• Home
  • ਉਲੰਪਿਕ ਦੀ ਤਰਜ਼ ‘ਤੇ ਹੁੰਮਹੁੰਮਾ ਕੇ ਸ਼ੁਰੂ ਹੋਈਆਂ ਕਮਲਜੀਤ ਖੇਡਾਂ-2018

ਉਲੰਪਿਕ ਦੀ ਤਰਜ਼ ‘ਤੇ ਹੁੰਮਹੁੰਮਾ ਕੇ ਸ਼ੁਰੂ ਹੋਈਆਂ ਕਮਲਜੀਤ ਖੇਡਾਂ-2018

ਬਟਾਲਾ : ਸੁਰਜੀਤ ਸਪੋਰਟਸ ਐਸੋਸੀਏਸ਼ਨ ਵਲੋਂ 28ਵੀਆਂ ਕਮਲਜੀਤ ਖੇਡਾਂ-2018 ਜੋ ਕਿ ਕੋਟਲਾ ਸ਼ਾਹੀਆਂ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ 'ਚ ਕਰਵਾਈਆਂ ਜਾ ਰਹੀਆਂ ਹਨ, ਦਾ ਆਗਾਜ਼ ਅੱਜ ਉਲੰਪਿਕ ਦੀ ਤਰਜ਼ 'ਤੇ ਕੀਤਾ ਗਿਆ। ਅੰਤਰ ਰਾਸ਼ਟਰੀ ਕਬੱਡੀ ਖਿਡਾਰਣ ਰਣਦੀਪ ਕੌਰ ਅਤੇ ਜੈਵਲਿੰਗ ਥਰੋ ਦੇ ਅੰਤਰ ਰਾਸ਼ਟਰੀ ਖਿਡਾਰੀ ਅਰਸ਼ਦੀਪ ਸਿੰਘ ਬਰਾੜ ਵਲੋਂ ਐਸੋਸੀਏਸ਼ਨ ਦੀ ਮਰਿਆਦਾ ਅਨੁਸਾਰ ਬਟਾਲਾ 'ਚ ਲੱਗੇ ਭਾਰਤੀ ਹਾਕੀ ਸਟਾਰ ਮਰਹੂਮ  ਸੁਰਜੀਤ ਸਿੰਘ ਦੇ ਬੁੱਤ ਤੋਂ ਜਯੋਤੀ ਜਗਾ ਕੇ ਖੇਡ ਕੰਪਲੈਕਸ ਵਿੱਚ ਲੱਗੀ ਮਸ਼ਾਲ ਨੂੰ ਪ੍ਰਜਵਲਿਤ ਕੀਤਾ। ਇਸ ਮੌਕੇ ਦੋਹਾਂ ਸਟਾਰ ਖਿਡਾਰੀਆਂ ਵਲੋਂ ਜਦੋਂ ਮਸ਼ਾਲ ਜਗਾ ਕੇ ਖੇਡ ਕੰਪਲੈਕਸ ਵਲ ਨੂੰ ਤਿੰਨ ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਚੱਲ ਰਿਹਾ ਕਾਫਲਾ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ।


29 ਨਵੰਬਰ ਤੋਂ ਸ਼ੁਰੂ ਹੋ ਕੇ 2 ਦਸੰਬਰ ਤਕ ਚੱਲਣ ਵਾਲੀਆਂ ਇਨਾਂ ਖੇਡਾਂ ਦੇ ਅੱਜ ਪਹਿਲੇ ਦਿਨ ਫ਼ੁੱਟਬਾਲ-ਅੰਡਰ 17 ਲੜਕੇ ਅਤੇ ਅੰਡਰ 14 ਤੇ ਅੰਡਰ 17 (ਲੜਕੇ+ਲੜਕੀਆਂ) ਦੇ 100 ਮੀਟਰ/200 ਮੀਟਰ ਦੌੜ ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੀ ਰੋਹਿਤ ਗੁਪਤਾ ਐਸ ਡੀ ਐਮ ਬਟਾਲਾ ਨੇ ਕਰਵਾਈ ਅਤੇ ਨਾਲ ਹੀ ਉਨਾਂ ਪ੍ਰਬੰਧਕਾਂ ਦੀ ਪ੍ਰਸੰਸ਼ਾ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ, ਦਵਿੰਦਰ ਸਿੰਘ ਕਾਲਾ ਨੰਗਲ, ਨਿਸ਼ਾਨ ਸਿੰਘ ਰੰਧਾਵਾ, ਪ੍ਰਿਸੀ: ਮੁਸਤਾਕ ਸਿੰਘ, ਐਸ ਡੀ ਓ ਬਾਜਵਾ, ਖ਼ੁਸ਼ਕਰਨ ਸਿੰਘ ਆਦਿ ਆਗੂ ਹਾਜ਼ਰ ਸਨ।