• Home
  • ਸੀ.ਪੀ.ਆਈ (ਐਮ) ਦੇ ਸਾਬਕਾ ਸੂਬਾ ਸਕੱਤਰ ਪ੍ਰੋਫੈਸਰ ਬਲਵੰਤ ਸਿੰਘ ਚਲਾਣਾ ਕਰ ਗਏ

ਸੀ.ਪੀ.ਆਈ (ਐਮ) ਦੇ ਸਾਬਕਾ ਸੂਬਾ ਸਕੱਤਰ ਪ੍ਰੋਫੈਸਰ ਬਲਵੰਤ ਸਿੰਘ ਚਲਾਣਾ ਕਰ ਗਏ

ਚੰਡੀਗੜ੍ਹ 21 ਮਾਰਚ
ਉਘੇ ਟਰੇਡ ਯੂਨੀਅਨ ਆਗੂ ਪ੍ਰੋਫੈਸਰ ਬਲਵੰਤ ਸਿੰਘ ਅੱਜ ਤੜਕਸਾਰ ਚੰਡੀਗੜ੍ਹ ਵਿੱਚ ਆਪਣੇ ਘਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਹਨ। ਕਰੀਬ 82 ਸਾਲ ਨੂੰ ਢੁੱਕੇ ਬਲਵੰਤ ਸਿੰਘ ਦਾ ਜਨਮ ਪਟਿਆਲਾ ਜਿਲ੍ਹੇ ਦੇ ਪਿੰਡ ਹਾਸ਼ਮਪੁਰ ਪਿੰਡ ਵਿੱਚ ਹੋਇਆ ਸੀ। 1998 ਤੋਂ 2008 ਤੱਕ ਕਰੀਬ ਇੱਕ ਦਹਾਕਾ ਉਹ ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਰਹੇ। 1980 ਵਿੱਚ ਕਾਂਗਰਸ ਪਾਰਟੀ ਦੇ ਬ੍ਰਿਜ ਲਾਲ ਨੂੰ ਹਰਾ ਕੇ ਉਹ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਟਰੇਡ ਯੂਨੀਅਨ ਦਾ ਆਗੂ ਹੁੰਦਿਆਂ ਉਨ੍ਹਾਂ ਦੇਸ਼ ਦੇ ਵੱਡਿਆ ਘਰਾਣਿਆਂ ਦੇ ਸਨਅਤੀ ਅਦਾਰਿਆਂ ਵਿੱਚ ਤਿੱਖਾ ਸੰਘਰਸ਼ ਲੜਿਆ ਸੀ ਅਤੇ 80ਵਿਆਂ ਵਿੱਚ ਪ੍ਰੋਫੈਸਰ ਬਲਵੰਤ ਸਿੰਘ ਨੂੰ ਰਾਜਪੁਰਾ ਦਾ ਸਟਾਲਿਨ ਵੀ ਕਿਹਾ ਜਾਂਦਾ ਸੀ। ਉਹ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਚਹੇਤਿਆਂ ਵਿੱਚ ਸ਼ੁਮਾਰ ਸਨ ਅਤੇ ਮੰਗਤ ਰਾਮ ਪਾਸਲਾ ਤੋਂ ਬਾਅਦ 1998 ਵਿੱਚ ਸੀ.ਪੀ.ਐਮ ਸਕੱਤਰ ਬਣੇ ਸਨ। ਬਲਵੰਤ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 2008 ਵਿੱਚ ਲਾਂਭੇ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਆਹਤ ਹੋਣ ਉਪਰੰਤ ਉਨ੍ਹਾਂ ਸੀ.ਪੀ.ਆਈ (ਐਮ) ਦੇ ਤੱਤਕਾਲੀ ਸਕੱਤਰ ਚਰਨ ਸਿੰਘ ਵਿਰਦੀ ਨੂੰ ਨਿਸ਼ਾਨਾ ਬਣਾਕੇ ਇੱਕ ਕਿਤਾਬ “ਅੱਣਮੁੱਕੀ ਵਾਟ” ਵੀ ਲਿੱਖੀ ਸੀ। ਕੁਝ ਸਮਾਂ ਉਨ੍ਹਾਂ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ, ਪਰ ਅੱਜ ਕੱਲ੍ਹ ਉਹ ਮੁੱੜ ਸੀ.ਪੀ.ਆਈ (ਐਮ) ਵਿੱਚ ਸ਼ਾਮਲ ਹੋਣ ਲਈ ਯਤਨਸ਼ੀਲ ਸਨ ਅਤੇ ਇਸ ਲਈ ਉਨ੍ਹਾਂ ਪਾਰਟੀ ਨੂੰ ਉਸ ਦੇ ਨਿਸ਼ਕਾਸ਼ਿਤ ਬਾਰੇ ਮੁੱੜ ਵਿਚਾਰ ਕਰਨ ਲਈ ਲਿਖਿਆ ਸੀ।