• Home
  • ਏਸ਼ੀਆਈ ਖੇਡਾਂ ਅੱਜ ਤੋਂ, ਪ੍ਰਬੰਧਾਂ ਲਈ 15 ਅਰਬ 70 ਕਰੋੜ ਖਰਚਣ ਦੇ ਬਾਵਜੂਦ ਬੀਮਾਰੀ ਦਾ ਖੌਅ

ਏਸ਼ੀਆਈ ਖੇਡਾਂ ਅੱਜ ਤੋਂ, ਪ੍ਰਬੰਧਾਂ ਲਈ 15 ਅਰਬ 70 ਕਰੋੜ ਖਰਚਣ ਦੇ ਬਾਵਜੂਦ ਬੀਮਾਰੀ ਦਾ ਖੌਅ

ਜਕਾਰਤਾ (ਏਜੰਸੀ) :

ਜਕਾਰਤਾ ਵਿੱਚ ਚੌੜੇ ਫੁੱਟਪਾਥ, ਬਾਈਕ ਲੇਨ ਅਤੇ ਦਰੱਖਤ ਅਚਾਨਕ ਉੱਭਰ ਆਏ ਹਨ। ਪ੍ਰਮੁੱਖ ਸਟੇਡੀਅਮ ਕੋਲ ਤਾਂ ਇਹ ਇਸ ਲਈ ਵੀ ਦਿੱਸ ਰਹੇ ਹਨ ਕਿਉਂਕਿ ਇੰਡੋਨੇਸ਼ੀਆ ਦੀ ਭੀੜ-ਭਾੜ ਵਜੋਂ ਪ੍ਰਸਿੱਧ ਰਾਜਧਾਨੀ ਜਕਾਰਤਾ ਏਸ਼ੀਆਈ ਖੇਡਾਂ ਲਈ ਮੇਜ਼ਬਾਨੀ ਨੂੰ ਤਿਆਰ ਹੈ।

45 ਵੱਖੋ-ਵੱਖ ਏਸ਼ੀਆਈ ਦੇਸ਼ਾਂ ਦੇ 14,000 ਤੋਂ ਵੱਧ ਅਥਲੀਟ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲੈਣ ਜਾ ਰਹੇ ਹਨ। ਦੱਸ ਦਈਏ ਕਿ ਓਲੰਪਿਕ ਪਿੱਛੋਂ ਏਸ਼ੀਆਈ ਖੇਡਾਂ ਦੂਜਾ ਸਭ ਤੋਂ ਵੱਡਾ ਖੇਡ ਮਹਾਂਉਤਸਵ ਹਨ। ਇੰਡੋਨੇਸ਼ੀਆਈ ਸਰਕਾਰ ਨੇ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਲਈ 15 ਅਰਬ 70 ਕਰੋੜ ਰੁਪਏ ਦੀ ਮੋਟੀ ਰਕਮ ਖਰਚ ਕੀਤੀ ਹੈ।

ਪਿਛਲੇ ਕੁਝ ਮਹੀਨਿਆਂ ਵਿੱਚ ਪੁਰਾਣੇ ਮੈਦਾਨਾਂ ਨੂੰ ਵਧੀਆ ਦਿੱਖ ਵਾਲਾ ਬਣਾ ਲਿਆ ਗਿਆ ਹੈ। ਨਵੀਆਂ ਸਹੂਲਤਾਂ ਦਾ ਨਿਰਮਾਣ ਕੀਤਾ ਗਿਆ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਨੂੰ ਖੇਡਾਂ ਲਈ ਪੀਂਘ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ ਪਰ ਸ਼ਹਿਰ ਨੂੰ ਖੂਬਸੂਰਤ ਦਿਖਾਉਣ ਦੇ ਯਤਨਾਂ ਦੇ ਬਾਵਜੂਦ ਇੱਕ ਬੜੀ ਸਮੱਸਿਆ ਹਾਲੇ ਵੀ ਕਾਇਮ ਹੈ।

ਪਿਛਲੇ ਕੁਝ ਸਾਲਾਂ ਵਿੱਚ ਹਵਾ ਪ੍ਰਦੂਸ਼ਣ ਵਧਣ ਕਾਰਨ ਜਕਾਰਤਾ ਵਿਸ਼ਵ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਦੀ ਪ੍ਰਮੁੱਖ ਵਜ੍ਹਾ ਪੁਰਾਣੀਆਂ ਕਾਰਾਂ ਹਨ ਅਤੇ ਨਾਲ ਹੀ ਨਾਲ ਸ਼ਹਿਰ ਨੇੜੇ ਕੋਲੇ ਦੇ ਪਾਵਰ ਪਲਾਂਟਾਂ ਦਾ ਹੋਣਾ ਹੈ।

ਵਾਤਾਵਰਣ ਅਤੇ ਜੰਗਲਾਤ ਮੰਤਰਾਲਾ ਕਹਿੰਦਾ ਹੈ ਕਿ ਉਸ ਦਾ ਟੀਚਾ ਪ੍ਰਦੂਸ਼ਣ ਦੇ ਪੱਧਰ ਨੂੰ 184 ਮਾਈਕ੍ਰੋਗ੍ਰਾਮ ਤੋਂ ਘਟਾ ਕੇ 25 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ 'ਤੇ ਲਿਆਉਣਾ ਹੈ, ਜੋ ਵਿਸ਼ਵ ਸਿਹਤ ਸੰਗਠਨ ਦੇ ਪੱਧਰ ਦਾ ਹੈ।

ਜਕਾਰਤਾ ਨੂੰ ਚੀਨ ਤੋਂ ਸਿੱਖਿਆ ਲੈਣ ਦੀ ਜ਼ਰੂਰਤ--:

ਵਾਤਾਵਰਣ ਮੰਤਰਾਲੇ ਦੇ ਦਾਅਵਿਆਂ ਤੋਂ ਉਲਟ ਏਸ਼ੀਆਈ ਖੇਡਾਂ ਦੇ ਅੱਜ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਇੰਡੈਕਸ ਵਿੱਚ ਦਰਸਾਇਆ ਗਿਆ ਕਿ ਹਵਾ ਪ੍ਰਦੂਸ਼ਣ ਪ੍ਰਤੀ ਘਣ ਮੀਟਰ 154 ਮਾਈਕ੍ਰੋਗ੍ਰਾਮ ਦੇ ਪੱਧਰ 'ਤੇ ਹੈ।

ਸਵੱਛ ਹਵਾ ਏਸ਼ੀਆ ਦੇ ਇੰਡੋਨੇਸ਼ੀਆ ਕਨਵੀਨਰ ਅਹਿਮਦ ਸਰਫੂਦੀਨ ਨੇ ਕਿਹਾ ਕਿ ਸਰਕਾਰ ਨੇ ਹਵਾ ਗੁਣਵੱਤਾ ਸੁਧਾਰਨ ਲਈ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਨੇ ਟ੍ਰੈਫਿਕ ਘੱਟ ਕਰਨ ਨੂੰ ਮਹਿਜ਼ ਰਸਮੀ ਕਰਾਰ ਦਿੱਤਾ।

ਅਹਿਮਦ ਨੇ ਕਿਹਾ, "ਪਿਛਲੇ ਸਾਲ ਸਤੰਬਰ ਵਿੱਚ ਸਾਡੀ ਸਰਕਾਰੀ ਅਧਿਕਾਰੀਆਂ ਨਾਲ ਬੈਠਕ ਹੋਈ ਸੀ ਜਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਸੀ ਜੇ ਏਸ਼ੀਆਈ ਖੇਡਾਂ ਦੌਰਾਨ ਸਾਫ ਹਵਾ ਚਾਹੀਦੀ ਹੈ ਤਾਂ ਹਵਾ ਦੇ ਨਿਕਾਸ ਦੇ ਪੱਧਰ ਉੱਤੇ ਨਿਗਰਾਨੀ ਰੱਖਣੀ ਸ਼ੁਰੂ ਕਰਨੀ ਹੋਵੇਗੀ, ਸਾਫ ਹਵਾ ਤਕਨੀਕ ਲਾਗੂ ਕਰਨੀ ਹੋਵੇਗੀ, ਕਾਰ ਇੰਜਣ ਲਈ 4 ਯੂਰੋ ਸਟੈਂਡਰਡ ਦਾ ਉਪਯੋਗ, ਸ਼ਹਿਰ ਵਿੱਚ ਟਰੱਕਾਂ ਦੀ ਐਂਟਰੀ 'ਤੇ ਰੋਕ ਅਤੇ ਸ਼ਹਿਰ ਨੇੜਲੀਆਂ ਫੈਕਟਰੀਆਂ ਨੂੰ ਬੰਦ ਕਰਨਾ ਹੋਵੇਗਾ ਪਰ ਤੁਸੀਂ ਹਵਾ ਦੇ ਪੱਧਰ ਤੋਂ ਖ਼ੁਦ ਹੀ ਅੰਦਾਜ਼ਾ ਲਾ ਸਕਦੇ ਹੋ।"

ਨਵੰਬਰ 2010 ਵਿੱਚ ਗੁਆਂਗਝੂ ਵਿੱਚ ਹੋਈਆਂ 16ਵੀਆਂ ਏਸ਼ੀਆਈ ਖੇਡਾਂ ਸਮੇਂ ਚੀਨ ਵੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਪਰ ਉਹ ਇਸ ਨੂੰ ਘੱਟ ਕਰਨ ਵਿੱਚ ਸਫਲ ਰਿਹਾ।
ਸਰਫੂਦੀਨ ਨੇ ਕਿਹਾ ਕਿ ਚੀਨ ਨੇ ਕਾਰਾਂ ਅਤੇ ਫੈਕਟਰੀਆਂ ਦੀ ਗਿਣਤੀ ਘਟਾ ਕੇ ਪ੍ਰਦੂਸ਼ਣ ਨੂੰ ਬਿਹਤਰ ਢੰਗ ਨਾਲ ਘੱਟ ਕੀਤਾ ਸੀ। ਹੁਣ ਤੱਕ ਉਨ੍ਹਾਂ ਦੇ ਨਤੀਜੇ ਬਿਹਤਰ ਹਨ ਪਰ ਜਕਾਰਤਾ ਵਿੱਚ ਵਾਤਾਵਰਣ ਨੂੰ ਕੋਈ ਪਹਿਲ ਨਹੀਂ ਹੈ ਖਾਸਕਰ ਹਵਾ ਪ੍ਰਦੂਸ਼ਣ ਨੂੰ। ਇੱਥੇ ਅਰਥਵਿਵਸਥਾ ਨੂੰ ਪਹਿਲ ਹੈ।

ਐਥਲੀਟਾਂ ਉੱਤੇ ਪਵੇਗਾ ਬੁਰਾ ਅਸਰ--:

ਵਾਤਾਵਰਣ ਮੰਤਰੀ ਦੀ ਇਸ ਮਾਮਲੇ ਉੱਤੇ ਕੋਈ ਟਿੱਪਣੀ ਨਹੀਂ ਆਈ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰੀ ਇਮਾਮ ਨਾਹਰਾਵੀ ਨੇ ਕਿਹਾ ਕਿ ਸਰਕਾਰ ਨੇ ਸੁਮਾਤਰੂ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਬੜੀ ਮਿਹਨਤ ਕੀਤੀ ਹੈ ਪਰ ਉਨ੍ਹਾਂ ਨਾਲ ਹੀ ਮੰਨਿਆ ਕਿ ਰਾਜਧਾਨੀ ਵਿੱਚ ਅਜਿਹਾ ਕੰਮ ਨਹੀਂ ਹੋਇਆ।

ਸਟੱਡੀ ਵਿੱਚ ਦੱਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦਾ ਬਹੁਤ ਨਾਕਾਰਾਤਮਕ ਅਸਰ ਐਕਸਰਸਾਈਜ਼ ਦੌਰਾਨ ਨੱਕ ਅਤੇ ਓਰਲ ਬ੍ਰੀਥਿੰਗ ਉੱਤੇ ਪੈਂਦਾ ਹੈ। ਐਥਲੀਟ ਸਾਹ ਲੈਣ ਵੇਲੇ ਆਮ ਆਦਮੀ ਨਾਲੋਂ 20 ਗੁਣਾਂ ਵੱਧ ਹਵਾ ਲੈਂਦੇ ਹਨ। ਏਸ਼ੀਆਈ ਖੇਡਾਂ ਜਿਹੇ ਮਹਾਕੁੰਭ ਵਿੱਚ ਜਿੱਤ ਮਿਲੀ-ਸੈਕਿੰਡਾਂ ਜਾਂ ਮਿਲੀ-ਮੀਟਰਾਂ ਵਿੱਚ ਤੈਅ ਹੁੰਦੀ ਹੈ। ਅਜਿਹੇ ਵਿੱਚ ਅਥਲੀਟਾਂ ਨੂੰ ਦਿੱਕਤ ਹੋ ਸਕਦੀ ਹੈ।