• Home
  • ਲੁਧਿਆਣਾ ਪੁਲਿਸ ਵੱਲੋਂ ਫਰਜ਼ੀ ਫੌਜ ਭਰਤੀ ਦਾਖ਼ਲਾ ਕਾਰਡ ਮੁਹੱਈਆ ਕਰਾਉਣ ਵਾਲੇ ਸਾਬਕਾ ਫੌਜੀ ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ ਪੁਲਿਸ ਵੱਲੋਂ ਫਰਜ਼ੀ ਫੌਜ ਭਰਤੀ ਦਾਖ਼ਲਾ ਕਾਰਡ ਮੁਹੱਈਆ ਕਰਾਉਣ ਵਾਲੇ ਸਾਬਕਾ ਫੌਜੀ ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ, 16 ਮਾਰਚ -ਸਥਾਨਕ ਡਵੀਜਨ ਨੰਬਰ-5 ਪੁਲਿਸ ਨੇ ਸਾਬਕਾ ਫੌਜੀ ਹੌਲਦਾਰ ਗੁਰਚਰਨ ਸਿੰਘ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਸਾਬਕਾ ਫੌਜੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਫਰਜ਼ੀ ਦਾਖ਼ਲਾ ਕਾਰਡ ਮੁਹੱਈਆ ਕਰਵਾਉਂਦਾ ਸੀ। ਇਹ ਜਾਣਕਾਰੀ ਫੌਜ ਭਰਤੀ ਦਫ਼ਤਰ, ਲੁਧਿਆਣਾ ਦੇ ਡਾਇਰੈਕਟਰ ਰਿਕਰੂਟਿੰਗ ਕਰਨਲ ਵਿਸ਼ਾਲ ਦੂਬੇ ਨੇ ਦਿੱਤੀ। ਜਾਣਕਾਰੀ ਅਨੁਸਾਰ ਸਥਾਨਕ ਭਰਤੀ ਦਫ਼ਤਰ ਨੂੰ ਪਿਛਲੇ ਕਈ ਹਫ਼ਤਿਆਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਾਬਕਾ ਫੌਜੀ ਹੌਲਦਾਰ ਗੁਰਚਰਨ ਸਿੰਘ ਵੱਲੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਾਉਣ ਲਈ ਦਲਾਲਪੁਣੇ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਾਰੀਆਂ ਸ਼ਿਕਾਇਤਾਂ ਨੂੰ ਪੁਖ਼ਤਾ ਕਰਦਿਆਂ ਪਿੰਡ ਸੁਧਾਰ ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਦੇ ਕੁਝ ਵਾਸੀਆਂ ਨੇ ਭਰਤੀ ਦਫ਼ਤਰ ਵਿਖੇ ਸਬੂਤਾਂ ਸਮੇਤ ਪਹੁੰਚ ਕੀਤੀ। ਸ਼ਿਕਾਇਤਕਰਤਾਵਾਂ ਨੇ ਲਿਖ਼ਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਬਕਾ ਫੌਜੀ ਹੌਲਦਾਰ ਗੁਰਚਰਨ ਸਿੰਘ ਨੌਜਵਾਨਾਂ ਨੂੰ 65 ਹਜ਼ਾਰ (ਕਰੀਬ) ਰੁਪਏ ਲੈ ਕੇ ਫਰਜ਼ੀ ਭਰਤੀ ਦਾਖ਼ਲਾ ਕਾਰਡ ਮੁਹੱਈਆ ਕਰਵਾ ਰਿਹਾ ਹੈ। ਇਸ ਪੂਰੇ ਮਾਮਲੇ ਦੀ ਫੌਜ ਭਰਤੀ ਦਫ਼ਤਰ ਵੱਲੋਂ ਡਵੀਜ਼ਨ ਨੰਬਰ-5 ਦੇ ਐੱਸ. ਐੱਚ. ਓ. ਸ੍ਰੀ ਗੋਲਡੀ ਵਿਰਦੀ ਨਾਲ ਤਾਲਮੇਲ ਨਾਲ ਜਾਂਚ ਕੀਤੀ ਗਈ ਤਾਂ ਇਹ ਸਾਰਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਸੰਬੰਧੀ ਪੁਲਿਸ ਸਟੇਸ਼ਨ ਡਵੀਜਨ ਨੰਬਰ-5 ਵਿਖੇ ਸਾਬਕਾ ਫੌਜੀ ਹੌਲਦਾਰ ਗੁਰਚਰਨ ਸਿੰਘ ਪੁੱਤਰ ਮੇਜਰ ਸਿੰਘ, ਪਿੰਡ ਸੁਧਾਰ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।