• Home
  • 23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ

23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ

ਮਾਨਸਾ, 21 ਮਈ : ਲੋਕ ਸਭਾ ਚੋਣਾਂ—2019 ਜੋ ਕਿ 19 ਮਈ ਨੂੰ ਮੁਕੰਮਲ ਹੋ ਚੁੱਕੀਆਂ ਹਨ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ—ਕਮ—ਜਿ਼ਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਸਮੂਹ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ.ਵੀ.ਐਮਜ਼. ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਤਿੰਨ ਕੇਂਦਰਾਂ ਵਿਚ ਸਟੋਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਨਸਾ ਦਾ ਗਿਣਤੀ ਕੇਂਦਰ ਮਲਟੀਪਰਪਜ਼ ਹਾਲ ਵਿਖੇ, ਬੁਢਲਾਡਾ ਦਾ ਗਿਣਤੀ ਕੇਂਦਰ ਲਾਇਬ੍ਰੇਰੀ ਵਿਚ ਅਤੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦਾ ਗਿਣਤੀ ਕੇਂਦਰ ਸਪੋਰਟਸ ਬਿਲਡਿੰਗ ਵਿਚ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਹਰ ਕੇਂਦਰ ਵਿਚ 42 ਕਾਊਂਟਿੰਗ ਸਟਾਫ਼ ਲਗਾਏ ਗਏ ਹਨ, ਇਸ ਤੋਂ ਇਲਾਵਾ 135 ਟੇਬਲ ਸਟਾਫ਼ ਅਤੇ 20 ਪ੍ਰਤੀਸ਼ਤ ਰਿ਼ਜਰਵ ਸਟਾਫ਼ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਚੋਣ ਨਤੀਜਿਆਂ ਨੂੰ ਵੇਖਣ ਲਈ ਲੋਕਾਂ ਦੀ ਸੁਵਿਧਾ ਵਾਸਤੇ ਸ਼ਹਿਰ ਦੇ ਗੁਰਦੁਆਰਾ ਚੌਂਕ ਵਿਚ ਇਕ ਸਕਰੀਨ ਵੀ ਲਗਾਈ ਜਾਵੇਗੀ ਜਿੱਥੇ ਆਮ ਲੋਕ ਚੋਣ ਨਤੀਜਿਆਂ ਨੂੰ ਵੇਖ ਸਕਣਗੇ।
ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲੇ ਦੀ ਐਂਟਰੀ ਨਹਿਰੂ ਮੈਮੋਰੀਅਲ ਕਾਲਜ ਦੇ ਮੁੱਖ ਗੇਟ ਰਾਹੀਂ ਅਤੇ ਬਾਕੀ ਐਂਟਰੀ ਪਿਛਲੇ ਗੇਟ ਰਾਹੀਂ ਹੀ ਹੋਵੇਗੀ।ਉਨ੍ਹਾਂ ਦੱਸਿਆ ਕਿ ਚੋਣ ਅਮਲੇ ਦਾ ਸਟੇਸ਼ਨਰੀ ਅਤੇ ਹੋਰ ਲੋੜੀਂਦੇ ਸਮਾਨ ਦੇ ਸੈੱਟ ਬਣਾ ਕੇ ਰੱਖੇ ਜਾ ਚੁੱਕੇ ਹਨ।ਕਿਸੇ ਵੀ ਤਰਾਂ ਦਾ ਖਾਣਪੀਣ ਦਾ ਸਮਾਨ ਕਾਊਂਟਿੰਗ ਸੈਂਟਰ ਦੇ ਅੰਦਰ ਨਹੀਂ ਲਿਜਾਇਆ ਜਾਵੇਗਾ।ੳਨ੍ਹਾਂ ਕਿਹਾ ਕਿ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਤੇ ਕਰਮਚਾਰੀ ਆਪਣੇ ਐਂਟਰੀ ਪਾਸ ਨਾਲ ਲੈ ਕੇ ਆਉਣ।
ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਤਿੰਨ ਪੱਧਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਜਿਸ ਵਿਚ ਸੀ.ਆਰ.ਪੀ.ਐਫ. ਪੰਜਾਬ ਪੁਲਿਸ ਅਤੇ 70 ਪੀ.ਏ.ਪੀ. ਦੇ ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ 24 ਘੰਟੇ ਸਖ਼ਤ ਸੁਰੱਖਿਆ ਅਤੇ ਸੀ.ਸੀ.ਟੀ.ਵੀ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਕਿਹਾ ਕਿ ਕਾਊਂਟਿੰਗ ਏਜੰਟ, ਸਿਆਸੀ ਏਜੰਟ ਅਤੇ ਪੁਲਿਸ ਸਟਾਫ਼ ਲਈ ਅਲੱਗ—ਅਲੱਗ ਐਂਟਰੀ ਦਾ ਪ੍ਰਬੰਧ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਗਿਣਤੀ ਕੇਂਦਰ ਅੰਦਰ ਕਿਸੇ ਨੂੰ ਵੀ ਮੋਬਾਇਲ ਫੋਨ ਲਿਆਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਬਿਨਾ ਤਲਾਸ਼ੀ ਕੋਈ ਵੀ ਅੰਦਰ ਨਹੀਂ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿ਼ਕਾਇਤ ਨੰਬਰ 1950 ਲਗਾਤਾਰ ਚਾਲੂ ਰਹੇਗਾ।
ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਸਮੂਹ ਅਧਿਕਾਰੀਆਂ ਸਮੇਤ ਕਾਊਂਟਿੰਗ ਸੈਂਟਰ ਦਾ ਦੌਰਾ ਕੀਤਾ ਅਤੇ ਸਟਰਾਂਗ ਰੂਮ ਵਿਚ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਢਚਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਡੀ.ਐਸ.ਪੀ. ਸਰਦੂਲਗੜ੍ਹ ਸ੍ਰੀ ਸੰਜੀਵ ਗੋਇਲ, ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸਿ਼ਸ਼ਟ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਮਾਨ, ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ, ਜਿ਼ਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ, ਐਸ.ਐਚ.ਓ. ਥਾਣਾ ਸਿਟੀ—2 ਸਰਬਜੀਤ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।