• Home
  • 5178 ਅਧਿਆਪਕ ,ਗਾਂਧੀ ਜੈਅੰਤੀ ਤੇ ਕਰਨਗੇ ਸਰਕਾਰ ਵਿਰੁੱਧ ਜ਼ੋਨ ਪੱਧਰੀ ਰੋਸ ਰੈਲੀ

5178 ਅਧਿਆਪਕ ,ਗਾਂਧੀ ਜੈਅੰਤੀ ਤੇ ਕਰਨਗੇ ਸਰਕਾਰ ਵਿਰੁੱਧ ਜ਼ੋਨ ਪੱਧਰੀ ਰੋਸ ਰੈਲੀ

ਬਠਿੰਡਾ,( ਖ਼ਬਰ ਵਾਲੇ ਬਿਊਰੋ )- ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਵਲੋਂ ਇੱਕ ਅਹਿਮ ਮੀਟਿੰਗ ਅਬੋਹਰ ਦੇ ਬਲਾਕ ਪ੍ਰਧਾਨ ਗੌਰਵ ਗਗਨੇਜਾ ਦੀ ਅਗਵਾਈ ਵਿੱਚ ਨਹਿਰੂ ਪਾਰਕ, ਅਬੋਹਰ ਵਿਖੇ ਕੀਤੀ ਗਈ ਜਿਸ ਵਿੱਚ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵਲੋਂ ਉਲੀਕੇ ਗਏ ਐਕਸ਼ਨ ਮੁਤਾਬਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਆਉਣ ਵਾਲੀ 2 ਅਕਤੂਬਰ ਨੂੰ ਪੂਰੇ ਪੰਜਾਬ ਨੂੰ ਤਿੰਨ ਜੋਨਾਂ ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਵੰਡ ਕੇ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸਮੂਹ ਅਧਿਆਪਕ ਪਰਿਵਾਰਾਂ ਸਮੇਤ ਸ਼ਾਮਿਲ ਹੋਣਗੇ ਅਤੇ ਆਪਣੀ ਪੂਰੀ ਤਨਖਾਹ 'ਤੇ ਰੈਗੂਲਰ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕਰਣਗੇ|

ਇਸ ਮੌਕੇ ਬਲਾਕ ਅਬੋਹਰ ਦੇ ਪ੍ਰਧਾਨ ਗੌਰਵ ਗਗਨੇਜਾ ਨੇ ਦੱਸਿਆ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵਲੋਂ 2011 ਵਿੱਚ ਲਿਆ ਪਹਿਲਾ ਟੈਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮੰਜ਼ੂਰਸ਼ੁਦਾ ਪੋਸਟਾਂ ਉਤੇ ਨਵੰਬਰ 2014 ਤੋਂ ਤਿੰਨ ਸਾਲ ਦੀ ਠੇਕੇ ਦੀ ਸ਼ਰਤ ਉੱਤੇ 6000 ਰੁਪਏ ਮਹੀਨਾ ਤਨਖਾਹ ਤੇ ਭਰਤੀ ਕੀਤੇ ਗਏ ਸਨ| ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਨਵੰਬਰ 2017 ਵਿੱਚ ਰੈਗੂਲਰ ਕੀਤਾ ਜਾਣਾ ਬਣਦਾ ਸੀ| ਅਕਤੂਬਰ 2017 ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈ ਗਈਆਂ ਹਨ| ਹੁਣ ਤਿੰਨ ਸਾਲ ਤੋਂ ਦਸ ਮਹੀਨੇ ਬਾਅਦ ਵੀ ਅਜੇ ਤੱਕ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ| ਜਦਕਿ ਵਿੱਤ ਵਿਭਾਗ ਵਲੋਂ ਪੱਤਰ ਜਾਰੀ ਕਰਕੇ ਨਾ-ਮਾਤਰ ਦਿੱਤੀ ਜਾ ਰਹੀਂ ਤਨਖਾਹ ਦੇਣੀ ਵੀ ਬੰਦ ਕਰ ਦਿੱਤੀ ਗਈ|
ਜੱਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ, ਆਰਟ/ਕਰਾਫਟ ਅਤੇ ਡੀ.ਪੀ.ਈ.) ਨੂੰ ਜਲਦ ਤੋਂ ਜਲਦ ਇੱਕ ਮਿਤੀ ਤੋਂ ਸਾਰੇ ਵਿੱਤੀ ਲਾਭ ਦਿੰਦਿਆਂ ਰੈਗੂਲਰ ਕਰਨ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ| ਉਹਨਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜ਼ੇਕਰ 5178 ਅਧਿਆਪਕਾਂ ਦੀ ਜਾਇਜ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ| ਇਸ ਮੌਕੇ ਹੇਠ ਲਿਖੇ ਮੈਂਬਰ ਹਾਜਰ ਸਨ|