• Home
  • ਜ਼ਮੀਨ ਮਾਲਕ ਹੁਣ ਸੂਬੇ ਦੇ ਕਿਸੇ ਵੀ ਫਰਦ ਕੇਂਦਰ ‘ਚੋਂ ਲੈ ਸਕਣਗੇ ਜਮਾਂਬੰਦੀ ਦੀ ਤਸਦੀਕਸ਼ੁਦਾ ਨਕਲ

ਜ਼ਮੀਨ ਮਾਲਕ ਹੁਣ ਸੂਬੇ ਦੇ ਕਿਸੇ ਵੀ ਫਰਦ ਕੇਂਦਰ ‘ਚੋਂ ਲੈ ਸਕਣਗੇ ਜਮਾਂਬੰਦੀ ਦੀ ਤਸਦੀਕਸ਼ੁਦਾ ਨਕਲ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ-ਮੁਕਤ ਅਤੇ ਪਰੇਸ਼ਾਨੀ ਰਹਿਤ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਮਾਲ ਵਿਭਾਗ ਵੱਲੋਂ ਕੁੱਲ 164 ਫਰਦ ਕੇਂਦਰਾਂ 'ਚੋਂ 158 ਕੇਂਦਰ ਆਨਲਾਈਨ ਕਰ ਦਿੱਤੇ ਗਏ ਹਨ। ਇਸ ਉਪਰਾਲੇ ਸਦਕਾ ਹੁਣ ਕੋਈ ਵੀ ਜ਼ਮੀਨ-ਮਾਲਕ ਸੂਬੇ ਦੇ ਕਿਸੇ ਵੀ ਫਰਦ ਕੇਂਦਰ ਵਿੱਚੋਂ ਜਮਾਂਬੰਦੀ ਦੀ ਤਸਦੀਕਸ਼ੁਦਾ ਨਕਲ ਲੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਮਾਲ ਵਿਭਾਗ ਵੱਲੋਂ ਸਾਲ 2004 ਵਿੱਚ ਸੂਬੇ ਦੇ ਸਮੁੱਚੇ ਮਾਲ ਰਿਕਾਰਡ ਦੇ ਕੰਪਿਊਟਰੀਕਰਨ (ਡਿਜੀਟਾਈਜ਼ੇਸ਼ਨ) ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਜ਼ਮੀਨਾਂ ਨਾਲ ਸਬੰਧਤ ਰਿਕਾਰਡ ਨੂੰ ਆਨਲਾਈਨ ਮੁਹੱਈਆ ਕਰਾਇਆ ਜਾ ਸਕੇ।

     ਇਸ ਸਬੰਧੀ ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸੂਬੇ ਦੇ ਕੁੱਲ ਤਕਰੀਬਨ 13000 ਪਿੰਡਾਂ ਵਿੱਚੋਂ ਮਹਿਜ਼ 100 ਸ਼ਹਿਰੀ ਪਿੰਡਾਂ ਦਾ ਮਾਲ ਰਿਕਾਰਡ ਗੁੰਝਲਦਾਰ ਹੋਣ ਕਾਰਨ ਆਨਲਾਈਨ ਕਰਨ ਤੋਂ ਰਹਿ ਗਿਆ ਹੈ।। ਇਨਾਂ ਪਿੰਡਾਂ ਦੇ ਮਾਲ ਰਿਕਾਰਡ ਨੂੰ ਆਨਲਾਈਨ ਕਰਨ ਦਾ ਕੰਮ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ।। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਮਾਲ ਰਿਕਾਰਡ ਬਿਨਾਂ ਕਿਸੇ ਦੇਰੀ ਤੋਂ ਸਿੱਧਾ ਕੇਂਦਰੀ ਸਰਵਰ (ਕਲਾਊਡ) ਉਤੇ ਅਪਡੇਟ ਕੀਤਾ ਜਾਵੇਗਾ।। ਮਾਲ ਵਿਭਾਗ ਦੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਾਉਣ ਦੇ ਯਤਨਾਂ ਬਦੌਲਤ ਹੁਣ ਇਕ ਬਟਨ ਦਬਾਉਂਦਿਆਂ ਹੀ ਜਾਇਦਾਦ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।
ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਵੱਲੋਂ ਡਾਇਰੈਕਟਰ ਲੈਂਡ ਰਿਕਾਰਡਜ਼ (ਡੀਐਲਆਰਜ਼) ਅਤੇ ਪੰਜਾਬ ਲੈਂਡ ਰਿਕਾਰਡਜ਼ ਸੁਸਾਇਟੀ (ਪੀਐਲਆਰਐਸ) ਨੂੰ ਇਸ ਨਿਵੇਕਲੇ ਪ੍ਰਾਜੈਕਟ ਨੂੰ 31 ਦਸੰਬਰ, 2018 ਤਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।