• Home
  • ਕਾਂਗਰਸ ਹਾਈ ਕਮਾਨ ਦੀ ਵੀ ਨਹੀਂ ਚੱਲੀ , ਪੰਜਾਬ ਸਰਕਾਰ ਨਹੀਂ ਘਟਾਵੇਗੀ ਤੇਲ ਤੋਂ ਵੈਟ.!

ਕਾਂਗਰਸ ਹਾਈ ਕਮਾਨ ਦੀ ਵੀ ਨਹੀਂ ਚੱਲੀ , ਪੰਜਾਬ ਸਰਕਾਰ ਨਹੀਂ ਘਟਾਵੇਗੀ ਤੇਲ ਤੋਂ ਵੈਟ.!

ਚੰਡੀਗੜ੍( ਖ਼ਬਰ ਵਾਲੇ ਬਿਊਰੋ )-- ਦਿੱਲੀ ਦੀ ਕਾਂਗਰਸ  ਹਾਈਕਮਾਨ ਵੱਲੋਂ  ਤੇਲ ਤੇ ਵੈਟ ਘਟਾਉਣ ਲਈ ਪੰਜਾਬ ਸਰਕਾਰ ਨੂੰ ਦਿੱਤੇ ਗਏ ਸੁਝਾਅ ਨੂੰ ਰੱਦ ਕਰਦਿਆਂ  ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਿਰ ਖਰਚੇ ਜ਼ਿਆਦਾ ਹਨ, ਪਰ ਆਮਦਨ ਘੱਟ ਹੈ।
ਮਨਪ੍ਰੀਤ ਬਾਦਲ ਨੇ ਸੁਝਾਅ ਦਿੱਤਾ ਕਿ ਜੇਕਰ ਕੇਂਦਰ ਸਰਕਾਰ ਆਪਣੇ ਹਿੱਸੇ ਦਾ ਵੈਟ ਘੱਟ ਕਰਦੀ ਹੈ ਤਾਂ ਪੰਜਾਬ ਵੀ ਆਪਣੇ ਹਿੱਸੇ ਦਾ ਵੈਟ ਘੱਟ ਕਰਨ ਲਈ ਤਿਆਰ ਹੈ।
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਡੀਜ਼ਲ ਅਤੇ ਪੈਟਰੋਲ ਨੂੰ ਪੂਰੇ ਦੇਸ਼ ਵਿੱਚ ਇੱਕ ਸਮਾਨ ਕੀਮਤਾਂ ਤੇ ਕਰਨ ਅਤੇ ਜੀਐੱਸਟੀ ਨਾਲ ਜੋੜਨ ਦਾ ਸੁਝਾਅ ਵੀ ਦਿੱਤਾ ਹੈ  ।
ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਤੇਲ ਦੀਆਂ ਕੀਮਤਾਂ ਅਤੇ ਡਾਲਰ ਦੀਆਂ ਕੀਮਤਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਭਾਰੀ ਉਤਾਰ ਚੜ੍ਹਾਅ ਦੇਖਿਆ ਜਾ ਰਿਹਾ ਹੈ ਅਤੇ ਇਸ ਦਾ ਕੋਈ ਅੰਤਰ ਨਜ਼ਰ ਨਹੀਂ ਆ ਰਿਹਾ।  ਉਨ੍ਹਾਂ ਕਿਹਾ ਕਿ ਅੱਠ ਮਹੀਨੇ ਪਹਿਲਾਂ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਵੀ ਇਹ ਸੁਝਾਅ ਦਿੱਤਾ ਗਿਆ ਸੀ ਕਿ ਡੀਜ਼ਲ ਪੈਟਰੋਲ ਨੂੰ ਜੀਐੱਸਟੀ ਨਾਲ ਜੋੜ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਤੇਲ ਤੇ ਵੈਟ ਦੀਆਂ ਕੀਮਤਾਂ ਵਿੱਚ ਨੌਂ ਵਾਰ ਵਾਧਾ ਕੀਤਾ ਗਿਆ, ਜਦਕਿ ਪੰਜਾਬ ਵਿੱਚ ਪਿਛਲੇ ਦਸ ਸਾਲਾਂ ਤੋਂ ਤੇਲ ਤੇ ਵੈਟ ਦੀ ਦਰ ਪੁਰਾਣੀ ਹੀ ਚੱਲੀ ਆ ਰਹੀ ਹੈ।
ਮਨਪ੍ਰੀਤ ਦਾ ਕਹਿਣਾ ਸੀ ਕਿ ਉਹ ਖੁਦ ਇਸ ਹੱਕ ਵਿਚ ਹਨ ਕਿ ਇੱਕ ਦੇਸ਼- ਇੱਕ ਮੁੱਲ ਫਾਰਮੂਲਾ ਲਾਗੂ ਹੋਣਾ ਚਾਹੀਦਾ ਹੈ।  ਮਨਪ੍ਰੀਤ ਨੇ ਦੁਹਰਾਇਆ ਕਿ ਵੈਟ ਵਿੱਚ ਸੂਬਿਆਂ ਦਾ ਹਿੱਸਾ ਵੀ ਹੁੰਦਾ ਹੈ, ਪਰ ਪਿਛਲੇ ਦੋ ਸਾਲਾਂ ਤੋਂ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਵਿੱਚ ਕਮੀ ਕਰਕੇ ਸੂਬਿਆਂ ਦੇ ਹਿੱਸੇ ਨੂੰ ਘਟਾ ਰਹੀ  ਹੈ , ਜਦਕਿ ਵਿਸ਼ੇਸ਼ ਐਕਸਾਈਜ਼ ਟੈਕਸ ਰਾਹੀਂ ਖੁਦ ਦਾ ਖਜ਼ਾਨਾ ਭਰ ਰਹੀ ਹੈ , ਜਿਸ ਕਾਰਨ ਸੂਬਿਆਂ ਵਿੱਚ ਆਰਥਿਕ ਪ੍ਰੇਸ਼ਾਨੀਆਂ ਲਗਾਤਾਰ ਵੱਧ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਐਕਸਾਈਜ਼ ਟੈਕਸ ਵਿੱਚ ਸੂਬਾ ਸਰਕਾਰਾਂ ਦਾ ਹਿੱਸਾ ਨਹੀਂ ਹੁੰਦਾ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਡੀਜ਼ਲ ਤੇ ਵੈਟ ਸਭ ਤੋਂ ਘੱਟ ਹੈ.। ਡੀਜ਼ਲ ਤੇ ਵੈਟ ਇਸ ਲਈ ਘੱਟ ਰੱਖਿਆ ਗਿਆ ਹੈ ਕਿਉਂਕਿ ਸੂਬੇ ਵਿੱਚ ਡੀਜ਼ਲ ਦੀ ਖ਼ਪਤ ਕਿਸਾਨਾਂ ਵੱਲੋਂ ਵੀ ਕਾਫੀ ਮਾਤਰਾ ਵਿਚ ਕੀਤੀ ਜਾਂਦੀ ਹੈ। ਇਸੇ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਪੈਟਰੋਲ ਤੇ ਵੈਟ ਵੱਧ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ  ਉੱਤਰੀ ਭਾਰਤ ਦੇ ਪੰਜ ਸੂਬਿਆਂ ਦੀ ਗਠਿਤ ਕਮੇਟੀ ਵਿੱਚ ਵੀ ਉਠਾਉਣਗੇ। ਵਿੱਤ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ ਡੀਜ਼ਲ ਪੈਟਰੋਲ ਤੇ ਹੀ ਨਹੀਂ ਸਗੋਂ ਸ਼ਰਾਬ ਦੀਆਂ ਕੀਮਤਾਂ ਵੀ ਪੰਜਾਂ ਸੂਬਿਆਂ ਵਿੱਚ ਇੱਕਸਾਰ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸਮੱਗਲਿੰਗ ਰੁਕ ਸਕੇ।