• Home
  • ਕਤਲੇਆਮ ਦੀ ਰਾਤ ਕਾਤਲ ਡਾਇਰ ਨੂੰ ਦਿੱਤਾ ਸੀ ਡਿਨਰ,ਭਾਰਤੀਆਂ ਤੋਂ ਮੁਆਫ਼ੀ ਮੰਗੇ ਮਜੀਠੀਆ ਪਰਿਵਾਰ :-ਭਗਵੰਤ ਮਾਨ

ਕਤਲੇਆਮ ਦੀ ਰਾਤ ਕਾਤਲ ਡਾਇਰ ਨੂੰ ਦਿੱਤਾ ਸੀ ਡਿਨਰ,ਭਾਰਤੀਆਂ ਤੋਂ ਮੁਆਫ਼ੀ ਮੰਗੇ ਮਜੀਠੀਆ ਪਰਿਵਾਰ :-ਭਗਵੰਤ ਮਾਨ

ਚੰਡੀਗੜ੍ਹ 13 ਅਪ੍ਰੈਲ ,

ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਜੱਲਿਆਂਵਾਲਾ ਗੋਲੀਕਾਂਡ ਦੇ ਸ਼ਹੀਦਾਂ ਨੂੰ ਦੇਸ਼ ਦੀ ਆਜ਼ਾਦੀ ਲਈ ਦਿੱਤੇ ਬਲੀਦਾਨ ਲਈ ਸਲਾਮ ਕਰਦਿਆਂ ਸ਼ਰਧਾਂਜਲੀ ਦਿੱਤੀ।
ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਮਜੀਠੀਆ ਪਰਿਵਾਰ (ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ)  ਨੂੰ ਸੰਬੋਧਨ ਹੁੰਦਿਆਂ ਮੰਗ ਕੀਤੀ ਕਿ ਸੈਂਕੜੇ ਦੇਸ਼ ਭਗਤਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰਨ ਵਾਲੇ ਕਾਤਲ ਜਨਰਲ ਡਾਇਰ ਨੂੰ ਉਸੇ ਰਾਤ ਨੂੰ ਡਿਨਰ (ਰਾਤਰੀ ਭੋਜ) ਪਰੋਸਣ ਵਾਲਾ ਮਜੀਠੀਆ ਪਰਿਵਾਰ ਪੂਰੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ।
ਭਗਵੰਤ ਮਾਨ ਨੇ ਕਿਹਾ ਕਿ ਮਜੀਠੀਆ ਦੇ ਪੁਰਖੇ ਸੁੰਦਰ ਸਿੰਘ ਮਜੀਠੀਆ ਨੇ ਅੰਗਰੇਜ਼ਾਂ ਦੀ ਖੁਸ਼ਆਮਦੀਦ ਕਰਦਿਆਂ 13 ਮਈ 1919 ਦੀ ਕਤਲੋਗਾਰਤ ਲਈ ਰਾਤ ਨੂੰ ਕਾਤਲ ਫ਼ਿਰੰਗੀ ਡਾਇਰ ਨੂੰ ਖਾਣੇ 'ਤੇ ਬੁਲਾ ਕੇ ਉਸ ਦੀ ਆਓ ਭਗਤ ਕੀਤੀ, ਜਦਕਿ ਉਸ ਦਿਨ ਪੂਰਾ ਦੇਸ਼ ਸੋਗ 'ਚ ਡੁੱਬਿਆ ਹੋਇਆ ਸੀ ਅਤੇ ਅੰਗਰੇਜ਼ਾਂ ਖ਼ਾਸ ਕਰ ਕੇ ਜਨਰਲ ਡਾਇਰ ਪ੍ਰਤੀ ਗ਼ੁੱਸੇ ਨਾਲ ਅੱਗ ਬਬੂਲਾ ਸੀ।
ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਡਿਨਰ ਹੀ ਨਹੀਂ ਸੁੰਦਰ ਸਿੰਘ ਮਜੀਠੀਆ ਨੇ ਆਪਣੇ ਪ੍ਰਭਾਵ ਨਾਲ ਕਾਤਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਸਿਰੋਪਾ ਦੇ ਕੇ ਸਨਮਾਨਿਤ ਕਰਵਾਇਆ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਵਿਦੇਸ਼ 'ਚ ਜ਼ੋਰਦਾਰ ਮੰਗ ਉੱਠ ਰਹੀ ਹੈ ਕਿ ਇਸ ਅਣਮਨੁੱਖੀ ਕਾਰੇ ਲਈ ਇੰਗਲੈਂਡ ਦੀ ਮਹਾਰਾਣੀ ਅਤੇ ਸਮੁੱਚੀ ਸੰਸਦ ਮੁਆਫ਼ੀ ਮੰਗ ਕੇ ਆਪਣੇ ਪੁਰਖਿਆਂ ਦੇ ਪਾਪ ਦਾ ਪਸ਼ਚਾਤਾਪ ਕਰੇ। ਦੇਖੋ-ਦੇਖ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹੋ ਮੰਗ ਕਰ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਕਾਲੀ ਦਲ ਖ਼ਾਸ ਕਰ ਕੇ ਬਾਦਲ ਮਜੀਠੀਆ ਪਰਿਵਾਰ ਨੂੰ ਜੱਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਥੋੜ੍ਹੀ ਬਹੁਤ ਵੀ ਹਮਦਰਦੀ ਹੈ ਤਾਂ ਮਜੀਠੀਆ ਪਰਿਵਾਰ ਆਪਣੇ ਅੰਗਰੇਜ਼ਾਂ ਦੇ ਪਿੱਠੂ ਪੁਰਖਿਆਂ ਵੱਲੋਂ ਕੀਤੇ ਗੁਨਾਹ ਲਈ ਪੂਰੇ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗੇ।
ਮਾਨ ਨੇ ਕਿਹਾ ਕਿ ਜਿੰਨਾ ਚਿਰ ਮਜੀਠੀਆ ਪਰਿਵਾਰ ਮੁਆਫ਼ੀ ਨਹੀਂ ਮੰਗਦਾ ਉਨ੍ਹਾਂ ਚਿਰ ਅਕਾਲ ਦਲ ਬਾਦਲ ਦੇ ਕਿਸੇ ਵੀ ਲੀਡਰ ਨੂੰ ਜੱਲਿਆਂਵਾਲਾ ਬਾਗ਼ ਗੋਲੀਕਾਂਡ ਲਈ ਇੰਗਲੈਂਡ ਸਰਕਾਰ ਕੋਲੋਂ ਮੁਆਫ਼ੀ ਮੰਗਾਉਣ ਦੀ ਮੰਗ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ।