• Home
  • ਧਰਤੀ ਨਾਦ :-“ਨੰਗੇ ਸ਼ਬਦਾਂ ਦੇ ਸਨਮੁਖ”​ ​

ਧਰਤੀ ਨਾਦ :-“ਨੰਗੇ ਸ਼ਬਦਾਂ ਦੇ ਸਨਮੁਖ”​ ​

ਜਸਵੰਤ ਜ਼ਫ਼ਰ

ਗੁਰਭਜਨ ਗਿੱਲ ਨੇ ਗੀਤ, ਗ਼ਜ਼ਲ, ਰੁਬਾਈ ਅਤੇ ਨਜ਼ਮ ਦੀ ਰਚਨਾ ਕੀਤੀ ਹੈ। ਉਹਨਾਂ ਦੇ ਇਕੱਲੀਆਂ ਗ਼ਜ਼ਲਾਂ, ਇਕੱਲੇ ਗੀਤਾਂ ਅਤੇ ਇਕੱਲੀਆਂ ਰੁਬਾਈਆਂ ਦੇ ਸੰਗ੍ਰਹਿ ਛਪ ਚੁੱਕੇ ਹਨ। ਪਰ ਇਸ ਕਾਵਿ ਸੰਗ੍ਰਹਿ ਵਿਚ ਕਵਿਤਾ ਦੇ ਇਹ ਸਾਰੇ ਰੂਪ ਹਾਜ਼ਰ ਹਨ। ਇਸ ਤਰ੍ਹਾਂ ਰੂਪਕ ਪੱਖ ਤੋਂ 'ਧਰਤੀ ਨਾਦ' ਉਹਨਾਂ ਦੀ ਪ੍ਰਤੀਨਿਧ ਕਾਵਿ-ਪੁਸਤਕ ਹੈ।
ਆਪਣੀਆਂ ਸਾਂਝਾਂ ਅਤੇ ਸਰਗਰਮੀਆਂ ਕਾਰਨ ਗੁਰਭਜਨ ਗਿੱਲ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਵਿਚੋਂ ਸਭ ਤੋਂ ਵੱਧ ਜਾਣਿਆਂ ਜਾਣ ਵਾਲਾ ਨਾਮ ਹੈ। ਪੜ੍ਹਨ ਦੇ ਨਾਲ-ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਨਣਾ, ਜਾਣੇ ਜਾਣਾ ਅਤੇ ਜਾਣਦਿਆਂ ਨਾਲ ਜੁੜਨਾ ਉਹਨਾਂ ਦਾ ਸ਼ੌਕ ਅਤੇ ਸੁਭਾਅ ਹੈ। ਉਹ ਲੁਧਿਆਣੇ ਤੋਂ ਕਿਸੇ ਵੀ ਰੂਟ ਦੀ ਬੱਸ ਵਿਚ ਜਾਂ ਕਿਸੇ ਵੀ ਗੱਡੀ ਦੇ ਡੱਬੇ ਵਿਚ ਬੈਠ ਜਾਣ, ਜਾਣੂੰ ਸਵਾਰੀਆਂ ਮਿਲ ਹੀ ਜਾਂਦੀਆਂ ਹਨ। ਉਹ ਕਿਸੇ ਗਰੀਬੜੇ ਜਿਹੇ ਕਿਰਤੀ ਤੋਂ ਲੈ ਕੇ ਉੱਚੀ ਤੋਂ ਉੱਚੀ ਕਲਗੀ ਵਾਲੇ ਕਿਸੇ ਅਮੀਰ ਵਜ਼ੀਰ ਨਾਲ ਇੱਕੋ ਜਿੰਨੀ ਸੌਖ ਅਤੇ ਅਪਣੱਤ ਨਾਲ ਗੱਲਬਾਤ ਕਰ ਲੈਂਦੇ ਹਨ। ਸਾਂਝ, ਸੰਵਾਦ ਜਾਂ ਸੰਗਤ ਕਰਨ ਵੇਲੇ ਅਗਲੇ ਦਾ ਛੋਟਾ-ਵੱਡਾ ਹੋਣਾ ਅੜਿਕਾ ਨਹੀਂ ਬਣਦਾ। ਇੰਜ ਉਹਨਾਂ ਨੇ ਆਪਣੀ ਅਕਾਦਮਿਕ ਮੁਸ਼ੱਕਤ ਅਤੇ ਮਿਲਣਸਾਰਤਾ ਦੇ ਸੰਯੋਗ ਨਾਲ ਆਪਣੇ ਭਾਸ਼ਾਈ ਭੰਡਾਰ ਜਾਂ ਭਾਸ਼ਾਈ ਯੋਗਤਾ ਨੂੰ ਭਰਪੂਰ ਕੀਤਾ ਹੈ। ਉਹਨਾਂ ਦਾ ਚਿੱਤ ਅਤੇ ਚੇਤਨਾ ਭਾਸ਼ਾਈ ਸਮਰੱਥਾ ਨਾਲ ਮਾਲਾਮਾਲ ਹਨ। ਇਸ ਸਮਰੱਥਾ ਕਾਰਨ ਉਹਨਾਂ ਨੂੰ ਆਪਣੇ ਕਿਸੇ ਵਿਚਾਰ, ਅਨੁਭਵ ਜਾਂ ਟਿੱਪਣੀ ਨੂੰ ਕਵਿਆਉਣ ਵਿਚ ਬਹੁਤ ਸੌਖਿਆਈ ਰਹਿੰਦੀ ਹੈ। ਭਾਸ਼ਾ ਵਲੋਂ ਖੁੱਲ੍ਹਾ ਹੱਥ ਉਹਨਾਂ ਨੂੰ ਕਵਿਤਾਕਾਰੀ ਲਈ ਪ੍ਰੇਰਤ ਜਾਂ ਰਵਾਂ ਕਰੀ ਰੱਖਦਾ ਹੈ। ਦੂਜੇ ਸ਼ਬਦਾਂ ਵਿਚ ਉਹਨਾਂ ਵਲੋਂ ਗ੍ਰਹਿਣ ਕੀਤੀ ਭਾਸ਼ਾਈ ਸਮਰੱਥਾ ਉਹਨਾਂ ਉਤੇ ਕਵਿਤਾ ਲਿਖਣ ਲਈ ਅਜਿਹਾ ਦਬਾਅ ਬਣਾ ਕੇ ਰੱਖਦੀ ਹੈ ਕਿ ਵੰਨ-ਸੁਵੰਨੇ ਵਿਸ਼ਿਆਂ, ਹਾਲਤਾਂ, ਵਿਚਾਰਾਂ ਅਤੇ ਭਾਵਾਂ ਨੂੰ ਕਵਿਆਉਣ ਲਈ ਉਹਨਾਂ ਦਾ ਚਾਅ ਅਤੇ ਉਤਸ਼ਾਹ ਹਮੇਸ਼ਾ ਬਣਿਆਂ ਰਹਿੰਦਾ ਹੈ। ਇਸ ਤਰ੍ਹਾਂ ਰਚਨਾਕਾਰੀ ਦੀ ਨਿਰੰਤਰਤਾ ਅਤੇ ਆਪਣੇ ਲੋਕਾਂ ਨਾਲ ਜੁੜੇ ਰਹਿਣ ਦੇ ਸ਼ੌਕ ਕਾਰਨ ਵਰਤਮਾਨ ਸਮੇਂ ਵਿਚ ਉਹ ਪੰਜਾਬੀ ਦੇ ਸਭ ਤੋਂ ਸਰਗਰਮ ਕਵੀ ਹੋ ਨਿਬੜੇ ਹਨ।

ਚਿੱਤ ਵਿਚ ਗ੍ਰਹਿਣ ਕੀਤੇ ਮੋਕਲੇ ਭਾਸ਼ਾਈ ਭੰਡਾਰ ਦੀ ਮੌਜੂਦਗੀ ਕਾਰਨ ਉਹਨਾਂ ਦਾ ਕਾਵਿ ਬਿਆਨ ਸੰਕੋਚਵਾਂ ਜਾਂ ਸੰਜਮੀ ਹੋਣ ਦੀ ਬਜਾਏ ਖੁੱਲ੍ਹੇ ਖੁਲਾਸੇ ਬਿਆਨ ਵਾਲਾ ਹੁੰਦਾ ਹੈ। ਆਕਾਰ ਪੱਖੋਂ ਭਾਵੇਂ ਉਹਨਾਂ ਲਘੂ ਕਵਿਤਾਵਾਂ ਦੀ ਵੀ ਰਚਨਾ ਕੀਤੀ ਹੈ ਪਰ ਉਹਨਾਂ ਦੀ ਤਸੱਲੀ ਵਿਸਥਾਰ ਵਾਲੀਆਂ ਕਵਿਤਾਵਾਂ ਲਿਖ ਕੇ ਹੀ ਹੁੰਦੀ ਜਾਪਦੀ ਹੈ। ਨਿੱਕੀਆਂ ਕਵਿਤਾਵਾਂ ਵਿਚ ਵੀ ਉਹ ਝਲਕਾਰੇ ਜਾਂ ਇਸ਼ਾਰੇ ਮਾਤਰ ਗੱਲ ਕਹਿ ਕੇ ਬਾਕੀ ਗੱਲ ਬੁਝਾਰਤ ਵਾਂਗ ਅੰਦਾਜ਼ੇ ਲਗਾਉਣ ਲਈ ਪਾਠਕ ਤੇ ਛੱਡ ਨਹੀਂ ਛੱਡ ਸਕਦੇ। ਆਪਣੀਆਂ 'ਲਘੂ ਕਵਿਤਾਵਾਂ' ਵਿਚ ਵੀ ਗੱਲ ਪੂਰੀ ਤਸੱਲੀ ਨਾਲ ਕਰਦੇ ਹਨ:

ਕਬਰਾਂ ਵਿਚ ਪਏ ਮੁਰਦਾ ਸਰੀਰੋ!
ਆਵਾਜ਼ ਦਿਓ।
ਘਰਾਂ 'ਚ ਟੀ. ਵੀ. ਦੇਖਦੇ ਮਿਹਰਬਾਨ ਵੀਰੋ!
ਚੁੱਪ ਨਾ ਬੈਠੋ! ਆਵਾਜ਼ ਦਿਓ।
ਨੌਕਰੀ ਕਰਦੀਓ ਮੇਜ਼ ਕੁਰਸੀਓ!
ਕੁਝ ਤਾਂ ਕਹੋ।
ਜਬਰ ਝੱਲਣ ਨੂੰ ਸਬਰ ਨਾ ਕਹੋ!
ਦੂਰ ਦੇਸ਼ ਚਲਦੇ ਪਟਾਕੇ,
ਜੋ ਅੱਜ ਤੁਹਾਡੇ ਘਰ ਖ਼ਬਰਾਂ ਘੱਲਦੇ ਨੇ
ਤਾਂ ਕੱਲ ਨੂੰ ਚਿੱਟੀਆਂ ਚੁੰਨੀਆਂ ਵੀ ਭੇਜ ਸਕਦੇ ਨੇ। ​
(ਆਵਾਜ਼ ਦਿਓ)

ਜੇ ਸੂਰਜ ਤੇ ਧਰਤੀ ਦੋਵੇਂ
ਸਦੀਆਂ ਤੋਂ ਨਹੀਂ 'ਕੱਠੇ ਹੋਏ।
ਦੱਸ ਨੀਂ ਮੇਰੀਏ ਮਹਿੰਗੀਏ ਜਾਨੇ,
ਤੇਰੀ ਮੇਰੀ ਅੱਖ ਕਿਉਂ ਰੋਏ?
ਸ਼ੁਕਰ ਖ਼ੁਦਾ ਦਾ ਤੁਰਦੇ ਆਪਾਂ,
ਇਕ ਦੂਜੇ ਦੀ ਸੱਜਰੀ ਲੋਏ।
(ਸੱਜਰੀ ਲੋਏ)

ਦੂਜੇ ਪਾਸੇ ਬਹੁਤੀਆਂ ਕਵਿਤਾਵਾਂ ਪੜ੍ਹਦਿਆਂ ਕਿਤੇ ਕਿਤੇ ਅਜਿਹੀਆਂ ਸਤਰਾਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਕਿ ਇਹ ਆਪਣੇ ਆਪ ਵਿਚ ਸੁਤੰਤਰ ਨਿੱਕੀਆਂ ਕਵਿਤਾਵਾਂ ਹੋ ਸਕਦੀਆਂ ਹਨ। ਕਵਿਤਾ ਵਿਚ ਅਜਿਹੀਆਂ ਸਤਰਾਂ ਦੀ ਮੌਜੂਦਗੀ ਬਿਲਕੁਲ ਗਹਿਣਿਆਂ ਵਿਚ ਹੀਰੇ ਮੋਤੀਆਂ ਵਾਂਗ ਜਾਪਦੀ ਹੈ:

ਤੇਜ਼ ਵਣਜਾਰਾ ਕਿਤੇ ਸਾਨੂੰ ਚਾਰ ਜਾਵੇ ਨਾ
ਵੇਖਿਓ ਮਸ਼ੀਨ ਕੋਲੋਂ ਹੱਥ ਹਾਰ ਜਾਵੇ ਨਾ

ਚਲੋ! ਤੁਰੋ ਆਓ! ਲਾਈਏ ਅੰਬਰੀਂ ਉਡਾਰੀਆਂ
ਧਰਤੀ ਆਕਾਸ਼ ਨੂੰ ਨਾ ਹੁੰਦੇ ਬੂਹੇ ਬਾਰੀਆਂ
(ਰੰਗ ਹੀ ਤਾਂ ਬੋਲਦੇ ਨੇ)

ਇਬਾਰਤ ਰਲਗੱਡ ਹੋ ਚੱਲੀ ਹੈ
ਸ਼ਹਿਦ ਵਿਚ ਰਲ਼ੀ ਰੇਤ ਦੇ ਕਣਾਂ ਵਾਂਗ
ਦੰਦਾਂ ਹੇਠ ਕਿਰਚ ਕਿਰਚ ਹੁੰਦਾ ਹੈ
ਨਾ ਖਾਣ ਜੋਗੇ ਹਾਂ ਨਾ ਥੁੱਕਣ ਜੋਗੇ
(ਤੇਤੀ ਕਰੋੜ ਦੇਵਤੇ)

ਬੋਲਦੇ ਸਾਰੇ ਨੇ ਏਥੇ ਜਾਗਦਾ ਕੋਈ ਨਹੀਂ
ਸਫ਼ਰ ਵਿਚ ਹਾਂ ਆਖਦੇ ਨੇ ਤੁਰ ਰਿਹਾ ਕੋਈ ਨਹੀਂ
(ਸ਼ਹੀਦ ਬੋਲਦਾ ਹੈ)

ਮੇਰੇ ਕੋਲ ਰੁਮਾਲ ਨਾ ਕੋਈ,
ਕਿਸੇ ਮੁਹੱਬਤੀ ਰੂਹ ਦਾ ਦਿੱਤਾ
ਜਿਸ ਨੂੰ ਅੱਖੀਆਂ ਉੱਤੇ ਧਰਕੇ
ਵਹਿੰਦੇ ਅੱਥਰੂ ਰੁਕ ਜਾਂਦੇ ਨੇ
ਜਿਸ ਵਿਚ ਨਦੀਆਂ, ਦਰਿਆ, ਸਾਗਰ ਸੁੱਕ ਜਾਂਦੇ ਨੇ।
(ਚੀਸ ਪ੍ਰਾਹੁਣੀ)

ਗੀਤ ਦਾ ਪੰਜਾਬੀ ਬੰਦੇ ਜਾਂ ਪੰਜਾਬੀ ਸੱਭਿਆਚਾਰ ਨਾਲ ਆਦਿਕਾਲੀ ਅਨਿੱਖੜਵਾਂ ਸਬੰਧ ਹੈ। ਪੰਜਾਬੀ ਬੰਦੇ ਦਾ ਧਰਤੀ 'ਤੇ ਆਉਣ ਵੇਲੇ ਗੀਤਾਂ ਨਾਲ ਸਵਾਗਤ ਹੁੰਦਾ ਹੈ ਅਤੇ ਵਿਦਾਇਗੀ ਵੀ ਗੀਤਾਂ ਨਾਲ ਹੀ ਹੁੰਦੀ ਹੈ। ਜੀਵਨ ਭਰ ਸਾਰੀਆਂ ਰਸਮਾਂ ਗੀਤਾਂ ਨਾਲ ਨੇਪਰੇ ਚੜ੍ਹਦੀਆਂ ਹਨ। ਪਹਿਲਾਂ ਤਾਂ ਸਾਰੇ ਕੰਮ ਧੰਦੇ ਵੀ ਗੀਤ ਗਾਉਂਦਿਆਂ ਕੀਤੇ ਜਾਂਦੇ ਸਨ। ਇਸ ਤਰ੍ਹਾਂ ਪੰਜਾਬੀ ਚਿੱਤ ਜਾਂ ਅਵਚੇਤਨ ਵਿਚ ਗੀਤਾਂ ਦਾ ਪੱਕਾ ਵਸੇਬਾ ਹੈ। ਦੂਜੇ ਸ਼ਬਦਾਂ ਵਿਚ ਪ੍ਰਗੀਤ ਪੰਜਾਬੀ ਮਨ ਦੇ ਡੀ. ਐਨ. ਏ. ਦਾ ਸਥਾਈ ਅੰਗ ਬਣਿਆਂ ਹੋਇਆ ਹੈ। ਪ੍ਰਗੀਤ ਰੁਚੀ ਦੀ ਪ੍ਰਬਲਤਾ ਕਾਰਨ ਗੀਤ, ਗ਼ਜ਼ਲ ਅਤੇ ਰੁਬਾਈ ਗੁਰਭਜਨ ਗਿੱਲ ਦੇ ਮਨ ਭਾਉਂਦੇ ਕਾਵਿ ਰੂਪ ਹਨ। ਆਜ਼ਾਦ ਨਜ਼ਮ ਜਾਂ ਖੁੱਲੀ ਕਵਿਤਾ ਲਿਖਣ ਵੇਲੇ ਵੀ ਉਹਨਾਂ ਦੀ ਪ੍ਰਗੀਤ ਰੁਚੀ ਰੱਸੇ ਤੁੜਾ ਕੇ ਇਸ ਵਿਚ ਆ ਦਾਖਲ ਹੁੰਦੀ ਹੈ। ਸਤਰਾਂ ਦੇ ਤੁਕਾਂਤ ਮਿਲਣ ਲਈ ਬਿਹਬਲ ਰਹਿੰਦੇ ਹਨ। ਇੰਜ ਉਹਨਾਂ ਦੀ ਖੁੱਲ੍ਹੀ ਕਵਿਤਾ ਵੀ ਪੰਜਾਬੀ ਪਾਠਕ ਨੂੰ ਰਸੀਲੀ ਹੋ ਕੇ ਆਕਰਸ਼ਿਤ ਕਰਦੀ ਹੈ:

ਅੱਜ ਦੀ ਰਾਤ ਉਹਦੇ ਸਾਹਾਂ ਵਿਚ,
ਅਚਨਚੇਤ ਕੀਹ ਭਰਦੀ ਜਾਵੇ।
ਗੱਲਾਂ ਕਰਦਿਆਂ ਸਾਹ ਫੁੱਲਦਾ ਹੈ,
ਚੁੱਪ ਕਰਦੀ ਤਾਂ ਨੀਂਦ ਨਾ ਆਵੇ।
(ਅੱਜ ਦੀ ਰਾਤ)

ਮਿੱਟੀ ਦੇ ਘਰਾਂ ਤੇ ਕਾਨਿਆਂ ਵਿਚ
ਕਾਗ਼ਜ਼ੀ ਲਕੀਰਾਂ ਤੇ ਖਾਨਿਆਂ ਵਿਚ
ਬੱਚਾ ਕਿੰਨਾ ਕੁਝ ਉਸਾਰਦਾ ਹੈ
ਇਹ ਤੁਸੀਂ ਨਹੀਂ ਜਾਣ ਸਕਦੇ
ਕਿਉਂਕਿ ਤੁਸੀਂ ਬੱਚੇ ਨਹੀਂ ਹੋ
(ਕਿਉਂਕਿ ਤੁਸੀਂ ਬੱਚੇ ਨਹੀਂ ਹੋ)

ਕਵੀ ਗੁਰਭਜਨ ਗਿੱਲ ਦੀ ਜੀਵਨ ਸਰਗਰਮੀ ਬਹੁ-ਦਿਸ਼ਾਵੀ ਅਤੇ ਬਹੁ-ਪੱਖੀ ਹੈ। ਇਸ ਕਰਕੇ ਉਹਨਾਂ ਦਾ ਕਾਵਿ ਕਿਸੇ ਇਕ ਜਾਂ ਕੁਝ ਇਕ ਸੀਮਤ ਵਿਸ਼ਿਆਂ ਦੀ ਜਕੜ ਵਿਚ ਨਹੀਂ। ਰਸੂਲ ਹਮਜ਼ਾਤੋਵ ਦਾ ਕਹਿਣਾ ਹੈ ਕਿ ਜੇ ਕਵੀ ਕਵਿਤਾ ਲਿਖਣ ਲਈ ਵਿਸ਼ਾ ਪੁੱਛੇ ਤਾਂ ਉਸ ਨੂੰ ਕਹੋ ਕਿ ਉਹ ਅੱਖਾਂ ਖੋਲ੍ਹੇ। ਗੁਰਭਜਨ ਗਿੱਲ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਭਰਪੂਰਤਾ ਅਤੇ ਵੰਨ-ਸੁਵੰਨਤਾ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਡਾਹਢੀਆਂ ਖੁੱਲ੍ਹੀਆਂ ਅੱਖਾਂ ਵਾਲੇ ਕਵੀ ਹਨ।
ਗੁਰਭਜਨ ਕਾਵਿ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਬਹੁਤਾ ਕਹਿਣ ਦੀ ਲੋੜ ਨਹੀਂ। ਕਵਿਤਾ ਆਪ ਹੀ ਸਭ ਕੁਝ ਕਹਿ ਲੈਂਦੀ ਹੈ। ਇਹ ਆਪਣੇ ਪਾਠਕ ਨੂੰ ਸਿੱਧੀ ਜਾ ਮਿਲਣ ਵਾਲੀ ਹੈ। ਵਿਆਖਿਆਕਾਰ ਦੇ ਰੂਪ ਵਿਚ ਕਿਸੇ ਵਿਚੋਲੇ ਦੀ ਲੋੜ ਨਹੀਂ। ਇਹ ਗਿੱਲ ਸਾਹਿਬ ਦੇ ਸੁਭਾਅ ਵਾਂਗ ਖੁੱਲ੍ਹੀ ਖੁਲਾਸੀ ਹੈ, ਕੋਈ ਓਹਲਾ ਨਹੀਂ, ਪਰਦਾ ਨਹੀਂ:
ਏਸ ਤੋਂ ਪਹਿਲਾਂ ਕਿ ਮਘਦੇ ਸ਼ਬਦ
ਹੋ ਜਾਵਣ ਸਵਾਹ
ਜ਼ਿੰਦਗੀ ਤੁਰਦੀ ਨਿਰੰਤਰ ਠਹਿਰ ਜਾਵੇ
ਮੇਰੀ ਮੰਨੋ ਇਕ ਸਲਾਹ
ਸ਼ਬਦ ਨੂੰ ਬੇਪਰਦ ਕਰ ਦੇਵੋ
ਜੇ ਹੁਣ ਚੰਗਾ ਕਰੋ
ਸ਼ਬਦ ਨੂੰ ਨੰਗਾ ਕਰੋ
(ਸ਼ਬਦ ਨੂੰ ਨੰਗਾ ਕਰੋ)

ਨੰਗੇ ਸ਼ਬਦਾਂ ਦੀ ਇਸ ਸ਼ਾਇਰੀ ਦੇ ਪ੍ਰਵੇਸ਼ ਦੁਆਰ 'ਤੇ ਆਪ ਦਾ ਸਵਾਗਤ ਹੈ।