• Home
  • ਅੰਨ੍ਹੇ ਕਤਲ ਦੀ ਗੁੱਥੀ ਸੁਲਝੀ-ਪ੍ਰੇਮ ਸੰਬੰਧਾਂ ਚ ਰੋੜਾ ਬਣਿਆ ਸੀ-ਦੋ ਗ੍ਰਿਫ਼ਤਾਰ

ਅੰਨ੍ਹੇ ਕਤਲ ਦੀ ਗੁੱਥੀ ਸੁਲਝੀ-ਪ੍ਰੇਮ ਸੰਬੰਧਾਂ ਚ ਰੋੜਾ ਬਣਿਆ ਸੀ-ਦੋ ਗ੍ਰਿਫ਼ਤਾਰ

ਐਸ.ਏ.ਐਸ. ਨਗਰ, :ਥਾਣਾ ਲਾਲੜੂ ਅਧੀਨ ਪੈਂਦੇ ਪਿੰਡ ਤੋਫਾਂਪੁਰ ਨੇੜੇ ਅਣਪਛਾਤੀ ਲਾਸ਼ ਮਿਲਣ ਦੇ ਮਾਮਲੇ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਪੁਲੀਸ ਨੇ ਹੱਲ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 11 ਅਪ੍ਰੈਲ 2019 ਨੂੰ ਪਿੰਡ ਤੋਫਾਂਪੁਰ ਨੇੜੇ ਖੇਤਾਂ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਨਹੀਂ ਹੋਈ ਸੀ। ਇਸ ਸਬੰਧੀ ਥਾਣਾ ਲਾਲੜੂ ਵਿੱਚ ਹਰਦੇਵ ਸਿੰਘ ਵਾਸੀ ਵਾਰਡ ਨੰਬਰ 15 ਲਾਲੜੂ ਦੇ ਬਿਆਨ ਉਤੇ ਭਾਰਤੀ ਦੰਡਾਵਲੀ ਦੀ ਧਾਰਾ 302 ਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਨ ਲਈ ਕਪਤਾਨ ਪੁਲਿਸ (ਜਾਂਚ) ਮੁਹਾਲੀ ਸ੍ਰੀ ਵਰੁਣ ਸ਼ਰਮਾ, ਡੀ.ਐਸ.ਪੀ. ਸਰਕਲ ਡੇਰਾਬਸੀ ਸ੍ਰੀ ਸਿਮਰਨਜੀਤ ਸਿੰਘ, ਡੀ.ਐਸ.ਪੀ.(ਡੀ) ਮੁਹਾਲੀ ਸ੍ਰੀ ਗੁਰਦੇਵ ਸਿੰਘ ਧਾਲੀਵਾਲ, ਇੰਚਾਰਜ ਸੀ.ਆਈ.ਏ. ਸਟਾਫ ਮੁਹਾਲੀ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਮੁੱਖ ਅਫਸਰ ਥਾਣਾ ਲਾਲੜੂ ਇੰਸਪੈਕਟਰ ਗੁਰਚਰਨ ਸਿੰਘ ਉਤੇ ਆਧਾਰਤ ਟੀਮ ਕਾਇਮ ਕੀਤੀ ਗਈ ਸੀ।

ਸ. ਭੁੱਲਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਲਾਸ਼ ਦੀ ਸ਼ਨਾਖਤ ਅਨਿਲ ਟਾਂਕ ਵਾਸੀ ਮੁੰਬਈ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਅਨਿਲ ਟਾਂਕ ਕਰੀਬ ਇਕ ਮਹੀਨਾ ਪਹਿਲਾਂ ਆਪਣੇ ਸਹੁਰੇ ਪਿੰਡ ਮੌਲੀ ਜਾਗਰਾਂ (ਯੂ.ਟੀ. ਚੰਡੀਗੜ੍ਹ) ਵਿਖੇ ਆਪਣੀ ਪਤਨੀ ਪੂਜਾ ਉਰਫ ਪੁਸ਼ਪਾ ਨੂੰ ਲੈਣ ਲਈ ਆਇਆ ਸੀ। ਉਸ ਨੇ ਆਪਣੇ ਮਾਪਿਆਂ ਨੂੰ ਫੋਨ ਉਤੇ ਦੱਸਿਆ ਸੀ ਕਿ ਪੂਜਾ ਮੁੰਬਈ ਆਉਣ ਲਈ ਤਿਆਰ ਨਹੀਂ ਹੈ, ਜੋ ਟਾਲ ਮਟੋਲ ਕਰ ਰਹੀ ਹੈ। ਪੂਜਾ ਦੇ ਇਕ ਸਾਲ ਤੋਂ ਮੁਹੰਮਦ ਸ਼ਾਹਨਵਾਜ ਵਾਸੀ ਧਾਮਪੁਰ ਜ਼ਿਲ੍ਹਾ ਬਿਜਨੌਰ, ਉੱਤਰ ਪ੍ਰਦੇਸ਼, ਹਾਲ ਵਾਸੀ ਮੋਰੀ ਗੇਟ ਮਨੀਮਾਜਰਾ ਨਾਲ ਨਾਜਾਇਜ਼ ਸਬੰਧ ਸਨ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪੂਜਾ ਤੇ ਮੁਹੰਮਦ ਸ਼ਾਹਨਵਾਜ ਨੇ ਆਪਣੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣ ਰਹੇ ਅਨਿਲ ਟਾਂਕ ਨੂੰ ਮਾਰ ਦੇਣ ਦੀ ਸਾਜ਼ਿਸ਼ ਘੜੀ, ਜਿਸ ਤਹਿਤ ਸ਼ਾਹਨਵਾਜ ਨੇ ਅਨਿਲ ਨੂੰ ਕਿਹਾ ਕਿ ਆਪਾ ਸੋਨੀਪਤ ਵਿਖੇ ਉਸ ਦੇ ਦੋਸਤ ਪਾਸੋਂ ਪੈਸੇ ਲੈ ਕੇ ਆਉਣੇ ਹਨ। ਇਸ ਸਕੀਮ ਤਹਿਤ 10 ਅਪ੍ਰੈਲ ਨੂੰ ਰਾਤ ਕਰੀਬ 12.30 ਵਜੇ ਅਨਿਲ, ਪੁੂਜਾ ਅਤੇ ਮੁਹੰਮਦ ਸ਼ਾਹਨਵਾਜ ਤਿੰਨੇ ਜਣੇ ਸ਼ਾਹਨਵਾਜ ਦੇ ਮੋਟਰ ਸਾਈਕਲ (ਐਚ.ਆਰ.-03ਟੀ-1507) ਉਤੇ ਅੰਬਾਲਾ ਵੱਲ ਨੂੰ ਰਵਾਨਾ ਹੋਏ ਅਤੇ ਰਸਤੇ ਵਿੱਚ ਪਿੰਡ ਤੋਫਾਂਪੁਰ ਨੇੜੇ ਜਾ ਕੇ ਉਨ੍ਹਾਂ ਅਨਿਲ ਨੂੰ ਕਿਹਾ ਕਿ ਇੱਥੇ ਦਰਗਾਹ ਉਤੇ ਮੱਥਾ ਟੇਕ ਕੇ ਅੱਗੇ ਜਾਵਾਂਗੇ। ਉਨ੍ਹਾਂ ਬਹਾਨੇ ਨਾਲ ਦਰਗਾਹ ਨੇੜੇ ਖੇਤਾਂ ਵਿੱਚ ਜਾ ਕੇ ਅਨਿਲ ਦੇ ਸਿਰ ਵਿੱਚ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਪਛਾਣ ਛੁਪਾਉਣ ਲਈ ਉਸ ਦਾ ਸ਼ਨਾਖਤੀ ਕਾਰਡ ਅਤੇ ਆਧਾਰ ਕਾਰਡ ਆਦਿ ਲੈ ਕੇ ਫਰਾਰ ਹੋ ਗਏ।

ਸ. ਭੁੱਲਰ ਨੇ ਅੱਗੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਨਾ ਜ਼ਿਲ੍ਹਾ ਪੁਲਿਸ ਲਈ ਚੁਣੌਤੀ ਭਰਿਆ ਕੰਮ ਸੀ। ਵਿਸ਼ੇਸ਼ ਜਾਂਚ ਟੀਮ ਨੇ ਦਿਨ-ਰਾਤ ਮਿਹਨਤ ਕਰ ਕੇ ਪਹਿਲਾਂ ਲਾਸ਼ ਦੀ ਸ਼ਨਾਖਤ ਕੀਤੀ ਅਤੇ ਫਿਰ ਦੋਵਾਂ ਮੁਲਜ਼ਮਾਂ ਤੱਕ ਪੁੱਜਣ ਵਿੱਚ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।