• Home
  • ਸੁਖਬੀਰ ਬਾਦਲ ਦੇ ਵਿਰੁੱਧ ਮਾਸਟਰ ਤਾਰਾ ਸਿੰਘ ਦੀ ਵਾਰਿਸ ਬੀਬੀ ਕਿਰਨਜੋਤ ਕੌਰ ਨੇ ਵੀ ਖੋਲ੍ਹਿਆ ਮੋਰਚਾ

ਸੁਖਬੀਰ ਬਾਦਲ ਦੇ ਵਿਰੁੱਧ ਮਾਸਟਰ ਤਾਰਾ ਸਿੰਘ ਦੀ ਵਾਰਿਸ ਬੀਬੀ ਕਿਰਨਜੋਤ ਕੌਰ ਨੇ ਵੀ ਖੋਲ੍ਹਿਆ ਮੋਰਚਾ

ਅੰਮ੍ਰਿਤਸਰ ,(ਖਬਰ ਵਾਲੇ ਬਿਊਰੋ )-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ,ਡੇਰਾ ਸੱਚਾ ਸੌਦਾ ਮੁਖੀ ਨੂੰ ਬਿਨਾਂ ਮੰਗੇ ਮੁਆਫੀ ਦੇਣ ਦੇ ਮੁੱਦੇ ਤੋਂ ਇਲਾਵਾ ਬਹਿਬਲ ਕਲਾਂ ਆਦਿ ਵਰਗੀਆਂ ਵਾਪਰੀਆਂ ਘਟਨਾਵਾਂ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਵਿਰੁੱਧ ਹੁਣ ਅਕਾਲੀ ਦਲ ਦੇ ਹੇਠਲੇ ਪੱਧਰ ਚ ਵੀ ਦਿਨੋਂ ਦਿਨ ਰੋਸ ਵਧਦਾ ਜਾ ਰਿਹਾ ਹੈ ।

ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਮਾਮਲਿਆਂ ਵਿੱਚ ਸਿੱਧਾ ਦਖ਼ਲ  ਦੇਣ ਕਾਰਨ ਪੰਥਕ ਰਵਾਇਤਾਂ ਦੇ ਕੀਤੇ  ਘਾਣ ਆਦਿ ਮੁੱਦਿਆਂ ਤੇ ਵੱਡੇ ਵੱਡੇ ਅਕਾਲੀ ਲੀਡਰਾਂ ਵੱਲੋਂ ਵੀ ਦਬਵੀਂ ਸੁਰ ਚ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ । ਭਾਵੇਂ ਪਿਛਲੇ ਦਿਨੀਂ  ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖੁਦ ਅਸਤੀਫਾ ਦੇਣ ਲਈ ਕਿਹਾ ਸੀ ,ਤੇ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾਵਾਂ ਤੇ ਹੋਰ ਮੁੱਦਿਆਂ ਤੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਗਿਆ ਸੀ ।

ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਇਕਲੌਤੀ ਵਾਰਿਸ ਬੀਬੀ ਕਿਰਨਜੋਤ ਕੌਰ( ਸਾਬਕਾ ਜਨਰਲ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਦਿਆਂ ਕਿਹਾ ਕਿ ਉਨ੍ਹਾਂ ਦੇ ਵਡੇਰਿਆਂ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਸ਼ਹਾਦਤਾਂ ਦੇ ਕੇ ਸਿਰਜੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਸੁਖਬੀਰ ਸਿੰਘ ਬਾਦਲ ਯੋਗ ਨਹੀਂ ਹਨ  ,ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਤੇ ਹੁੰਦਿਆਂ ਹੋਇਆ ਪੰਥਕ ਹਿੱਤਾਂ ਦਾ ਘਾਣ ਕੀਤਾ ਹੈ ।

ਬੀਬੀ ਕਿਰਨਜੋਤ ਕੌਰ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਅਸਥਾਨ  ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਨ  ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਨੂੰ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ।