• Home
  • ਪੰਜਾਬ ਦੇ ਖੇਡ ਮੰਤਰੀ ਨੇ ਦਸੀਆਂ ‘ਖੇਡ ਨੀਤੀ’ ਦੀਆਂ ਬਾਰੀਕੀਆਂ

ਪੰਜਾਬ ਦੇ ਖੇਡ ਮੰਤਰੀ ਨੇ ਦਸੀਆਂ ‘ਖੇਡ ਨੀਤੀ’ ਦੀਆਂ ਬਾਰੀਕੀਆਂ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪ੍ਰੈੈਸ ਕਾਨਫਰੰਸ ਦੌਰਾਨ ਬੀਤੇ ਕਲ ਪਾਸ ਕੀਤੀ ਗਈ ਖੇਡ ਨੀਤੀ ਦੀਆਂ ਬਾਰੀਕੀਆਂ ਨੂੰ ਸਾਹਮਣੇ ਰੱਖਿਆ। ਉਨਾਂ ਦਸਿਆ ਕਿ ਪੈਰਾ ਉਲੰਪਿਕ ਨੂੰ ਵੀ ਪਹਿਲੀ ਵਾਰ ਇਨਾਮਾਂ ਵਾਲੀ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ ਹੈ। ਇਨਾਂ ਖਿਡਾਰੀਆਂ ਨੂੰ ਵੀ ਨਕਦ ਇਨਾਮ ਮਿਲਿਆ ਕਰਨਗੇ।
ਸੋਢੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਜਿਹੜੇ ਪਿਛਲੇ 6 ਸਾਲਾਂ ਤੋਂ ਰੁਕੇ ਹੋਏ ਸਨ, ਨਵੰਬਰ 'ਚ ਦਿੱਤੇ ਜਾਣਗੇ ਤੇ ਇਨਾਂ 'ਚ 5 ਲੱਖ ਰੁਪਏ ਦਾ ਨਕਦ ਇਨਾਮ ਤੇ ਐਵਾਰਡ ਦਿੱਤਾ ਜਾਵੇਗਾ। ਉਨਾਂ ਨਾਲ ਹੀ ਇਹ ਵੀ ਕਿਹਾ ਕਿ ਅਗਲੇ ਸਾਲਾਂ ਤੋਂ ਇਸ ਐਵਾਰਡ ਲਈ 15 ਦੀ ਬਜਾਇ 20 ਖਿਡਾਰੀਆਂ ਦੀ ਚੋਣ ਹੋਇਆ ਕਰੇਗੀ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਸਕਾਲਰਸ਼ਿਪ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ ਜਿਸ ਵਿਚ ਖਿਡਾਰੀਆਂ ਨੂੰ 25000 ਰੁਪਏ ਦੀ ਸ਼ਕਾਲਰਸ਼ਿਪ ਦਿੱਤੀ ਜਾਇਆ ਕਰੇਗੀ।
ਖੇਡ ਮੰਤਰੀ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ 'ਤੇ ਖੇਡ ਮੈਦਾਨ ਬਣਾਏ ਜਾਣਗੇ ਤੇ ਇਨਾਂ ਮੈਦਾਨਾਂ 'ਚ ਸਾਰੇ ਤਰਾਂ ਦੇ ਖਿਡਾਰੀ ਪ੍ਰੈਕਟਿਸ ਕਰ ਸਕਿਆ ਕਰਨਗੇ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਸਕੂਲਾਂ 'ਚ ਖੇਡਾਂ ਸਬੰਧੀ ਇਕ ਘੰਟੇ ਦੀ ਕਲਾਸ ਲੱਗਿਆ ਕਰੇਗੀ।
ਖੇਡ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਕੋਸ਼ਿਸ਼ ਇਹੀ ਰਹੇਗੀ ਕਿ ਉਹ ਸਾਰੇ ਖਿਡਾਰੀਆਂ ਨੂੰ ਨੌਕਰੀ ਦੇਵੇ ਅਗਰ ਕਿਸੇ ਖਿਡਾਰੀ ਨੂੰ ਨੌਕਰੀ ਨਾ ਮਿਲੀ ਤਾਂ ਉਸ ਨੂੰ 25000 ਰੁਪਏ ਮਹੀਨਾਵਾਰ ਤੇ ਹੋਰ ਭੱਤੇ ਮਿਲਣਗੇ।