• Home
  • ਵਿਚੋਲਿਆਂ ਨੂੰ ਪਾਸੇ ਕਰ ਕੇ ਦੁੱਧ ਦੀ ਸਿੱਧੀ ਸਪਲਾਈ ਕਰੋ : ਸਿੱਧੂ

ਵਿਚੋਲਿਆਂ ਨੂੰ ਪਾਸੇ ਕਰ ਕੇ ਦੁੱਧ ਦੀ ਸਿੱਧੀ ਸਪਲਾਈ ਕਰੋ : ਸਿੱਧੂ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਦੁੱਧ ਉਤਪਾਦਕਾਂ ਨੂੰ ਸਮੇਂ ਦੇ ਹਾਣ ਦਾ ਬਣਨਾ ਪਵੇਗਾ ਅਤੇ ਦੁੱਧ ਸਿੱਧਾ ਹੀ ਖਪਤਕਾਰਾਂ ਨੂੰ ਵੇਚਣਾ ਚਾਹੀਦਾ ਹੈ। ਸਰਕਾਰ ਵੱਲੋਂ ਦੁੱਧ ਉਦਪਾਦਕਾਂ ਨੂੰ ਇਸ ਕਾਰਜ ਲਈ ਉਤਸ਼ਾਹਿਤ ਕਰਨ ਲਈ ਲੋੜੀਂਦੇ ਸਾਜੋ ਸਮਾਨ ਦੀ ਖ਼ਰੀਦ ਲਈ 4 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਦ ਹੈ।

 ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸ਼ਹਿਰਾਂ ਨੇੜੇ ਸਥਾਪਿਤ ਡੇਅਰੀ ਫਾਰਮਰਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਆਪਣਾ ਦੁੱਧ ਨਜ਼ਦੀਕੀ ਸ਼ਹਿਰ ਵਿੱਚ ਖਪਤਕਾਰਾਂ ਨੂੰ ਸਿੱਧੇ ਤੌਰ 'ਤੇ ਵੇਚਣ।। ਉਨਾਂ ਦੱਸਿਆ ਕਿ ਉਤਪਾਦਕ, ਖ਼ਪਤਕਾਰਾਂ ਨੂੰ ਸਿੱਧਾ ਦੁੱਧ ਵੇਚ ਕੇ 10-12 ਰੁਪਏ ਪ੍ਰਤੀ ਲੀਟਰ ਵੱਧ ਕਮਾ ਸਕਦੇ ਹਨ ਅਤੇ ਦੂਜੇ ਪਾਸੇ ਖ਼ਪਤਕਾਰ ਨੂੰ ਸ਼ੁੱਧ ਅਤੇ ਤਸੱਲੀਬਖ਼ਸ਼ ਦੁੱਧ ਪ੍ਰਾਪਤ ਹੋ ਸਕੇਗਾ।

ਸ. ਇੰਦਰਜੀਤ ਸਿੰਘ, ਡਾਇਰੈਕਟਰ, ਡੇਅਰੀ ਵਿਕਾਸ ਨੇ ਦੱਸਿਆ ਕਿ ਦੁੱਧ ਦੇ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਦੇ ਪ੍ਰੋਗਰਾਮ ਅਧੀਨ ਇਸ ਕਾਰਜ ਲਈ ਲੋੜੀਂਦੇ ਸਾਜੋ ਸਮਾਨ ਦੀ ਖਰੀਦ 'ਤੇ 4 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਸਾਜੋ ਸਮਾਨ ਵਿੱਚ ਪਿੰਡ ਪੱਧਰ 'ਤੇ ਦੁੱਧ ਠੰਡਾ ਕਰਨ ਲਈ ਇੱਕ 500 ਲੀਟਰ ਸਮਰੱਥਾ ਵਾਲਾ ਬਲਕ ਮਿਲਕ ਕੂਲਰ, ਸਟੇਨਲੈੱਸ ਸਟੀਲ 304 ਦੀ ਡਬਲ ਜੈਕਟਿਡ 500 ਲੀਟਰ ਸਮਰੱਥਾ ਵਾਲੀ ਟੈਂਕੀ, ਆਟੋਮੈਟਿਕ ਦੁੱਧ ਡਿਸਪੈਂਸਿੰਗ ਯੂਨਿਟ ਅਤੇ ਦੁੱਧ ਦੀ ਟੈਂਕੀ ਯੋਗ ਇੱਕ ਛੋਟੀ ਗੱਡੀ ਸ਼ਾਮਲ ਹਨ।। ਉਨਾਂ ਦੱਸਿਆ ਕਿ ਇਨਾਂ ਦੀ ਕੀਮਤ ਲਗਭੱਗ 9 ਲੱਖ ਰੁਪਏ ਬਣਦੀ ਹੈ, ਜਿਸ ਵਿੱਚੋਂ 4 ਲੱਖ ਰੁਪਏ ਬੈਕ ਐਡਿਡ ਸਬਸਿਡੀ ਦਿੱਤੀ ਜਾਂਦੀ ਹੈ।