• Home
  • 13 ਸਟਾਫ਼ ਨਰਸਾਂ ਦੀ ਤਾਇਨਾਤੀ ਦੇ ਬਾਵਜੂਦ ਸ਼ਿਫਟਿੰਗ ਡਿਊਟੀ ਲਈ ਕੇਵਲ 7 ਉਪਲਬਧ

13 ਸਟਾਫ਼ ਨਰਸਾਂ ਦੀ ਤਾਇਨਾਤੀ ਦੇ ਬਾਵਜੂਦ ਸ਼ਿਫਟਿੰਗ ਡਿਊਟੀ ਲਈ ਕੇਵਲ 7 ਉਪਲਬਧ

ਸਮਰਾਲਾ, (ਖ਼ਬਰ ਵਾਲੇ ਬਿਊਰੋ): ਸਥਾਨਕ ਸਿਵਲ ਹਸਪਤਾਲ ਦੇ ਅਧਿਕਾਰੀਆਂ ਦੀ ਨਲਾਇਕੀ ਦਾ ਖਮਿਆਜਾ ਸੰਸਥਾ ਦੀਆਂ ਸਟਾਫ ਨਰਸਾਂ ਨੂੰ ਭੁਗਤਣਾ ਪੈ ਰਿਹਾ ਹੈ।।ਬੇਢੰਗੇ ਪ੍ਰਬੰਧਾਂ ਕਾਰਨ ਸਿਵਲ ਹਸਪਤਾਲ ਸਮਰਾਲਾ ਦੀਆਂ ਬਹੁਤੀਆਂ ਸਟਾਫ ਨਰਸਾਂ ਇਸ ਸਮੇਂ ਕੰਮ ਦੇ ਬੇਲੋੜੇ ਬੋਝ ਕਾਰਨ 'ਡਿਪਰੈਸ਼ਨ' ਦਾ ਸ਼ਿਕਾਰ ਹੋ ਰਹੀਆ ਹਨ, ਜਿਸ ਕਰਕੇ ਸਥਿਤੀ ਵਿਸਫੋਟਕ ਬਣੀ ਹੋਈ ਹੈ।ਪਰ ਅਧਿਕਾਰੀਆਂ ਦੇ ਕੰਨ 'ਤੇ ਜੂੰਅ ਤੱਕ ਨਹੀਂ ਸਰਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੁੱਲ 13 ਸਟਾਫ ਨਰਸਾਂ ਦੀ ਤਾਇਨਾਤੀ ਦੇ ਬਾਵਜੂਦ ਸ਼ਿਫਟਿੰਗ ਡਿਊਟੀ ਲਈ ਕੇਵਲ 7 ਸਟਾਫ ਨਰਸਾਂ ਹੀ ਉਪਲੱਬਧ ਹਨ।।ਸਾਰੇ ਕਾਇਦੇ ਕਾਨੂੰਨ ਸਿੱਕੇ ਟੰਗ ਕੇ 2 ਸਟਾਫ ਨਰਸਾਂ ਦੀ ਤਾਇਨਾਤੀ ਸਟੋਰ ਵਿੱਚ ਕਰ ਦਿੱਤੀ ਗਈ ਹੈ ਜਦਕਿ ਫਾਰਮਾਸਿਸਟ ਪਹਿਲਾਂ ਤੋਂ ਹੀ ਮੌਜੂਦ ਹੈ।ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਟਾਫ ਨਰਸਾਂ ਤੋਂ ਕੈਸ਼ ਕੁਲੈਕਸ਼ਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ, ਜਦਕਿ ਨਰਸਿੰਗ ਮੈਨੂਅਲ ਵਿੱਚ ਅਜਿਹੀ ਕਿਧਰੇ ਵਿਵਸਥਾ ਹੀ ਨਹੀਂ ਹੈ।ਸਟਾਫ ਨਰਸਾਂ ਦੀ 24 ਘੰਟੇ ਸ਼ਿਫਟਿੰਗ ਡਿਊਟੀ ਦੇ ਬਾਵਜੂਦ ਅਨੇਕਾਂ ਵਾਧੂ ਕੰਮ ਸਟਾਫ ਨਰਸਾਂ ਕੋਲੋਂ ਬੰਧੂਆ ਮਜਦੂਰਾਂ ਵਾਂਗ ਕਰਵਾਏ ਜਾ ਰਹੇ ਹਨ।।ਹੋਰ ਤਾਂ ਹੋਰ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕਲਰਕਾਂ ਦੇ ਕੰਮ ਲਈ ਵੀ ਸਟਾਫ ਨਰਸਾਂ ਦੀ ਤਾਇਨਾਤੀ ਕੀਤੀ ਗਈ ਹੈ।।ਕਾਇਦੇ ਅਨੁਸਾਰ ਇਨਡੋਰ ਦਾਖਲੇ ਵਾਲੇ ਮਰੀਜ਼ਾਂ ਦੀਆਂ ਫਾਈਲਾਂ ਦਾ ਚਾਰਜ ਆਮ ਕਰਕੇ ਉਸ ਸਟਾਫ ਨੂੰ ਦਿੱਤਾ ਜਾਂਦਾ ਹੈ, ਜਿਸ ਦੀ ਦਿਨ ਸਮੇਂ ਡਿਊਟੀ ਹੁੰਦੀ ਹੈ, ਕਿਉਂਕਿ ਦਾਖਲ ਮਰੀਜ਼ਾਂ ਦੀ ਫਾਈਲ ਅਨੇਕਾਂ ਅਦਾਲਤੀ ਮਾਮਲਿਆਂ ਵਿੱਚ ਵੀ ਲੋੜੀਂਦੀਆਂ ਹੁੰਦੀਆਂ ਹਨ ਅਤੇ ਅਨੇਕਾਂ ਵਾਰ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਮਹੁੱਈਆ ਕਰਾਉਣ ਲਈ ਦਿਨ ਸਮੇਂ ਇਨਾਂ ਫਾਈਲਾਂ ਦੀ ਅਕਸਰ ਲੋੜ ਪੈਂਦੀ ਹੈ।ਪਰ ਸਿਵਲ ਹਸਪਤਾਲ ਸਮਰਾਲਾ ਦਾ ਬਾਬਾ ਆਦਮ ਹੀ ਨਿਰਾਲਾ ਹੈ। ਇਥੇ ਇਨਾਂ ਫਾਈਲਾਂ ਦਾ ਚਾਰਜ਼ ਵੀ ਆਮ ਕਰਕੇ ਰਾਤ ਦੀ ਡਿਊਟੀ ਕਰਨ ਵਾਲੀਆਂ ਸਟਾਫ ਨਰਸਾਂ ਦੇ ਹਵਾਲੇ ਕੀਤਾ ਹੋਇਆ ਹੈ ਅਤੇ ਲੋੜ ਪੈਣ 'ਤੇ ਉਨਾਂ ਨੂੰ ਦਿਨ ਸਮੇਂ ਵੀ ਬੁਲਾਇਆ ਜਾਂਦਾ ਹੈ।।ਜੇਕਰ ਇਸ ਹਾਲਤ ਵਿੱਚ ਫੌਰੀ ਸੁਧਾਰ ਨਾ ਕੀਤਾ ਗਿਆ ਤਾਂ ਹਾਲਾਤ ਬਦ ਤੋਂ ਬਦਤਰ ਹੋਣ ਵਿੱਚ ਦੇਰ ਨਹੀਂ ਲੱਗਣੀ ਹੈ।ਇਸ ਲਈ ਸਮਾਂ ਰਹਿੰਦੇ ਹੀ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਅਤੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ ਨੂੰ ਤੁਰੰਤ ਤਵੱਜੋਂ ਦੇਣੀ ਚਾਹੀਦੀ ਹੈ।