• Home
  • ਪਹਿਲਾਂ ਮਾਰਦਾ ਸੀ ਡਾਕੇ .! ਕਿੱਲੋ ਅਫ਼ੀਮ ਅਤੇ ਭੁੱਕੀ ਸਮੇਤ ਦੋ ਤਸਕਰ ਕਾਬੂ

ਪਹਿਲਾਂ ਮਾਰਦਾ ਸੀ ਡਾਕੇ .! ਕਿੱਲੋ ਅਫ਼ੀਮ ਅਤੇ ਭੁੱਕੀ ਸਮੇਤ ਦੋ ਤਸਕਰ ਕਾਬੂ

ਲੁਧਿਆਣਾ / ਗਿੱਲ
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਆਪਣੇ ਹੋਰ ਸਾਥੀਆਂ ਸਮੇਤ ਕਥਿਤ ਡਾਕੇ ਮਾਰਨ ਵਾਲਾ ਨਿਰਮਲ ਸਿੰਘ ਨਿੰਮ੍ਹਾ ਜੋ ਪਿਛਲੇ ਇੱਕ ਦਹਾਕੇ ਤੋਂ ਭਗੌੜਾ ਸੀ, ਅੱਜ ਲੁਧਿਆਣਾ ਦਿਹਾਤੀ ਪੁਲਿਸ ਦੇ ਥਾਣਾ ਸੁਧਾਰ ਦੀ ਪੁਲਿਸ ਨੇ ਆਪਣੇ ਇੱਕ ਹੋਰ ਸਾਥੀ ਹਰਵਿੰਦਰ ਸਿੰਘ ਹਰਿੰਦੀ ਸਮੇਤ ਅਫ਼ੀਮ ਅਤੇ ਭੁੱਕੀ ਸਮੇਤ ਕਾਬੂ ਕਰ ਲਿਆ ਹੈ। ਪਾਰਲੀਮਾਨੀ ਚੋਣਾਂ ਦੇ ਮੱਦੇਨਜ਼ਰ ਵਧੇਰੇ ਚੌਕਸ ਹੋਈ ਪੁਲਿਸ ਨੇ ਬੀਤੀ ਦੇਰ ਸ਼ਾਮ ਇਹ ਕਾਮਯਾਬੀ ਉਸ ਸਮੇਂ ਹਾਸਲ ਕੀਤੀ, ਜਦੋਂ ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਸੁਧਾਰ ਹਸਪਤਾਲ ਲਾਗੇ ਨਾਕੇਬੰਦੀ 'ਤੇ ਖੜ੍ਹੇ ਥਾਣੇਦਾਰ ਸੁਖਵਿੰਦਰ ਸਿੰਘ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਤਾਂ ਉਨ੍ਹਾਂ ਫ਼ੌਰੀ ਕਾਰਵਾਈ ਕਰਦਿਆਂ ਮਾਮਲਾ ਉੱਚ ਅਫ਼ਸਰਾਂ ਦੇ ਧਿਆਨ 'ਚ ਲਿਆਂਦਾ ਅਤੇ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਅਜਾਇਬ ਸਿੰਘ ਨੇ ਹਲਵਾਰੇ ਲਾਗੇ ਸੇਮ ਦੇ ਪੁਲ 'ਤੇ ਵਿਸ਼ੇਸ਼ ਨਾਕੇਬੰਦੀ ਕਰ ਕੇ ਪੱਖੋਵਾਲ ਵੱਲੋਂ ਆ ਰਹੇ ਰਾਈਸ ਪਾਲਿਸ਼ ਨਾਲ ਭਰੇ ਟਰੱਕ ਨੰਬਰ ਪੀਬੀ 11 ਏਪੀ 5777 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਨਿਰਮਲ ਸਿੰਘ ਨਿੰਮ੍ਹਾ ਪੁੱਤਰ ਮੇਜਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ (ਨੇੜੇ ਗਿੱਲ ਨਹਿਰ ਪੁਲ) ਲੁਧਿਆਣਾ ਕੋਲੋਂ ਅੱਧਾ ਕਿੱਲੋ ਅਤੇ ਉਸ ਦੇ ਸਾਥੀ ਹਰਵਿੰਦਰ ਸਿੰਘ ਉਰਫ਼ ਹਰਿੰਦੀ ਪੁੱਤਰ ਸਾਉਣ ਸਿੰਘ ਵਾਸੀ ਬੱਠੇ ਭੈਣੀ ਥਾਣਾ ਚੂਸਲੇਵਾਲ ਜ਼ਿਲ੍ਹਾ ਤਰਨ ਤਾਰਨ ਕੋਲੋਂ ਅੱਧਾ ਕਿੱਲੋ ਅਫ਼ੀਮ ਬਰਾਮਦ ਕਰ ਲਈ। ਰਾਈਸ ਪਾਲਿਸ਼ ਨਾਲ ਭਰੇ ਟਰੱਕ ਦੀ ਤਲਾਸ਼ੀ ਦੌਰਾਨ ਢਾਈ ਕਿੱਲੋ ਭੁੱਕੀ ਵੀ ਪੁਲਿਸ ਦੇ ਹੱਥ ਲੱਗ ਗਈ।
ਡੀ.ਐਸ.ਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਦੋਵੇਂ ਤਸਕਰਾਂ ਵਿਰੁੱਧ ਥਾਣਾ ਸੁਧਾਰ ਵਿਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਕਾਨੂੰਨ ਦੀ ਧਾਰਾ 15, 18, 25, 61 ਅਤੇ 85 ਅਧੀਨ ਮੁਕੱਦਮਾ ਦਰਜ ਕਰ ਕੇ ਦੋਵੇਂ ਤਸਕਰਾਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਗੱਡੀ ਵੀ ਪੁਲਿਸ ਨੇ ਕਬਜ਼ੇ ਵਿਚ ਲੈ ਲਈ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨਿਰਮਲ ਸਿੰਘ ਨਿੰਮ੍ਹਾ 2006 ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਡਾਕੇ ਦੀ ਵਾਰਦਾਤ ਵਿਚ ਲੋੜੀਂਦਾ ਸੀ ਅਤੇ ਉਹ ਕਾਫ਼ੀ ਅਰਸੇ ਤੋਂ ਭਗੌੜਾ ਹੋ ਕੇ ਆਪਣੀ ਪਹਿਚਾਣ ਬਦਲ ਕੇ ਲੁਧਿਆਣਾ ਵਿਚ ਰਹਿਣ ਲੱਗ ਪਿਆ ਸੀ। ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਿਤ ਹਰਵਿੰਦਰ ਸਿੰਘ ਹਰਿੰਦੀ ਨਾਲ ਰਲ ਕੇ ਡਰਾਈਵਰੀ ਅਤੇ ਖ਼ਲਾਸੀ ਦਾ ਕੰਮ ਕਰਦਿਆਂ ਨਸ਼ਿਆਂ ਦੀ ਤਸਕਰੀ ਵਿਚ ਵੀ ਹੱਥ ਅਜ਼ਮਾਉਣ ਲੱਗਿਆ ਸੀ। ਕੇਸ ਦੇ ਜਾਂਚ ਅਫ਼ਸਰ ਥਾਣਾ ਮੁਖੀ ਅਜਾਇਬ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।