• Home
  • ਡੀਜੀਪੀ ਅਰੋੜਾ ਦੀਆਂ ਸ਼ਕਤੀਆਂ ਘਟੀਆਂ-ਡੀਜੀਪੀ ਮੁਸਤਫ਼ਾ ਬਣੇ ਸ਼ਰੀਕ!

ਡੀਜੀਪੀ ਅਰੋੜਾ ਦੀਆਂ ਸ਼ਕਤੀਆਂ ਘਟੀਆਂ-ਡੀਜੀਪੀ ਮੁਸਤਫ਼ਾ ਬਣੇ ਸ਼ਰੀਕ!

ਚੰਡੀਗੜ, (ਖ਼ਬਰ ਵਾਲੇ ਬਿਊਰੋ): ਭਾਵੇਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ 'ਚ ਤਿੰਨ ਮਹੀਨੇ ਦਾ ਵਾਧਾ 30 ਸਤੰਬਰ ਤੋਂ ਕਰਨ ਲਈ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਭਾਰਤ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ, ਪਰ ਕੈਪਟਨ ਸਰਕਾਰ ਨੇ ਡੀਜੀਪੀ ਅਰੋੜਾ ਦੇ ਬਰਾਬਰ ਮੁਹੰਮਦ ਮੁਸਤਫ਼ਾ ਨੂੰ ਲਾ ਕੇ ਇਕ ਤੀਰ ਨਾਲ ਦੋ ਸ਼ਿਕਾਰ ਕਰ ਲਏ ਹਨ। ਕਿਉਂਕਿ ਮੁਹੰਮਦ ਮੁਸਤਫ਼ਾ ਜਿਹੜੇ ਕਿ ਆਪਣੀ ਸੀਨੀਆਰਤਾ ਅਨੁਸਾਰ ਡੀਜੀਪੀ ਦੇ ਅਹੁਦੇ ਲਈ ਲੱਗਣ ਦੇ ਹੱਕਦਾਰ ਸਨ, ਨੂੰ ਡੀਜੀਪੀ ਅਰੋੜਾ ਦੀ ਅਧੀਨਗੀ ਤੋਂ ਕੱਢ ਕੇ ਐਸਟੀਐਫ਼ ਦਾ ਡੀਜੀਪੀ ਲਗਾ ਦਿੱਤਾ ਤੇ ਨਾਲ ਹੀ ਵਿਰੋਧੀ ਧਿਰ ਆਪ ਵਲੋਂ ਐਸਟੀਐਫ਼ ਦਾ ਚਾਰਜ ਸੁਤੰਤਰ ਕਰਨ ਲਈ ਕੀਤੇ ਜਾ ਰਹੇ ਸਰਕਾਰ 'ਤੇ ਹਮਲਿਆਂ ਨੂੰ ਵੀ ਠੱਲ ਦਿਤਾ।
ਗ੍ਰਹਿ ਵਿਭਾਗ ਵਲੋਂ ਐਸਟੀਐਫ਼ ਦਾ ਸੁਤੰਤਰ ਚਾਰਜ ਦੇਣ ਵਾਲਾ ਨੋਟੀਫ਼ਿਕੇਸ਼ਲ ਅੱਜ ਸ਼ਾਮ ਨੂੰ ਜਾਰੀ ਹੋ ਗਿਆ ਹੈ। ਪੰਜਾਬ ਦੀ ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਨੂੰ ਮਜ਼ਬੂਤ ਕਰਨ ਅਤੇ ਡਰੱਗਜ਼ ਦੀ ਦੁਰਵਰਤੋਂ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਐਸਟੀਐਫ ਰਾਜ ਦੇ ਖੁਫੀਆ ਵਿੰਗਾਂ ਦੀ ਤਰਜ਼ 'ਤੇ ਪੁਲਿਸ ਵਿਭਾਗ ਸੁਤੰਤਰ ਅਤੇ ਖ਼ੁਦਮੁਖਤਿਆਰ ਹੋ ਕੇ ਕੰਮ ਕਰੇਗੀ।

ਇਸ ਦਾ ਖੁਲਾਸਾ ਕਰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੂਬਾ ਗ੍ਰਹਿ ਵਿਭਾਗ ਨੇ ਐਸ.ਟੀ.ਐਫ ਨੂੰ ਇਕ ਆਜ਼ਾਦ ਤਾਕਤ ਬਣਾਉਣ ਅਤੇ ਪੰਜਾਬ ਰਾਜ ਨਾਰੋਟੈਕਸ ਨਿਯੰਤਰਣ ਬਿਊਰੋ ਨੂੰ ਐਸਟੀਐਫ ਨਾਲ ਮਿਲਾਉਣ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਨਾਲ ਸੂਬੇ 'ਚ ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਨੂੰ ਖ਼ਤਮ ਕੀਤਾ ਜਾ ਸਕੇ।