• Home
  • ਭਾਰੀ ਮੀਂਹ ਪੁਲਿਸ ਲਈ ਵਰਦਾਨ ਬਣਿਆ :- ਅਕਾਲੀ ਦਲ ਦੀ ਛਪਾਰ ਰੈਲੀ ਪ੍ਰਤੀ ਚਿੰਤਤ ਸੀ ਪੁਲਿਸ ਪ੍ਰਸ਼ਾਸਨ

ਭਾਰੀ ਮੀਂਹ ਪੁਲਿਸ ਲਈ ਵਰਦਾਨ ਬਣਿਆ :- ਅਕਾਲੀ ਦਲ ਦੀ ਛਪਾਰ ਰੈਲੀ ਪ੍ਰਤੀ ਚਿੰਤਤ ਸੀ ਪੁਲਿਸ ਪ੍ਰਸ਼ਾਸਨ

ਲੁਧਿਆਣਾ, (ਖ਼ਬਰ ਵਾਲੇ ਬਿਊਰੋ)- ਪੰਜਾਬ ਚ ਲਗਾਤਾਰ ਪੈ ਰਹੇ ਮੀਂਹ ਤੋਂ ਪ੍ਰੇਸ਼ਾਨ ਕਿਸਾਨ ਤੇ ਵਪਾਰੀ ਜਿੱਥੇ ਇੰਦਰ ਦੇਵਤੇ ਦੀ ਕਰੋਪੀ ਨੂੰ ਸ਼ਾਂਤ ਕਰਨ ਲਈ ਅਰਦਾਸਾਂ ਕਰ ਰਹੇ ਹਨ ,ਉੱਥੇ ਲੁਧਿਆਣਾ ਦੇ ਪੁਲਸ ਪ੍ਰਸ਼ਾਸਨ ਲਈ ਪੈ ਰਿਹਾ ਭਾਰੀ ਮੀਂਹ ਵਰਦਾਨ ਬਣ ਕੇ ਬਹੁੜਿਆ ਹੈ , ਕਿਉਂਕਿ ਛਪਾਰ ਮੇਲੇ ਤੇ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਲਈ  ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਦੀ ਚਿੰਤਾ ਕੁਝ ਘਟੀ ਹੈ ,ਜਿਸ ਕਾਰਨ ਪੁਲਿਸ ਅਧਿਕਾਰੀ ਇੰਦਰ ਦੇਵਤੇ ਦਾ ਸ਼ੁਕਰਾਨਾ ਵੀ ਕਰ ਰਹੇ ਹਨ ।

ਅਸੀਂ ਆਪਣੇ ਪਾਠਕਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਵਿਖੇ ਜਿੱਥੇ ਵੱਖ ਵੱਖ ਸਿਆਸੀ  ਪਾਰਟੀਆਂ ਵੱਲੋਂ ਮੇਲੇ ਦੇ ਵਿਚਕਾਰਲੇ ਦਿਨ ਸਿਆਸੀ ਕਾਨਫਰੰਸਾਂ ਹੁੰਦੀਆਂ ਹਨ ਅਤੇ ਇੱਕ ਦੂਜੇ ਤੇ ਚਿੱਕੜ ਵੀ ਸੁੱਟਿਆ ਜਾਂਦਾ ਹੈ । ਇਸ ਵਾਰ ਇਹ ਮੇਲਾ ਸ਼ੁਰੂ ਹੈ ਤੇ ਅੱਜ 24 ਸਤੰਬਰ ਨੂੰ ਛਪਾਰ ਮੇਲੇ ਤੇ ਸਿਆਸੀ ਕਾਨਫਰੰਸਾਂ ਹੋਣੀਆਂ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਬਾਰੇ ਵਿਧਾਨ ਸਭਾ ਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪੰਜਾਬ ਚ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਪ੍ਰਤੀ ਮਾਹੌਲ ਤਲਖ਼ੀ ਵਾਲਾ ਹੈ ।ਜਿਸ ਕਾਰਨ ਅਕਾਲੀ ਦਲ ਦੀ  ਪੁਲਿਸ ਨੇ ਅਬੋਹਰ ਤੇ ਫ਼ਰੀਦਕੋਟ ਰੈਲੀ ਹਾਈਕੋਰਟ ਦੇ ਹੁਕਮਾਂ ਤੇ  ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ।

ਪਰ ਹੁਣ ਛਪਾਰ ਮੇਲੇ ਤੇ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਪ੍ਰਤੀ ਪੁਲਸ ਪ੍ਰਸ਼ਾਸਨ ਵਧੇਰੇ ਚਿੰਤਤ ਸੀ , ਕਿਉਂਕਿ ਮੇਲੇ ਵਾਲੀ ਥਾਂ ਦੇ ਨੇੜੇ ਸਾਰੀਆਂ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਜਾਂਦੀਆਂ  ਹਨ। ਅਕਾਲੀ ਦਲ ਵੀ ਰੈਲੀ ਮੇਲੇ ਵਾਲੀ ਥਾਂ ਦੇ ਨੇੜੇ ਹੋਣ ਕਾਰਨ ਖ਼ਤਰਾ ਇਹ ਸੀ ਕਿ ਕੋਈ ਵੀ ਮੇਲਾ ਵੇਖਣ /ਸ਼ਰਧਾਲੂ ਦੇ ਰੂਪ ਚ ਆਇਆ ਹਜੂਮ ਬਾਦਲਾਂ ਦੀ ਰੈਲੀ 'ਚ ਖਲਲ ਪਾ ਸਕਦਾ ਹੈ ਜਾਂ ਫਿਰ ਕੋਈ ਵੱਡੇ ਅੱਤਵਾਦੀ ਹਮਲੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ । ਇਸ ਨੂੰ ਦੇਖਦਿਆਂ ਪੰਜਾਬ ਸਰਕਾਰ ਦਾ ਖੁਫੀਆ ਤੰਤਰ ਲਗਾਤਾਰ ਕੇਂਦਰ ਦੀ ਖੁਫੀਆ ਏਜੰਸੀਆਂ ਨਾਲ ਮਿਲ ਕੇ  ਅਕਾਲੀ ਦਲ ਦੀ ਹੋਣ ਵਾਲੀ ਰੈਲੀ ਪ੍ਰਤੀ ਚੌਕਸ ਸੀ ।

ਹੁਣ 24  ਸਤੰਬਰ ਨੂੰ ਭਾਰੀ ਮੀਂਹ ਕਾਰਨ ਅਕਾਲੀ ਦਲ ਨੇ ਮੇਲਾ ਛਪਾਰ  ਦੀ ਹੋਣ ਵਾਲੀ  ਰੈਲੀ ਦਾ ਥਾਂ ਤਬਦੀਲ ਕਰ ਦਿੱਤਾ ਹੈ ਜੋ ਕਿ ਮੇਲੇ ਵਾਲੀ ਥਾਂ ਤੋਂ ਕਰੀਬ ਦਸ ਪੰਦਰਾਂ ਕਿਲੋਮੀਟਰ ਦੀ ਦੂਰੀ ਤੇ ਪਿੰਡ ਲਹਿਰਾ ਦੇ ਕੈਲੀਫੋਰਨੀਆ ਮੈਰਿਜ  ਪੈਲੇਸ ਵਿੱਚ ਹੋਵੇਗੀ .।

ਜਦਕਿ ਕਾਂਗਰਸ ਵੱਲੋਂ ਕੀਤੀ ਜਾਣ ਵਾਲੀ  ਰੈਲੀ  ਮਹਿਰਾਜ  ਮੈਰਿਜ ਪੈਲੇਸ ਚ ਧੂਰਕੋਟ  ਰੋਡ ਤੇ ਹੋਵੇਗੀ । ਇਸ ਨਾਲ ਪੁਲਸ ਪ੍ਰਸ਼ਾਸਨ ਦੀ ਚਿੰਤਾ ਲਗਭਗ ਖਤਮ ਹੋ ਗਈ ਹੈ ।

ਦੱਸਣਯੋਗ ਹੈ ਕਿ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਕੁਝ ਸਾਲ ਪਹਿਲਾਂ ਅਕਾਲੀ ਦਲ ਦੀ ਛਪਾਰ ਰੈਲੀ ਵਿੱਚ ਮੇਲਾ ਦੇਖਣ ਆਏ ਹਜੂਮ ਨੇ ਕਾਲੀਆਂ ਝੰਡੀਆਂ ਲੈ ਕੇ ਖ਼ਲਲ ਪਾ ਦਿੱਤਾ ਸੀ ਅਤੇ ਉਸ ਸਮੇਂ ਪੁਲਸ ਲਾਠੀਚਾਰਜ ਵੀ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਬੇਰੁਜ਼ਗਾਰ/ ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਵੀ ਸੱਟਾਂ ਲੱਗੀਆਂ ਸਨ ।