• Home
  • ਕੋਹਲੀ ਲਈ ਛੱਡੀ ਸੀ ਕਪਤਾਨੀ : ਧੋਨੀ

ਕੋਹਲੀ ਲਈ ਛੱਡੀ ਸੀ ਕਪਤਾਨੀ : ਧੋਨੀ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਭਾਰਤੀ ਕ੍ਰਿਕਟ ਟੀਮ ਦੇ ਕੂਲ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੀ ਕਪਤਾਨੀ ਛੱਡਣ ਦਾ ਇਰਾਦਾ ਕਿਉਂ ਕੀਤਾ ਇਸ ਬਾਰੇ ਖ਼ੁਲਾਸਾ ਕੀਤਾ ਹੈ। ਧੋਨੀ ਨੇ ਜਨਵਰੀ 2017 'ਚ ਇਕ ਦਿਨਾ ਤੇ ਟੀ-20 ਦੀ ਕਪਤਾਨੀ ਛੱਡ ਦਿਤੀ ਸੀ ਤੇ ਉਸ ਦੇ ਤੁਰੰਤ ਬਾਅਦ ਵਿਰਾਟ ਕੋਹਲੀ ਨੂੰ ਤਿੰਨਾਂ ਫਾਰਮਿਟਾਂ ਦਾ ਕਪਤਾਨ ਬਣਾ ਦਿਤਾ ਗਿਆ। ਜਿਉਂ ਹੀ ਧੋਨੀ ਨੇ ਕਪਤਾਨੀ ਛੱਡੀ ਤਾਂ ਇਸ ਸਬੰਧੀ ਅਨੇਕਾਂ ਹੀ ਟਵੀਟ ਆਏ ਜਿਸ ਰਾਹੀਂ ਧੋਨੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਤੇ ਕੋਹਲੀ ਨੇ ਲਿਖਿਆ ਸੀ,'ਤੁਸੀਂ ਮੇਰੇ ਹਮੇਸ਼ਾ ਹੀ ਕਪਤਾਨ ਰਹੋਂਗੇ' ਇਹ ਵਿਵਹਾਰ ਮੈਚਾਂ ਦੌਰਾਨ ਦੇਖਣ ਨੂੰ ਵੀ ਮਿਲਦਾ ਹੈ ਕਿਉਂਕਿ ਕੋਹਲੀ ਮੈਚ ਦੌਰਾਨ ਕੋਈ ਵੀ ਫ਼ੈਸਲਾ ਧੋਨੀ ਤੋਂ ਪੁੱਛੇ ਬਿਨਾਂ ਨਹੀਂ ਲੈਂਦਾ। 'ਟੈਸਟ ਲੜੀ ਕਿਉਂ ਹਾਰੇ' ਇਸ ਸਬੰਧੀ ਟੀਮ ਖ਼ਬਰ ਵਾਲਾ ਨੇ ਪਿਛਲੇ ਦਿਨੀਂ ਲਿਖਿਆ ਸੀ ਕਿ ਜੇਕਰ ਟੈਸਟ ਲੜੀ 'ਚ ਧੋਨੀ ਹੁੰਦਾ ਤਾਂ ਲੜੀ ਜਿੱਤੀ ਹੁੰਦੀ। ਮੀਡੀਆ ਨੇ ਵੀ ਵਾਰ ਵਾਰ ਧੋਨੀ ਦੀ ਪੂਰਤੀ ਨਾ ਹੋਣ ਦੀ ਗੱਲ ਕਹੀ ਹੈ।
ਆਖ਼ਰ ਧੋਨੀ ਨੇ ਕਪਤਾਨੀ ਕਿਉਂ ਛੱਡੀ? ਇਸ ਬਾਰੇ ਹਰ ਇਕ ਜਾਣਨਾ ਚਾਹੁੰਦਾ ਹੈ। ਧੋਨੀ ਨੇ ਇਸ ਦਾ ਰਾਜ਼ ਖੋਲਿਆ ਹੈ। ਇਕ ਸਮਾਗਮ 'ਚ ਹਿੱਸਾ ਲੈਣ ਵੇਲੇ ਉਸ ਨੇ ਕਿਹਾ ਹੈ ਕਿ ਉਸ ਨੇ ਕਪਤਾਨੀ ਤੋਂ ਕਿਸੇ ਦਬਾਅ ਕਾਰਨ ਅਸਤੀਫ਼ਾ ਨਹੀਂ ਦਿਤਾ ਸੀ ਬਲਕਿ ਉਹ ਕੋਹਲੀ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਵੱਧ ਤੋਂ ਵੱਧ ਸਮਾਂ ਦੇਣਾ ਚਾਹੁੰਦਾ ਸੀ ਤੇ ਉਸ ਦੇ ਨਾਲ ਖੇਡ ਕੇ ਉਸ ਨੂੰ ਕਪਤਾਨੀ ਦਾ ਵੱਧ ਤੋਂ ਵੱਧ ਤਜਰਬਾ ਦੇਣਾ ਚਾਹੁੰਦਾ ਸੀ।