਪੀਅਨ ਬਣਾਇਆ

ਭਾਰਤ ਨੇ ਹਟਾਇਆ:- ਉਸੇ ਕੋਚ ਨੇ ਈਰਾਨ ਨੂੰ ਕਬੱਡੀ ਦਾ ਏਸ਼ੀਆ ਚੈਂਪੀਅਨ ਬਣਾਇਆ

ਜਕਾਰਤਾ (ਏਜੰਸੀ) :

ਕਬੱਡੀ ਨੂੰ ਪਹਿਲੀ ਵਾਰ 1990 ਵਿੱਚ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਉਦੋਂ ਤੋਂ ਭਾਰਤ ਸੋਨੇ ਦਾ ਤਮਗ਼ਾ ਜਿੱਤ ਰਿਹਾ ਸੀ ਪਰ ਇਸ ਵਾਰ ਈਰਾਨ ਨੇ ਪੁਰਸ਼ ਕਬੱਡੀ ਦੇ ਸੈਮੀਫਾਈਨਲ ਵਿੱਚ ਭਾਰਤ ਨੂੰ ਖੂੰਜੇ ਲਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਕੋਰੀਆ ਨੂੰ 26-16 ਨਾਲ ਹਰਾ ਕੇ ਫਾਈਨਲ ਜਿੱਤਿਆ। ਈਰਾਨ ਨੇ ਪਹਿਲੀ ਵਾਰ ਸੋਨ ਤਮਗ਼ਾ ਆਪਣੇ ਨਾਂ ਕੀਤਾ ਹੈ। ਇਸੇ ਤਰ੍ਹਾਂ ਮਹਿਲਾ ਕਬੱਡੀ ਵਿਚ ਵੀ ਹੋਇਆ। ਈਰਾਨ ਦੀ ਮਹਿਲਾ ਟੀਮ ਵੀ ਸੋਨ ਤਮਗ਼ਾ ਜਿੱਤਣ ਵਿਚ ਸਫ਼ਲ ਰਹੀ ਹੈ। ਉਸ ਨੇ ਭਾਰਤ ਨੂੰ 27-14 ਨਾਲ ਹਰਾ ਕੇ ਸੋਨੇ ਦਾ ਤਮਗ਼ਾ ਜਿੱਤਿਆ।

ਤੁਹਾਨੂੰ ਹੈਰਾਨੀ ਹੋਵੇਗੀ ਪਰ ਸਾਬਕਾ ਭਾਰਤੀ ਕੋਚ ਸੈਲਜਾ ਜੈਨਿੰਦਰ ਕੁਮਾਰ ਜੈਨ ਨੇ ਭਾਰਤੀ ਮਹਿਲਾ ਟੀਮ ਨੂੰ ਹਰਾਉਣ ਵਾਲੇ ਈਰਾਨ ਦੇ ਖਿਡਾਰੀਆਂ ਨੂੰ ਮਜ਼ਬੂਤ ​​ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਸੈਲਜਾ ਈਰਾਨ ਦੀ ਟੀਮ ਦੀ ਕੋਚ ਹਨ ਪਰ 18 ਮਹੀਨੇ ਪਹਿਲਾਂ ਤੱਕ ਉਹ ਭਾਰਤੀ ਮਹਿਲਾ ਟੀਮ ਦੀ ਕੋਚ ਸਨ। ਸੈਲਜਾ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਕਬੱਡੀ ਫੈਡਰੇਸ਼ਨ ਨੇ ਉਸ ਨੂੰ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਸਾਬਤ ਕਰਨ ਈਰਾਨ ਦੀ ਟੀਮ ਦੀ ਕੋਚ ਵਜੋਂ ਜੁਆਇਨ ਕੀਤਾ। ਸੈਲਜਾ ਨੇ ਕਿਹਾ, "ਇਕ ਭਾਰਤੀ ਹੋਣ ਦੇ ਨਾਤੇ ਮੈਂ ਦੁਖੀ ਹਾਂ ਕਿ ਭਾਰਤੀ ਟੀਮ ਇਸ ਵਾਰ ਸੋਨ ਤਮਗ਼ਾ ਨਹੀਂ ਜਿੱਤ ਸਕੀ ਪਰ ਇਕ ਕੋਚ ਹੋਣ ਦੇ ਨਾਤੇ ਮੈਂ ਈਰਾਨ ਲਈ ਬਹੁਤ ਖੁਸ਼ ਹਾਂ।"

ਇਸ ਮੁਕਾਮ ਤੱਕ ਪਹੁੰਚਣ ਲਈ ਸੈਲਜਾ ਨੇ ਈਰਾਨ ਦੇ ਖਿਡਾਰੀਆਂ 'ਤੇ ਸਖਤ ਮਿਹਨਤ ਕੀਤੀ। ਉਸ ਨੇ ਟੀਮ ਦੇ ਖਿਡਾਰੀਆਂ ਨੂੰ ਰੋਜ਼ਾਨਾ ਦੇ ਤੌਰ 'ਤੇ ਯੋਗਾ ਅਤੇ ਹੋਰ ਭਾਰਤੀ ਅਭਿਆਸ ਕਰਵਾਏ।

ਸੈਲਜਾ ਅਨੁਸਾਰ ਈਰਾਨੀ ਕੁੜੀਆਂ ਤੰਦਰੁਸਤੀ ਦੇ ਮਾਮਲੇ ਵਿਚ ਬਿਲਕੁਲ ਸੁਚੇਤ ਹਨ ਅਤੇ ਇਹੀ ਗੁਣ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖ ਕਰਦਾ ਹੈ। ਸੈਲਜਾ ਕਹਿੰਦੀ ਐ, "ਟੀਮ ਨੂੰ ਜੁਆਇਨ ਕਰਦਿਆਂ ਸ਼ੁਰੂ-ਸ਼ੁਰੂ ਵਿਚ ਕੁਝ ਸਮੱਸਿਆ ਹੋਈ ਕਿਉਂਕਿ ਮੈਂ ਸ਼ਾਕਾਹਾਰੀ ਸੀ ਅਤੇ ਭਾਸ਼ਾ ਵੀ ਇਕ ਵੱਡੀ ਸਮੱਸਿਆ ਸੀ ਪਰ ਹੌਲੀ-ਹੌਲੀ ਮੈਂ ਖ਼ੁਦ ਨੂੰ ਉੱਥੇ ਦੇ ਸੱਭਿਆਚਾਰ ਵਿੱਚ ਢਾਲਣ ਵਿੱਚ ਕਾਮਯਾਬ ਰਹੀ। ਜਦੋਂ ਈਰਾਨੀ ਟੀਮ ਦੇ ਕੋਚ ਵਜੋਂ ਜੁਆਇਨ ਕਰਨ ਦਾ ਪ੍ਰਸਤਾਵ ਮੈਨੂੰ ਆਇਆ ਤਾਂ ਮੈਂ ਇਸ ਨੂੰ ਚੁਣੌਤੀ ਵਜੋਂ ਲਿਆ।"