• Home
  • ਮਸਤ ਸਰਕਾਰ ‘ਚ ਪ੍ਰਦੂਸ਼ਿਤ ਪਾਣੀ ਨਾਲ ਲੋਕ ਅਤੇ ਲੱਖਾਂ ਜੀਵ ਜੰਤੂ ਮਰ ਰਹੇ ਹਨ-ਭਗਵੰਤ ਮਾਨ

ਮਸਤ ਸਰਕਾਰ ‘ਚ ਪ੍ਰਦੂਸ਼ਿਤ ਪਾਣੀ ਨਾਲ ਲੋਕ ਅਤੇ ਲੱਖਾਂ ਜੀਵ ਜੰਤੂ ਮਰ ਰਹੇ ਹਨ-ਭਗਵੰਤ ਮਾਨ

ਚੰਡੀਗੜ੍ਹ, 2 ਮਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਦੂਸ਼ਿਤ ਕੀਤੇ ਜਾ ਰਹੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਬਾਦਲ ਸਰਕਾਰ ਵਾਂਗ ਉਨ੍ਹਾਂ ਦੀ ਕਾਂਗਰਸ ਸਰਕਾਰ ਵੀ ਬਿਲਕੁਲ ਧਿਆਨ ਨਹੀਂ ਦੇ ਰਹੀ, ਜਦਕਿ ਇਹ ਮੁੱਦਾ ਨਾ ਕੇਵਲ ਪੰਜਾਬ ਅਤੇ ਰਾਜਸਥਾਨ ਦੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਦਾ ਮੁੱਦਾ ਹੈ, ਸਗੋਂ ਕਰੋੜਾਂ-ਅਰਬਾਂ ਜਲ-ਜੀਵਾਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਸਤਲੁਜ, ਬਿਆਸ, ਰਾਵੀ, ਘੱਗਰ, ਬੁੱਢਾ ਨਾਲਾ ਅਤੇ ਚਿੱਟੀ ਵੇਈਂ ਵਰਗੇ ਕੁਦਰਤੀ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਿਰੁੱਧ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਸੰਸਦ ਤੱਕ ਆਵਾਜ਼ ਬੁਲੰਦ ਕਰਦੀ ਆ ਰਹੀ ਹੈ, ਪਰੰਤੂ ਨਾ ਕੇਂਦਰ ਦੀ ਮੋਦੀ ਸਰਕਾਰ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ। ਇੱਥੋਂ ਤੱਕ ਕਿ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਹੋਰ ਧਾਰਮਿਕ-ਸਮਾਜਿਕ ਸੰਗਠਨਾਂ ਵੱਲੋਂ ਪੌਣ-ਪਾਣੀ ਦੇ ਕੁਦਰਤੀ ਵਸੀਲੇ ਬਚਾਉਣ ਲਈ ਕੀਤੀ ਜਾ ਰਹੀ ਜੱਦੋਜਹਿਦ ਦੀ ਵੀ ਕੈਪਟਨ ਸਰਕਾਰ ਨੇ ਉਸੇ ਤਰ੍ਹਾਂ ਪ੍ਰਵਾਹ ਨਹੀਂ ਕੀਤੀ ਜਿਵੇਂ ਪਹਿਲਾਂ ਬਾਦਲ ਸਰਕਾਰ ਨਹੀਂ ਕਰਦੀ ਸੀ।
ਭਗਵੰਤ ਮਾਨ ਨੇ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀ ਟੀਮ ਵੱਲੋਂ ਬੁੱਧਵਾਰ ਨੂੰ ਲੁਧਿਆਣਾ ਦੇ ਬੁੱਢੇ ਨਾਲੇ ਦਾ ਦੌਰਾ ਕਰਨ ਉਪਰੰਤ ਅਫ਼ਸੋਸ ਜਤਾਇਆ ਗਿਆ ਹੈ ਕਿ ਬੁੱਢੇ ਨਾਲੇ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਕੁੱਝ ਵੀ ਨਹੀਂ ਕੀਤਾ ਗਿਆ। ਐਨਜੀਟੀ ਕਮੇਟੀ ਦੇ ਮੁਖੀ ਜਸਟਿਸ (ਰਿਟਾ.) ਪ੍ਰੀਤਮ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ ਤਾੜਨਾ ਕਰਨੀ ਪਈ ਕਿ ਜੇਕਰ ਬੁੱਢਾ ਨਾਲਾ ਦੇ ਹਾਲਾਤ ਸੁਧਾਰਨ ਲਈ ਕੋਈ ਕਦਮ ਨਾ ਚੁੱਕਿਆ ਤਾਂ ਸੰਬੰਧਿਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।
ਭਗਵੰਤ ਮਾਨ ਨੇ ਐਨਜੀਟੀ ਪੈਨਲ ਵੱਲੋਂ ਦਿਖਾਏ ਗਏ ਸਖ਼ਤ ਮਿਜ਼ਾਜ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਫ਼ਸਰਾਂ-ਅਧਿਕਾਰੀਆਂ ਨਾਲੋਂ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਮੁੱਖ ਸਕੱਤਰ ਪੰਜਾਬ, ਸੰਬੰਧਿਤ ਮੰਤਰੀ ਅਤੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਵਿਅਕਤੀਗਤ ਤੌਰ 'ਤੇ ਵੀ ਪਾਰਟੀ ਬਣਾਇਆ ਜਾਵੇ, ਕਿਉਂਕਿ ਇਹ ਆਪਣੀਆਂ ਨਿੱਜੀ ਮੌਜ ਮਸਤੀਆਂ ਕਾਰਨ ਸੂਬੇ ਦੇ ਲੋਕਾਂ ਵੱਲੋਂ ਸੌਂਪੀ ਗਈ ਸੰਵਿਧਾਨਿਕ ਡਿਊਟੀ ਨਿਭਾਉਣ ਤੋਂ ਅਸਫਲ ਸਾਬਤ ਹੋਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਵੱਡੇ-ਵੱਡੇ ਸਿਆਸੀ ਅਤੇ ਪ੍ਰਭਾਵਸ਼ਾਲੀ ਲੋਕ ਪੰਜਾਬ ਦੇ ਦਰਿਆਈ ਅਤੇ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ, ਜਿੰਨਾ ਨੂੰ ਹੱਥ ਪਾਉਣ ਲਈ 'ਸਿਆਸੀ ਦ੍ਰਿੜ੍ਹਤਾ' ਦੀ ਜ਼ਰੂਰਤ ਹੈ, ਜੋ ਨਾ ਪਹਿਲਾਂ ਬਾਦਲਾਂ ਵਿਚ ਸੀ ਅਤੇ ਨਾ ਹੀ ਹੁਣ ਕੈਪਟਨ ਸਰਕਾਰ 'ਚ ਹੈ।
ਭਗਵੰਤ ਮਾਨ ਨੇ ਕਿਹਾ ਕਿ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਚਰਮ ਸੀਮਾ 'ਤੇ ਪਹੁੰਚ ਗਈ ਹੈ। ਪਿਛਲੇ 10 ਦਿਨਾਂ ਤੋਂ ਸਰਹਿੰਦ ਅਤੇ ਰਾਜਸਥਾਨ ਫੀਡਰ ਨਹਿਰਾਂ 'ਚ ਵਗਦੇ ਕਾਲੇ ਰੰਗ ਦੇ ਪਾਣੀ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ, ਪਰੰਤੂ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਲੱਖਾਂ ਦੀ ਗਿਣਤੀ 'ਚ ਮੱਛੀਆਂ ਅਤੇ ਹੋਰ ਜਲ-ਜੀਵ-ਜੰਤੂ ਮਰ ਰਹੇ ਹਨ। ਜਲੰਧਰ, ਸੰਗਰੂਰ, ਕਪੂਰਥਲਾ, ਲੁਧਿਆਣਾ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਅਤੇ ਫਾਜਿਲਕਾ ਜ਼ਿਲਿਆਂ 'ਚ ਪ੍ਰਦੂਸ਼ਿਤ ਪਾਣੀ ਕਾਰਨ ਕੈਂਸਰ, ਕਾਲਾ ਪੀਲੀਆ ਅਤੇ ਹੋਰ ਜਾਨਲੇਵਾ ਬਿਮਾਰੀਆਂ ਨੇ ਪ੍ਰਕੋਪ ਮਚਾ ਰੱਖਿਆ ਹੈ।
ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਜ਼, ਬੇਰੁਜ਼ਗਾਰੀ ਅਤੇ ਬੇਅਦਬੀ ਵਰਗੇ ਅਹਿਮ ਮੁੱਦਿਆਂ ਦੇ ਨਾਲ-ਨਾਲ ਹਵਾ-ਪਾਣੀ ਦੇ ਜਾਨਲੇਵਾ ਪ੍ਰਦੂਸ਼ਣ ਲਈ ਵੀ ਸੱਤਾਧਾਰੀ ਕਾਂਗਰਸੀਆਂ ਅਤੇ ਅਕਾਲੀ-ਭਾਜਪਾ ਆਗੂਆਂ ਨੂੰ ਉਦੋਂ ਸਵਾਲ ਜ਼ਰੂਰ ਪੁੱਛਣ ਜਦੋਂ ਉਹ ਵੋਟਾਂ ਮੰਗਣ ਲਈ ਆਉਂਦੇ ਹਨ।