• Home
  • 7 ਅਕਤੂਬਰ ਨੂੰ ਕੌਣ ਪਵੇਗਾ ਭਾਰੂ-ਲੋਕਾਂ ਦੀ ਲੰਬੀ, ਪਟਿਆਲਾ ਤੇ ਬਰਗਾੜੀ ‘ਤੇ ਰਹੇਗੀ ਨਜ਼ਰ

7 ਅਕਤੂਬਰ ਨੂੰ ਕੌਣ ਪਵੇਗਾ ਭਾਰੂ-ਲੋਕਾਂ ਦੀ ਲੰਬੀ, ਪਟਿਆਲਾ ਤੇ ਬਰਗਾੜੀ ‘ਤੇ ਰਹੇਗੀ ਨਜ਼ਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਲਈ 7 ਅਕਤੂਬਰ ਦਾ ਦਿਨ ਰੈਲੀਆਂ, ਧਰਨਿਆਂ ਤੇ ਰੋਸ ਪ੍ਰਦਰਸ਼ਨਾਂ ਦਾ ਦਿਨ ਰਹੇਗਾ। ਕਾਂਗਰਸ ਤੇ ਅਕਾਲੀ ਦਲ ਨੇ ਜਿਥੇ ਇੱਕ ਦੂਜੇ ਨੂੰ ਜਵਾਬ ਦੇਣ ਲਈ ਕ੍ਰਮਵਾਰ ਲੰਬੀ ਤੇ ਪਟਿਆਲਾ 'ਚ ਰੈਲੀਆਂ ਰੱਖੀਆਂ ਹਨ ਉਥੇ ਹੀ ਸੁਖਪਾਲ ਖਹਿਰਾ ਧੜੇ ਵਲੋਂ ਕੋਟਕਪੂਰਾ ਤੋਂ ਬਰਗਾੜੀ ਤਕ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਨੇ ਬਰਗਾੜੀ ਵਿਖੇ ਰੋਸ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ।

ਇਨਾਂ ਸਾਰਿਆਂ 'ਚੋਂ ਕੌਣ ਬਾਜ਼ੀ ਮਾਰਦਾ ਹੈ ਤੇ ਕੌਣ ਵੱਡਾ ਇਕੱਠ ਕਰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਕੁਝ ਕੁ ਸੰਕੇਤ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਦੀ ਲੰਬੀ ਦੀ ਰੈਲੀ ਬਾਰੇ-ਇਸ ਰੈਲੀ ਦੀਆਂ ਤਿਆਰੀਆਂ ਚੁੱਪਚਾਪ ਬਿਨਾਂ ਕਿਸੇ ਰੌਲੇ ਰੱਪੇ ਤੋਂ ਹੋ ਰਹੀਆਂ ਹਨ ਤੇ ਆਸ ਹੈ ਕਿ ਕਾਂਗਰਸੀ ਵਰਕਰ ਆਮ ਵਾਂਗ ਹੀ ਇਸ ਰੈਲੀ 'ਚ ਸ਼ਿਰਕਤ ਕਰਨਗੇ।
ਰਹੀ ਗੱਲ ਅਕਾਲੀ ਦਲ ਦੀ ਪਟਿਆਲਾ ਰੈਲੀ ਦੀ-ਇਸ ਰੈਲੀ ਬਾਰੇ ਬਹੁਤ ਰੌਲਾ ਰੱਪਾ ਪੈ ਰਿਹਾ ਹੈ। ਅਕਾਲੀ ਦਲ ਨੇ ਰੈਲੀ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਢੀਂਡਸਾ ਨੂੰ ਦਿੱਤੀ ਪਰ ਉਹ ਸਾਰੇ ਅਹੁਦੇ ਛੱਡ ਕੇ ਅਗਿਆਤਵਾਸ ਹੋ ਗਏ।

ਅੱਜ ਆਈਆਂ ਖ਼ਬਰਾਂ ਨੇ ਪਟਿਆਲਾ ਰੈਲੀ ਨੂੰ ਹੋਰ ਖਟਾਸ 'ਚ ਪਾ ਦਿੱਤਾ ਜਦੋਂ ਮਾਝੇ ਦੇ ਟਕਸਾਲੀ ਅਕਾਲੀ ਆਗੂਆਂ ਨੇ ਰੈਲੀ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਡਾ. ਰਤਨ ਸਿੰਘ ਅਜਨਾਲਾ ਨੇ ਤਾਂ ਸੁਖਬੀਰ ਦੀ ਕਾਰਜਸ਼ੈਲੀ 'ਤੇ ਸਵਾਲ ਖੜੇ ਕਰਦਿਆਂ ਉਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਗੱਲ ਕਹਿ ਦਿੱਤੀ।
ਇਸ ਤੋਂ ਬਾਅਦ ਗੱਲ ਕਰੀਏ ਸੁਖਪਾਲ ਖਹਿਰਾ ਧੜੇ ਵਲੋਂ ਰੱਖੇ ਰੋਸ ਮਾਰਚ ਦੀ-ਇਸ ਧੜੇ ਨੇ ਸਭ ਤੋਂ ਪਹਿਲਾਂ ਇਸ ਮਾਰਚ ਬਾਰੇ ਐਲਾਨ ਕੀਤਾ ਸੀ ਤੇ ਅਕਾਲੀ ਦਲ ਤੇ ਕਾਂਗਰਸ ਨੇ ਰੈਲੀਆਂ ਦਾ ਐਲਾਨ ਬਾਅਦ 'ਚ ਕੀਤਾ ਸੀ। ਜਿਸ ਤੋਂ ਬਾਅਦ ਖਹਿਰਾ ਨੇ ਦੋਸ਼ ਲਾਇਆ ਸੀ ਕਿ ਅਕਾਲੀ ਤੇ ਕਾਂਗਰਸੀ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਮਿਲ ਕੇ ਬਚਾਉਣਾ ਚਾਹੁੰਦੇ ਹਨ ਇਸੇ ਲਈ ਰੈਲੀਆਂ ਦੀ ਖੇਡਣ ਲੱਗ ਪਏ ਹਨ।

ਖਹਿਰਾ ਦੀ ਇਹ ਚਿੰਤਾ ਅਜੇ ਖ਼ਤਮ ਹੋਈ ਹੀ ਨਹੀਂ ਸੀ ਕਿ ਉਨਾਂ ਦੇ ਪੁਰਾਣੇ ਸਾਥੀਆਂ ਭਾਵ ਆਮ ਆਦਮੀ ਪਾਰਟੀ ਨੇ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਉਹ 7 ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਦੇਣਗੇ ਤੇ ਜਦੋਂ ਖਹਿਰਾ ਨੇ ਇਸ ਧਰਨੇ ਬਾਰੇ ਤਿੱਖੀ ਪ੍ਰਤੀਕਿਰਿਆ ਕੀਤੀ ਤਾਂ ਉਨਾਂ ਨੇ ਧਰਨੇ ਦੀ ਥਾਂ ਬਦਲ ਕੇ ਬਰਗਾੜੀ ਕਰ ਦਿੱਤਾ।
ਉਧਰ 1 ਜੂਨ ਤੋਂ ਇਨਸਾਫ਼ ਮੋਰਚੇ ਦੇ ਆਗੂ ਬਰਗਾੜੀ ਵਿਖੇ ਧਰਨੇ 'ਤੇ ਬੈਠੇ ਹੋਏ ਹਨ। ਉਹ ਇਥੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਮਰਥਨ ਦੇਣਗੇ ਜਾਂ ਖਹਿਰਾ ਧੜੇ ਵਲੋਂ ਪਹੁੰਚੇ ਰੋਸ ਮਾਰਚ ਨੂੰ-ਇਸ ਬਾਰੇ ਫੈਸਲਾ ਵੀ ਸਮੇਂ ਦੇ ਗਰਭ 'ਚ ਹੈ।

ਕਿਹਾ ਜਾ ਰਿਹਾ ਹੈ ਕਿ ਆਪ ਵਾਲਿਆਂ ਨੂੰ ਲੋਕਾਂ ਦਾ ਸਮਰਥਨ ਘੱਟ ਹੋਣ ਕਾਰਨ ਉਨਾਂ ਨੇ ਇਹ ਧਰਨਾ ਬਰਗਾੜੀ ਵਿਖੇ ਰਖਿਆ ਪਰ ਸਮੇਂ ਦੀ ਮੰਗ ਹੈ ਕਿ ਇਹ ਸਾਰੇ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਮਿਲ ਜੁਲ ਕੇ ਸਜ਼ਾਵਾਂ ਦਿਵਾਉਣ। ਜੇਕਰ ਇਨਾਂ ਸੰਵੇਦਨਸ਼ੀਲ ਮਾਮਲਿਆਂ 'ਤੇ ਰਾਜਨੀਤੀ ਕਰਨੀ ਹੈ ਤਾਂ ਕਰੀ ਜਾਣ-ਲੋਕ ਮੂਰਖ ਨਹੀਂ, ਸਭ ਸਮਝਦੇ ਹਨ।