• Home
  • ਕਾਂਗਰਸ ਤੇ ਆਪ ਨੇ ਪੰਜਾਬ ਦੇ ਲੋਕਾਂ ਤੋਂ ਪਾਣੀਆਂ ਦਾ ਹੱਕ ਖੋਹਣ ਲਈ ਕੋਈ ਕਸਰ ਨਹੀਂ ਛੱਡੀ-ਪਰਮਿੰਦਰ ਢੀਂਡਸਾ

ਕਾਂਗਰਸ ਤੇ ਆਪ ਨੇ ਪੰਜਾਬ ਦੇ ਲੋਕਾਂ ਤੋਂ ਪਾਣੀਆਂ ਦਾ ਹੱਕ ਖੋਹਣ ਲਈ ਕੋਈ ਕਸਰ ਨਹੀਂ ਛੱਡੀ-ਪਰਮਿੰਦਰ ਢੀਂਡਸਾ

ਸੰਗਰੂਰ, 8 ਮਈ - ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਡੱਟ ਕੇ ਪਹਿਰਾ ਦਿੰਦੇ ਹੋਏ ਲੰਬਾ ਸਮਾਂ ਸੰਘਰਸ਼ ਕੀਤਾ, ਜਦੋਂਕਿ ਕਾਂਗਰਸ ਨੇ ਪੰਜਾਬ ਦੇ ਲੋਕਾਂ ਦਾ ਪਾਣੀਆਂ 'ਤੇ ਬਣਦਾ ਹੱਕ ਖੋਹਣ ਲਈ ਹਰ ਸੰਭਵ ਕੋਸ਼ਿਸ ਕੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪਾਣੀਆਂ ਦੇ ਮੁੱਦੇ 'ਤੇ ਅਦਾਲਤ ਵਿਚ ਹਲਫੀਆ ਬਿਆਨ ਦੇ ਕੇ ਪੰਜਾਬ ਦੇ ਹੱਕਾਂ ਦਾ ਵਿਰੋਧ ਕੀਤਾ। ਪੰਜਾਬ ਦੇ ਲੋਕਾਂ ਨਾਲ ਪਾਣੀਆਂ ਦੇ ਮੁੱਦੇ 'ਤੇ ਕਾਂਗਰਸ ਅਤੇ ਆਪ ਵੱਲੋਂ ਦਿੱਤੇ ਗਏ ਧੋਖੇ ਦਾ ਬਦਲਾ ਸੂਬੇ ਦੇ ਲੋਕ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਲੈਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖਜਾਨਾ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਨੇ ਹਲਕਾ ਸੰਗਰੂਰ ਦੇ ਪਿੰਡ ਕਲੌਦੀ, ਭਿੰਡਰਾਂ, ਘਾਬਦਾਂ, ਜਲਾਨ, ਲੱਡੀ, ਬਾਲੀਆਂ, ਰੂਪਾਹੇੜੀ, ਸਾਰੋਂ, ਫਤਿਹਗੜ੍ਹ ਛੰਨਾ, ਅਕੋਈ ਸਾਹਿਬ, ਥਲੇਸ, ਮੰਗਵਾਲ ਤੋਂ ਇਲਾਵਾ ਸੰਗਰੂਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵੀ ਮੌਜੂਦ ਸਨ।
ਵੱਖ-ਵੱਖ ਥਾਈਂ ਚੋਣ ਮੀਟਿੰਗਾਂ ਵਿਚ ਹੋਈ ਲੋਕਾਂ ਦੀ ਭਰਵੀਂ ਸ਼ਮੂਲੀਅਤ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਆਏ ਵਾਰ ਚੋਣਾਂ ਸਮੇਂ ਝੂਠ ਦਾ ਸਹਾਰਾ ਲੈ ਕੇ ਕੀਤੀ ਜਾਣ ਵਾਲੀ ਚੋਣ ਸਟੰਟਬਾਜੀ ਤੋਂ ਲੋਕ ਜਾਣੂ ਹੋ ਚੁੱਕੇ ਹਨ ਅਤੇ ਇਹ ਵੀ ਜਾਣ ਚੁੱਕੇ ਹਨ ਕਿ ਲੋਕ ਹਿੱਤਾਂ ਦੀ ਰਾਖੀ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਹੀ ਕਰ ਸਕਦਾ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੀਡਰਾਂ ਵੱਲੋਂ ਪਿਛਲੀਆਂ ਚੋਣਾਂ ਦੌਰਾਨ ਬੋਲਿਆ ਗਿਆ ਝੂਠ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦੇ ਸਾਹਮਣੇ ਆ ਰਿਹਾ ਹੈ, ਜਿਸਦੇ ਚਲਦੇ ਲੋਕ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਤੋਂ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਕਿਉਂ ਨਹੀਂ ਪੂਰਾ ਕੀਤਾ, ਬਾਰੇ ਸਵਾਲ ਕਰ ਰਹੇ ਹਨ ਅਤੇ ਉਨ੍ਹਾਂ ਦੇ ਚੋਣ ਪ੍ਰੋਗਰਾਮਾਂ ਦਾ ਵਿਰੋਧ ਕਰ ਰਹੇ ਹਨ। ਸ. ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਨੇ ਪਿਛਲੀਆਂ ਚੋਣਾਂ ਸਮੇਂ ਵੀ ਲੋਕਾਂ ਨਾਲ ਅਨੇਕਾਂ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਨਿਭਾਉਣ ਵਿਚ ਉਹ ਪੂਰੀ ਤਰ੍ਹਾਂ ਅਸਫਲ ਰਹੇ ਹਨ। ਇੱਥੇ ਤੱਕ ਕਿ ਹਲਕੇ ਦੇ ਕਈ ਪਿੰਡਾਂ ਵਿਚ ਤਾਂ ਉਹ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਦਾ ਧੰਨਵਾਦ ਕਰਨ ਲਈ ਵੀ ਨਹੀਂ ਜਾ ਸਕੇ, ਜਿਸ ਕਾਰਨ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਗੁੱਸਾ ਹੈ। ਇਸੇ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਨੇ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਹਾਸਲ ਕੀਤੀਆਂ ਅਤੇ ਕੀਤਾ ਲੋਕਾਂ ਵਾਸਤੇ ਕੁਝ ਨਹੀਂ। ਇਨ੍ਹਾਂ ਦੋਵਾਂ ਪਾਰਟੀਆਂ ਨੂੰ ਝੂਠ ਦਾ ਖਾਮਿਆਜਾ ਇਨ੍ਹਾਂ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਹਲਕੇ ਦੀ ਖੁਸ਼ਹਾਲੀ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। 
ਇਸ ਮੌਕੇ ਗੁਰਤੇਜ ਸਿੰਘ ਝਨੇੜੀ, ਰੁਪਿੰਦਰ ਸਿੰਘ ਰੰਧਵਾ, ਮਲਕੀਤ ਸਿੰਘ ਚੰਗਾਲ, ਸਰਬਜੀਤ ਕੌਰ ਧਾਲੀਵਾਲ, ਸੁਖਚੈਨ ਸਿੰਘ ਸਾਰੋ,ਪਰਮਜੀਤ ਸਿੰਘ ਗੱਗੀ, ਸੋਨਾ ਸਿੰਘ, ਹਰਦੇਵ ਸਿੰਘ ਛੰਨਾਂ ਪੰਚਾਇਤ ਮੈਂਬਰ, ਅਮਨਦੀਪ ਸਿੰਘ ਪੰਚਾਇਤ ਮੈਂਬਰ ਅਤੇ ਹੋਰ ਆਗੂ ਮੌਜੂਦ ਸਨ।
Attachments area