• Home
  • ਪਟਿਆਲਾ ਫੈਸਟੀਵਲ :-ਪੋਲੋ ਕੱਪ ਬਹਾਦਰਗੜ੍ਹ ਦੀ ਟੀਮ ਨੇ ਜਿੱਤਿਆ- ਕੈਪਟਨ ਨੇ ਵੀ ਮਾਣਿਆਂ ਪੋਲੋ ਮੈਚ ਦਾ ਆਨੰਦ

ਪਟਿਆਲਾ ਫੈਸਟੀਵਲ :-ਪੋਲੋ ਕੱਪ ਬਹਾਦਰਗੜ੍ਹ ਦੀ ਟੀਮ ਨੇ ਜਿੱਤਿਆ- ਕੈਪਟਨ ਨੇ ਵੀ ਮਾਣਿਆਂ ਪੋਲੋ ਮੈਚ ਦਾ ਆਨੰਦ

ਪਟਿਆਲਾ, 24 ਫਰਵਰੀ: ਪਟਿਆਲਾ ਹੈਰੀਟੇਜ ਫੈਸਟੀਵਲ-2019 ਦੇ ਉਤਸਵਾਂ ਦੀ ਲੜੀ ਵਜੋਂ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ' ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲੇ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ 7-6 ਅੰਕਾਂ ਨਾਲ ਜਿੱਤ ਲਿਆ।ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਵਿਖੇ ਅੱਜ ਕਰਵਾਏ ਗਏ ਇਸ ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ ਨੇ ਇਥੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸੁਪਨੇ ਅਨੁਸਾਰ ਸਾਹਸ ਭਰਪੂਰ ਖੇਡਾਂ ਪ੍ਰਤੀ ਉਤਸ਼ਾਹਤ ਕਰਦਿਆਂ ਜਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਆ। ਇਸ ਮੈਚ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ, ਪੀ.ਵੀ.ਐਸ.ਐਮ., ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਸਮੇਤ ਹੋਰ ਸ਼ਖ਼ਸੀਅਤਾਂ ਨੇ ਇਸ ਦਿਲਚਸਪ ਮੈਚ ਦਾ ਆਨੰਦ ਮਾਣਿਆਂ।ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦੌਰਾਨ ਕਰਵਾਏ ਗਏ 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ' ਦੌਰਾਨ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਸਖ਼ਤ ਮੁਕਾਬਲੇ ਵਾਲਾ ਮੈਚ ਹੋਇਆ, ਜਿਸ 'ਚ ਵੱਡੀ ਗਿਣਤੀ ਦਰਸ਼ਕਾਂ ਨੇ ਇਸ ਸਾਹਸ ਭਰਪੂਰ ਦਿਲਦਾਰ-ਜਾਨਦਾਰ ਤੇ ਦਿਲਕਸ਼ ਖੇਡ ਦਾ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਇਹ 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ', ਜਿਸ 'ਚ ਬਹਾਦਰਗੜ੍ਹ ਦੀ ਟੀਮ ਨੇ ਇਸ ਖੇਡ ਦੇ ਚਾਰੇ ਚੱਕਰਾਂ ਦੌਰਾਨ ਵਿਰੋਧੀ ਟੀਮ ਕਿਲਾ ਮੁਬਾਰਕ 'ਤੇ ਦਬਾਅ ਬਣਾਈ ਰੱਖਿਆ ਤੇ ਅੰਤ ਨੂੰ ਸਖ਼ਤ ਮੁਕਾਬਲੇ ਮਗਰੋਂ 7-6 ਗੋਲਾਂ ਦੇ ਫਰਕ ਨਾਲ ਜਿੱਤ ਲਿਆ। ਪਹਿਲੇ ਦੋਵਾਂ ਚੱਕਰ 'ਚ ਬਹਾਦਰਗੜ੍ਹ ਦੀ ਟੀਮ ਨੇ ਦਬਾਅ ਬਣਾਉਂਦਿਆਂ 3 ਗੋਲ ਕੀਤੇ। ਪਹਿਲੇ ਅੱਧ ਮਗਰੋਂ ਤੀਜੇ ਚੱਕਰ 'ਚ ਕਿਲਾ ਮੁਬਾਰਕ ਦੀ ਟੀਮ ਨੇ ਗੋਲ ਬਣਾਉਣ ਦੀ ਸ਼ੁਰੂਆਤ ਕਰਦਿਆਂ 3 ਗੋਲ ਕੀਤੇ ਤੇ ਬਹਾਦਰਗੜ੍ਹ ਦੀ ਟੀਮ ਨੇ ਇੱਕ ਗੋਲ ਕੀਤਾ।ਚੌਥੇ ਚੱਕਰ ਦੌਰਾਨ ਵੀ ਬਹਾਦਰਗੜ੍ਹ ਟੀਮ ਨੇ ਦਬਾਅ ਜਾਰੀ ਰੱਖਦਿਆਂ 3 ਹੋਰ ਗੋਲ ਕੀਤੇ, ਇਸ ਚੱਕਰ 'ਚ ਗੋਲ ਕਰਨ ਲਈ ਬਹਾਦਰਗੜ੍ਹ ਟੀਮ ਦੇ ਕਰਨਲ ਐਨ.ਐਸ. ਸੰਧੂ ਅਤੇ ਕਿਲਾ ਮੁਬਾਰਕ ਦੇ ਗੁਰਪਾਲ ਸਿੰਘ ਦਰਮਿਆਨ ਸਖ਼ਤ ਟੱਕਰ ਬਣੀ ਰਹੀ। ਇਸ ਚੱਕਰ 'ਚ ਕਿਲਾ ਮੁਬਾਰਕ ਨੇ ਚੌਥਾ ਗੋਲ ਕੀਤਾ ਜਦੋਂਕਿ ਇਸ ਟੀਮ ਲਈ ਗੁਰਪਾਲ ਸਿੰਘ ਨੇ 5ਵਾਂ ਗੋਲ ਕੀਤਾ ਤੇ ਟੀਮ ਨੇ ਇੱਕ ਹੋਰ ਗੋਲ ਕਰਦਿਆਂ ਖੇਡ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਆਖਰੀ ਚੱਕਰ 'ਚ ਇਹ ਟੀਮ 6 ਗੋਲਾਂ 'ਤੇ ਸਿਮਟ ਗਈ। ਜਦੋਂਕਿ ਬਹਾਦਰਗੜ੍ਹ ਦੀ ਟੀਮ ਨੇ ਸਖ਼ਤ ਟੱਕਰ ਦਿੰਦਿਆਂ ਆਖਰੀ ਚੱਕਰ 'ਚ 7 ਗੋਲਾਂ ਨਾਲ ਮੁਕਾਬਲਾ ਜਿੱਤ ਲਿਆ।ਇਸ ਤੋਂ ਮਗਰੋਂ ਪੀ.ਪੀ.ਐਸ. ਸਕੂਲ ਨਾਭਾ ਦੇ ਘੋੜ ਸਵਾਰ ਵਿਦਿਆਰਥੀਆਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ। ਇਨ੍ਹਾਂ ਜਾਨਦਾਰ ਘੋੜ ਸਵਾਰਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਇਲ, ਰੁਮਾਲ ਚੁੱਕਣਾ, ਟ੍ਰਿਕ ਟੈਂਟ ਪੈਗਿੰਗ ਆਦਿ ਕਰਤੱਬ ਦਿਖਾਏ। ਇਸ ਤੋਂ ਪਹਿਲਾਂ ਮੈਚ ਦੇ ਸ਼ੁਰੂ 'ਚ ਮਿਲਟਰੀ ਬੈਂਡ ਨੇ ਮਧੁਰ ਧੁੰਨਾ ਨਾਲ ਮਾਹੌਲ ਨੂੰ ਸ਼ਾਨਦਾਰ ਬਣਾਇਆ।ਕਿਲਾ ਮੁਬਾਰਕ ਦੀ ਟੀਮ 'ਚ ਸ੍ਰੀ ਰਾਜੇਸ਼ ਸਹਿਗਲ, ਸ. ਗੁਰਪਾਲ ਸਿੰਘ, ਲੈਫ਼ਟੀਨੈਟ ਜਨਰਲ ਅਰੁਣ ਸਾਹਨੀ, ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ., ਐਸ.ਐਮ., ਵੀ.ਐਸ.ਐਮ. (ਰਿਟਾ.) ਅਤੇ ਸ੍ਰੀ ਜੈ ਸ਼ੇਰਗਿੱਲ ਸ਼ਾਮਲ ਸਨ। ਜਦੋਂਕਿ ਬਹਾਦਰਗੜ੍ਹ ਟੀਮ 'ਚ ਸ੍ਰੀ ਅਸ਼ਵਨੀ ਸ਼ਰਮਾ, ਦਫ਼ੇਦਾਰ ਵਿਜੇ ਸਿੰਘ, ਮੇਜਰ ਅਨੰਦ ਰਾਜਪੁਰੋਹਿਤ ਅਤੇ ਕਰਨਲ ਐਨ.ਐਸ. ਸੰਧੂ ਸ਼ਾਮਲ ਸਨ। ਇਸ ਦੌਰਾਨ ਲੈਫ. ਜਨਰਲ ਸੇਵਾ ਮੁਕਤ ਬਲਬੀਰ ਸਿੰਘ ਸੰਧੂ, ਏ.ਵੀ.ਐਸ.ਐਮ., ਵੀ.ਐਸ.ਐਮ. (ਰਿਟਾ.) ਨੇ ਰੈਫ਼ਰੀ ਵਜੋਂ ਅਤੇ ਸਪੈਸ਼ਲ ਰੈਫ਼ਰੀ ਵਜੋਂ ਕਰਨਲ ਆਰ.ਪੀ.ਐਸ. ਬਰਾੜ, ਲੈਫ. ਕਰਨਲ ਸੇਵਾ ਮੁਕਤ ਮਨੋਜ ਦੀਵਾਨ ਅਤੇ ਮੇਜਰ ਅਮਿਤ ਸੂਦਨ ਨੇ ਅੰਮਾਇਰ ਵਜੋਂ ਭੂਮਿਕਾ ਨਿਭਾਈ। ਜਦੋਂਕਿ ਕੁਮੈਂਟਰੀ ਕਰਨਲ (ਰਿਟਾ.) ਪੀ.ਐਸ. ਗਰੇਵਾਲ ਨੇ ਬਾਖੂਬੀ ਕੀਤੀ।ਇਸ ਦੌਰਾਨ ਮੇਅਰ ਨਗਰ ਨਿਗਮ ਪਟਿਆਲਾ ਸ੍ਰੀ ਸੰਜੀਵ ਸ਼ਰਮਾ ਬਿੱਟੂ, ਲੈਫ. ਜਨਰਲ ਚੇਤਿੰਦਰ ਸਿੰਘ, ਬ੍ਰਿਗੇਡੀਅਰ ਵਰੁਣ ਸਹਿਗਲ, ਬ੍ਰਿਗੇਡੀਅਰ (ਰਿਟਾ.) ਡੀ.ਐਸ. ਗਰੇਵਾਲ, ਕੈਪਟਨ ਅਮਰਜੀਤ ਸਿੰਘ ਜੇਜੀ, ਮੁੱਖ ਮੰਤਰੀ ਦੇ ਓ.ਐਸ.ਡੀ.. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਜੇਸ਼ ਕੁਮਾਰ, ਸ੍ਰੀ ਬਲਵਿੰਦਰ ਸਿੰਘ ਅੱਤਰੀ, ਆਈ.ਜੀ. ਪਟਿਆਲਾ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਏ.ਡੀ.ਸੀ. (ਡੀ) ਪੂਨਮਦੀਪ ਕੌਰ, ਫ਼ੌਜੀ ਅਧਿਕਾਰੀ ਤੇ ਸੈਨਿਕ, ਪਟਿਆਲਾ ਦੇ ਕੌਂਸਲਰ, ਐਨ.ਸੀ.ਸੀ. ਕੈਡਿਟਸ, ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ, ਯਾਦਵਿੰਦਰ ਪਬਲਿਕ ਸਕੂਲ, ਪੀ.ਪੀ.ਐਸ. ਨਾਭਾ ਆਦਿ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀ ਤੇ ਅਧਿਆਪਕਾਂ ਸਮੇਤ ਵੱਡੀ ਗਿਣਤੀ ਪਟਿਆਲਵੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਇਸ ਮੈਚ ਦਾ ਆਨੰਦ ਮਾਣਿਆ।