• Home
  • ਅਣਛਪੇ ਪ੍ਰਸ਼ਨ ਬਦਲੇ ਦਿੱਤੇ ਜਾਣਗੇ ਗ੍ਰੇਸ ਅੰਕ -ਸਿੱਖਿਆ ਬੋਰਡ ਚੇਅਰਮੈਨ ਨੇ ਦਿੱਤੀ 4 ਅੰਕਾਂ ਦੀ ਮਨਜ਼ੂਰੀ

ਅਣਛਪੇ ਪ੍ਰਸ਼ਨ ਬਦਲੇ ਦਿੱਤੇ ਜਾਣਗੇ ਗ੍ਰੇਸ ਅੰਕ -ਸਿੱਖਿਆ ਬੋਰਡ ਚੇਅਰਮੈਨ ਨੇ ਦਿੱਤੀ 4 ਅੰਕਾਂ ਦੀ ਮਨਜ਼ੂਰੀ

ਐੱਸ.ਏ.ਐੱਸ ਨਗਰ, 23 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ ਵਿੱਚ, ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ ਫ਼ੈਸਲਾ ਕੀਤਾ ਹੈ| ਇਹ ਅੰਕ ਸੈੱਟ-ਸੀ ਵਿੱਚ ਅੰਗਰੇਜ਼ੀ ਮਾਧਿਅਮ ਦੇ ਭਾਗ ਵਿੱਚ ਪ੍ਰਸ਼ਨ ਨੰਬਰ 22 ਨਾ ਛਪੇ ਹੋਣ ਕਾਰਨ ਖੜੀ ਹੋਈ ਔਕੜ ਦੇ ਹੱਲ ਵਜੋਂ ਦਿੱਤੇ ਜਾਣੇ ਹਨ|
ਵੇਰਵਿਆਂ ਅਨੁਸਾਰ 22 ਮਾਰਚ ਨੂੰ ਸਵੇਰ ਦੇ ਸੈਸ਼ਨ ਵਿੱਚ ਮੈਟ੍ਰਿਕ ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਦੌਰਾਨ ਜਦੋਂ ਸੂਬੇ ਭਰ ਵਿੱਚ ਪ੍ਰਸ਼ਨ ਪੱਤਰਾਂ ਦੀ ਵੰੰਡ ਹੋਈ ਤਾਂ ਸੈੱਟ-ਸੀ ਦੇ ਪ੍ਰਸ਼ਨ ਪੱਤਰਾਂ ਵਿੱਚ ਪੰਜਾਬੀ ਤੇ ਹਿੰਦੀ ਮਾਧਿਅਮ ਤਾਂ ਸਹੀ ਸਨ ਪਰ ਅੰਗਰੇਜ਼ੀ ਮਾਧਿਅਮ ਦੇ ਭਾਗ ਵਿੱਚ ਪ੍ਰਸ਼ਨ ਨੰਬਰ 22 ਨਾ ਛਪਿਆ ਹੋਣ ਕਾਰਨ ਪ੍ਰੀਖਿਆਰਥੀਆਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ| ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ, ਆਈ.ਏ.ਐੱਸ (ਰਿਟਾ:) ਜੋ ਕਿ ਫ਼ਾਜ਼ਿਲਕਾ, ਬਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਇਲਾਕੇ ਵਿੱਚ ਦੌਰੇ 'ਤੇ ਸਨ, ਨੇ ਬਾਅਦ-ਦੁਪਹਿਰ ਮੁੱਖ ਦਫ਼ਤਰ ਵਿੱਚ ਪ੍ਰੀਖਿਆ ਸ਼ਾਖਾ ਤੇ ਅਕਾਦਮਿਕ ਸ਼ਾਖਾ ਦੇ ਅਧਿਕਾਰੀਆਂ ਨਾਲ ਹੰਗਾਮੀ ਬੈਠਕ ਕਰ ਕੇ ਵਿਦਿਆਰਥੀਆਂ ਨੂੰ ਪੇਸ਼ ਆਈ ਪ੍ਰੇਸ਼ਾਨੀ ਦਾ ਹੱਲ ਕੱਢਣ ਦੀ ਹਦਾਇਤ ਕੀਤੀ ਜਿਸਦੇ ਜਵਾਬ ਵਜੋਂ ਪ੍ਰਸ਼ਨ ਪੱਤਰਾਂ ਦੇ ਸਾਰੇ ਸੈੱਟਾਂ ਦੀ ਸਮੀਖਿਆ ਉਪਰੰਤ ਇੱਕ ਸੈੱਟ ਦਾ ਹੱਲ ਮਾਧਿਅਮ ਵਿੱਚ ਕਰਨ ਵਾਲੇ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦੇਣ ਦਾ ਫ਼ੈਸਲਾ ਕਰ ਲਿਆ ਗਿਆ| 
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੋਰਡ ਦੇ ਚੇਅਰਮੈਨ ਵੱਲੋਂ ਧੁਰ ਮਾਲਵੇ  ਦੇ ਜ਼ਿਲ੍ਹਿਆਂ ਵਿੱਚ ਪ੍ਰੀਖਿਆ ਕੇਂਦਰਾਂ ਤੇ ਮਾਰਕਿੰਗ ਕੇਂਦਰਾਂ ਦਾ ਦੌਰਾ ਕੀਤਾ ਗਿਆ ਜਦੋਂ ਕਿ ਬੋਰਡ ਦੇ ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਨੇਂ ਰਾਜਪੁਰਾ ਇਲਾਕੇ ਦੇ ਪ੍ਰੀਖਿਆ ਕੇਂਦਰਾਂ  ਅਤੇ ਮਾਰਕਿੰਗ ਕੇਂਦਰਾਂ ਦਾ ਦੌਰਾ ਕੀਤਾ| ਬੋਰਡ ਦੇ ਅਧਿਕਾਰੀ ਹੁਣ ਆਪਣਾ ਧਿਆਨ ਮਾਰਕਿੰਗ ਕੇਂਦਰਾਂ ਵੱਲ ਵੀ ਕੇਂਦਰਤ ਕਰ ਰਹੇ ਹਨ ਤਾਂ ਜੋ ਜਾਰੀ ਪ੍ਰੀਖਿਆਵਾਂ ਦਾ ਨਤੀਜਾ ਵੀ ਛੇਤੀ ਤੋਂ ਛੇਤੀ ਐਲਾਨਿਆਂ ਜਾ ਸਕੇ|