• Home
  • ਕਰਤਾਰਪੁਰ ਸਾਹਿਬ ਲਾਂਘਾ ਮਾਮਲਾ : ਹੁਣ ਪਾਕਿਸਤਾਨੀ ਸਿੱਖਾਂ ਨੇ ਵੀ ਉਠਾਈ ਮੰਗ

ਕਰਤਾਰਪੁਰ ਸਾਹਿਬ ਲਾਂਘਾ ਮਾਮਲਾ : ਹੁਣ ਪਾਕਿਸਤਾਨੀ ਸਿੱਖਾਂ ਨੇ ਵੀ ਉਠਾਈ ਮੰਗ

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਮੰਗ ਪਹਿਲਾਂ ਭਾਵੇਂ ਭਾਰਤੀ ਸਿੱਖ ਹੀ ਕਰ ਰਹੇ ਸਨ ਪਰ ਹੁਣ ਇਹ ਮੰਗ ਪਾਕਿਸਤਾਨ ਦੇ ਸਿੱਖਾਂ ਨੇ ਵੀ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਸਿੱਖ ਕੌਂਸਲ ਦੇ ਆਗੂ ਸਰਦਾਰ ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਜੇ ਲਾਂਘਾ ਖੁੱਲਦਾ ਹੈ ਤਾਂ ਭਾਰਤ ਵਿਚਲੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਰਾਹੀਂ ਕਰਤਾਰਪੁਰ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਵਿਚ ਆਸਾਨੀ ਹੋ ਜਾਵੇਗੀ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਖਾਲਸਾ ਨੇ ਕਿਹਾ ਕਿ ਸਿੱਖ ਲੰਬੇ ਸਮੇਂ ਤੋਂ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕਰ ਰਹੇ ਹਨ। ਉਨਾਂ ਨੇ ਇਮਰਾਨ ਖਾਨ ਦੀ ਅਗਵਾਈ ਵਿਚ ਪਾਕਿਸਤਾਨ ਵਿਚ ਬਣੀ ਨਵੀਂ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਲਈ ਸਰਹੱਦ ਖੋਲਣ ਦੇ ਐਲਾਨ ਦਾ ਸਵਾਗਤ ਕੀਤਾ। ਜਿਸ ਦਾ ਕਿ ਸਮੁੱਚਾ ਸਿੱਖ ਭਾਈਚਾਰਾ ਸਵਾਗਤ ਕਰਦਾ ਹੈ।
ਦਸ ਦਈਏ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨਾਂ ਦੀ ਸਰਕਾਰ ਭਾਰਤ ਨਾਲ ਗੱਲਬਾਤ ਮਗਰੋਂ ਕਰਤਾਰਪੁਰ ਲਾਂਘੇ ਨੂੰ ਜਲਦੀ ਖੋਲ ਦੇਵੇਗੀ ਤਾਂ ਜੋ ਭਾਰਤ ਵਿਚਲੇ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।
ਪਾਕਿਸਤਾਨੀ ਸਿੱਖਾਂ ਨੇ ਮੰਗ ਕੀਤੀ ਹੈ ਕਿ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਰਾਜਨੀਤੀ ਦਾ ਨਹੀਂ ਸਗੋਂ ਕਰੋੜਾਂ ਸਿੱਖਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ।