• Home
  • ਸਲੋਹ ਨੂੰ ਰੇਲ ਰਾਹੀਂ ਹੀਥਰੋ ਹਵਾਈ ਅੱਡੇ ਨਾਲ ਜੋੜਨ ਲਈ ਸੰਸਦ ‘ਚ ਪਾਰਟੀ ਤੋਂ ਉਪਰ ਉਠ ਕੇ ਹਮਾਇਤ ‘ਚ ਉਤਰੇ ਮੈਂਬਰ

ਸਲੋਹ ਨੂੰ ਰੇਲ ਰਾਹੀਂ ਹੀਥਰੋ ਹਵਾਈ ਅੱਡੇ ਨਾਲ ਜੋੜਨ ਲਈ ਸੰਸਦ ‘ਚ ਪਾਰਟੀ ਤੋਂ ਉਪਰ ਉਠ ਕੇ ਹਮਾਇਤ ‘ਚ ਉਤਰੇ ਮੈਂਬਰ

·         ਰੇਲ ਰਾਹੀਂ 52 ਮਿੰਟਾਂ ਦੀ ਥਾਂ 6 ਮਿੰਟ ਦਾ ਸਮਾਂ ਲੱਗੇਗਾ ਸਲੋਹ ਤੋਂ ਹੀਥਰੋ ਅੱਡੇ ਤੱਕ

 
ਸਲੋਹ 9 ਫਰਵਰੀ : ਇੱਥੇ ਸਰਵ ਪਾਰਟੀ ਸੰਸਦੀ ਗਰੁੱਪ (ਏਪੀਜੀਪੀ) ਦੀ ਬੈਠਕ ਦੌਰਾਨ ਬਰਤਾਨਵੀ ਸੰਸਦ ਦੇ ਮੈਂਬਰਾਂ, ਹਾਊਸ ਆਫ਼ ਲਾਰਡਜ਼, ਵਪਾਰ ਅਤੇ ਕਮਿਊਨਿਟੀ ਨੇਤਾਵਾਂ ਤੋਂ ਇਲਾਵਾ ਸਥਾਨਕ ਕੌਂਸਲ ਦੇ ਆਗੂਆਂ ਨੇ ਪੰਜਾਬੀਆਂ ਦੇ ਬਹੁ-ਗਿਣਤੀ ਵਾਲੇ ਸਲੋਹ ਸ਼ਹਿਰ ਨੂੰ ਰੇਲ ਰਾਹੀਂ ਹੀਥਰੋ ਹਵਾਈ ਅੱਡੇ ਨਾਲ ਜੋੜਨ ਵਾਲੇ 'ਪੱਛਮੀ ਰੇਲ ਲਿੰਕ ਟੂ ਹੀਥਰੋ' ਪ੍ਰਾਜੈਕਟ ਦੀ ਪ੍ਰਗਤੀ 'ਤੇ ਵਿਚਾਰਾਂ ਕੀਤੀਆਂ ਅਤੇ ਇਸ ਪ੍ਰਾਜੈਕਟ ਨੂੰ ਪਾਰਟੀ ਤੋਂ ਉਪਰ ਉਠ ਕੇ ਹਮਾਇਤ ਦਿੰਦਿਆਂ ਇਸ ਵੱਕਾਰੀ ਯੋਜਨਾ ਨੂੰ ਛੇਤੀ ਲਾਗੂ ਕਰਨ ਲਈ ਹੋਰ ਸੰਸਦ ਮੈਂਬਰਾਂ ਅਤੇ ਬਾਹਰੀ ਸਮਰਥਕਾਂ ਤੋਂ ਵਿਆਪਕ ਹਮਾਇਤ ਪ੍ਰਾਪਤ ਕਰਨ ਦਾ ਫੈਸਲਾ ਕੀਤਾ।

ਸੰਸਦ ਮੈਂਬਰ ਤੇ ਏਪੀਜੀਪੀ ਦੇ ਸਹਿ-ਚੇਅਰਮੈਨ ਤਨਮਨਜੀਤ ਸਿੰਘ ਢੇਸੀ ਨੇ ਪ੍ਰਸਤਾਵਿਤ ਰੇਲ ਲਾਈਨ ਦੇ ਲਾਭਾਂ ਨੂੰ ਆਰਥਿਕ ਅਤੇ ਵਾਤਾਵਰਣ ਦੋਵਾਂ ਰੂਪਾਂ ਵਿਚ ਦਰਸਾਉਂਦਿਆਂ ਕਿਹਾ ਕਿ ਇਸ ਲਾਈਨ ਨਾਲ ਜੁੜੀਆਂ ਸਥਾਨਕ ਚਿੰਤਾਵਾਂ ਨੂੰ ਵੀ ਨਾਲੋ-ਨਾਲ ਹੱਲ ਕੀਤਾ ਜਾਵੇ। ਐਮਪੀ ਰਿਚਰਡ ਬੈਨੀਅਨ ਸਹਿ-ਚੇਅਰਮੈਨ ਨੇ ਇਸ ਯੋਜਨਾ ਦੇ ਸ਼ੁਰੂ ਹੋਣ ਵਿੱਚ ਦੇਰੀ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਨਿਊਬਰੀ, ਸਮੇਤ ਇੰਗਲੈਂਡ ਅਤੇ ਵੇਲਜ਼ ਦੇ ਦੱਖਣੀ ਤੇ ਪੱਛਮੀ ਖੇਤਰਾਂ ਨੂੰ ਇਸ ਤੋਂ ਹੋਣ ਵਾਲ ਵਿਸ਼ਾਲ ਫਾਇਦੇ ਬਾਰੇ ਸਮਝਾਇਆ।

ਥੇਮਜ਼ ਵੈਲੀ ਚੈਂਬਰ ਆਫ਼ ਕਾਮਰਸ ਦੇ ਪਾਲ ਬ੍ਰਿਟੇਨ ਅਤੇ ਨੈਟਵਰਕ ਰੇਲ ਦੇ ਗੈਰੇਟਰ ਹਰੀਲੀ ਨੇ ਵਿਸਥਾਰਤ ਪੇਸ਼ਕਾਰੀ ਦੌਰਾਨ ਇਸ ਯੋਜਨਾ ਤੋਂ ਹੋਣ ਵਾਲੇ ਫਾਇਦਿਆਂ ਨੂੰ ਉਜਾਗਰ ਕੀਤਾ ਕਿਉਂਕਿ ਯੂਕੇ ਦੀ ਆਬਾਦੀ ਦਾ 20 ਫੀਸਦ ਹਿੱਸਾ ਯੂਰਪ ਦੇ ਸਭ ਤੋਂ ਵੱਧ ਵਿਅਸਤ ਹਵਾਈ ਅੱਡੇ ਦੇ ਦਾਇਰੇ ਵਿੱਚ ਵਸਦਾ ਹੈ। ਥਾਮਸ ਵੈਲੀ ਬਰਕਸ਼ਾਯਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਰੇਲ ਲਿੰਕ ਸਟੀਅਰਿੰਗ ਗਰੁੱਪ ਦੇ ਕੋਆਰਡੀਨੇਟਰ ਟਾਮ ਸਮਿੱਥ ਨੇ ਕਿਹਾ ਕਿ ਇਹ ਏਪੀਪੀਜੀ ਬਹੁਤ ਰਚਨਾਤਮਕ ਹੈ ਅਤੇ ਇਸ ਪ੍ਰਾਜੈਕਟ ਲਈ ਉਨਾਂ ਸਪਸ਼ਟ ਅਤੇ ਮਜ਼ਬੂਤ ਸਮਰਥਨ ਦੁਹਰਾਇਆ।

ਇਸ ਮੌਕੇ ਕੌਮੀ ਬੁਨਿਆਦੀ ਢਾਂਚਾ ਕਮਿਸ਼ਨ ਦੇ ਚੇਅਰਮੈਨ ਸਰ ਜਾਨ ਆਰਮਿਟ, ਜੋ ਕਿ ਹਵਾਈ ਅੱਡਾ ਕਮਿਸ਼ਨ ਦੇ ਕਮਿਸ਼ਨਰ ਅਤੇ ਓਲੰਪਿਕ ਡਿਲਿਵਰੀ ਅਥਾਰਟੀ ਦੇ ਚੇਅਰਮੈਨ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ, ਨੇ ਇਸ ਰੇਲ ਲਿੰਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਪਾਸੇ ਹਾਲੇ ਬਹੁਤ ਕੰਮ ਕਰਨ ਦੀ ਲੋੜ ਹੈ ਅਤੇ ਇਹ ਸਿਰਫ ਸਾਂਝੇਦਾਰੀ ਦੁਆਰਾ ਹੀ ਨੇਪਰੇ ਚੜ ਸਕੇਗਾ।

ਜ਼ਿਕਰਯੋਗ ਹੈ ਕਿ ਹੀਥਰੋ ਹਵਾਈ ਅੱਡੇ ਲਈ ਪ੍ਰਸਤਾਵਿਤ ਇਸ ਪੱਛਮੀ ਰੇਲ ਲਿੰਕ ਨਾਲ ਸਲੋਹ ਅਤੇ ਹੀਥਰੋ ਅੱਡੇ ਵਿਚਕਾਰ 6.5 ਕਿਲੋਮੀਟਰ ਲੰਮੀ ਰੇਲ ਲਾਈਨ ਵਿਛਾਈ ਜਾਣੀ ਹੈ। ਇਹ ਰੇਲਵੇ ਲਾਈਨ ਦੱਖਣੀ ਕੋਸਟ, ਸਾਊਥ ਵੈਸਟ, ਵੇਲਜ਼ ਅਤੇ ਵੈਸਟ ਮਿਡਲੈਂਡਜ਼ ਤੋਂ ਹੀਥਰੋ ਜਾਣ ਵਾਲੇ ਯਾਤਰੀਆਂ ਲਈ ਯਾਤਰਾ ਦੇ ਸਮੇਂ ਨੂੰ ਘਟਾ ਦੇਵੇਗੀ ਕਿਉਂਕਿ ਯਾਤਰੂਆਂ ਨੂੰ ਲੰਡਨ ਤੇ ਪੈਡਿੰਗਟਨ ਜਾਣ ਦੀ ਕੋਈ ਲੋੜ ਨਹੀਂ ਹੋਵੇਗੀ।

ਇਹ ਰੇਲ ਪਟੜੀ ਧੂੰਏ ਦੇ ਨਿਕਾਸ ਨੂੰ ਘੱਟ ਕਰਨ ਤੋਂ ਇਲਾਵਾ ਦੇ ਇਲਾਵਾ ਸਭ ਤੋਂ ਵਿਅਸਤ ਮੋਟਰਵੇਅ ਸੜਕਾਂ ਅਤੇ ਹੋਰ ਜੋੜ ਸੜਕਾਂ 'ਤੇ ਭੀੜ ਨੂੰ ਘੱਟ ਕਰਨ ਵਿੱਚ ਵੀ ਸਹਾਈ ਹੋਵੇਗੀ। ਇਸ ਦੇ ਚਾਲੂ ਹੋਣ ਸਦਕਾ ਸਲੋਹ ਤੋਂ ਹੀਥਰੋ ਅੱਡੇ ਤੱਕ ਦਾ ਸਫ਼ਰ 52 ਮਿੰਟਾਂ ਦੀ ਥਾਂ ਸਿਰਫ਼ 6 ਮਿੰਟ ਦਾ ਰਹਿ ਜਾਵੇਗਾ। ਇਸੇ ਤਰਾਂ ਰੈਡਿੰਗ ਤੋਂ 68 ਮਿੰਟ ਦੀ ਥਾਂ 26 ਮਿੰਟ ਅਤੇ ਮੈਡਨਹੈਡ ਨੂੰ 59 ਮਿੰਟਾਂ ਦੇ ਸਫ਼ਰ ਦੀ ਥਾਂ 14 ਮਿੰਟ ਹੀ ਲੱਗਣਗੇ। ਇਸ ਤੋਂ ਇਲਾਵਾ ਵਾਹਨਾਂ ਵੱਲੋਂ ਸਾਲਾਨਾ 30 ਮਿਲੀਅਨ ਸੜਕੀ ਮੀਲ ਆਵਾਜਾਈ ਦੌਰਾਨ ਨਿੱਕਲਦੀਆਂ ਕਾਰਬਨ ਗੈਸਾਂ ਦੀ ਨਿਕਾਸੀ ਵੀ ਬੇਹੱਦ ਘਟ ਜਾਵੇਗੀ।

ਉਕਤ ਤੋਂ ਇਲਾਵਾ ਹੀਥਰੋ ਤੋਂ 60 ਮਿੰਟ ਦੀ ਦੂਰੀ 'ਤੇ ਸਥਾਪਤ ਦੇਸ਼ ਦੇ ਕਰੀਬ 70 ਫੀਸਦ ਵਿਦੇਸ਼ੀ ਵਪਾਰਕ ਕਾਰੋਬਾਰਾਂ ਨੂੰ ਵਧੇਰੇ ਪ੍ਰਭਾਵੀ ਪਹੁੰਚ ਮਿਲੇਗੀ ਅਤੇ ਹੋਰਨਾਂ ਖੇਤਰਾਂ ਵਿਚ ਵੀ ਵਧੇਰੇ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਰੇਲ ਲਾਈਨ ਦੇ ਬਣਨ ਨਾਲ ਕੌਮੀ ਪੱਧਰ 'ਤੇ ਆਰਥਿਕ ਗਤੀਵਿਧੀ ਵਧ ਕੇ 800 ਮਿਲੀਅਨ ਪੌਂਡ ਹੋਣ ਦੀ ਉਮੀਦ ਹੈ।

ਇਸ ਸਰਬ ਸਾਂਝੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕ੍ਰਿਸਟੀਨ ਰੀਸ, ਐਂਡੀ ਮੈਕਡੌਨਲਡ, ਸਾਬਕਾ ਅਟਾਰਨੀ ਜਨਰਲ ਡੋਮਿਨਿਕ ਗਰੀਵ, ਮੈਟ ਰੋਡਾ, ਲਿਉਕ ਪੋਲਾਰਡ, ਮੈਟ ਵੈਸਟਰਨ, ਡੇਵਿਡ ਡਰਿਊ ਅਤੇ ਜਿਮ ਸ਼ੈਨਨ (ਸਾਰੇ ਸੰਸਦ ਮੈਂਬਰ) ਅਤੇ ਲਾਰਡ ਰਣਬੀਰ ਸਿੰਘ ਸੂਰੀ ਵੀ ਹਾਜ਼ਰ ਸਨ।