• Home
  • ਅਕਾਲੀ ਸਰਕਾਰ ਦੇ ਰੋਕੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਗਲੇ ਮਹੀਨੇ ਦੇਣ ਦੇ ਕੈਪਟਨ ਵਲੋਂ ਹੁਕਮ

ਅਕਾਲੀ ਸਰਕਾਰ ਦੇ ਰੋਕੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਗਲੇ ਮਹੀਨੇ ਦੇਣ ਦੇ ਕੈਪਟਨ ਵਲੋਂ ਹੁਕਮ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 2010 ਤੋਂ 2016 ਤਕ ਦੇ ਦੇਸ਼ ਦਾ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਰੋਕੇ ਗਏ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਤੇ ਡਾਇਰੈਕਟਰ (ਖੇਡਾਂ) ਅੰਮ੍ਰਿਤ ਕੌਰ ਗਿੱਲ ਨੇ ਚੋਣਵੇ ਪੱਤਰਕਾਰਾਂ ਨੂੰ ਦਿੰਦੇ ਹੋਏ ਦਸਿਆ ਕਿ ਇਹ ਐਵਾਰਡ ਦੇਣ ਲਈ ਅਗਲੇ ਮਹੀਨੇ ਚੋਣ ਕਰ ਲਈ ਜਾਵੇਗੀ ਅਤੇ 1700 ਹੋਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਵੀ ਨਕਦ ਇਨਾਮ ਦਿੱਤੇ ਜਾਣ ਦਾ ਪ੍ਰੋਗਰਾਮ ਹੈ। ਇਸ ਸਮੇਂ ਮੈਡਮ ਗਿੱਲ ਨੇ ਦਸਿਆ ਕਿ ਪਟਿਆਲਾ ਵਿਖੇ ਬਣਨ ਵਾਲੀ ਸਪੋਰਟਸ ਯੂਨੀਵਰਸਿਟੀ ਅਗਲੇ ਸੈਸ਼ਨ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਸ ਸਪੋਰਟਸ ਯੂਨੀਵਰਸਿਟੀ ਦਾ ਕੈਂਪਸ ਪਿੰਡ ਸਿੱਧੂਵਾਲ ਵਿਖੇ ਬਣਾਇਆ ਜਾਵੇਗਾ। ਜਿੰਨਾ ਚਿਰ ਇਹ ਇਮਾਰਤ ਨਹੀਂ ਬਣਦੀ ਉਨਾ ਸਮਾਂ ਆਰਜ਼ੀ ਕੈਂਪਸ ਮਹਿੰਦਰਾ ਕੋਠੀ ਵਿਖੇ ਹੋਵੇਗਾ ਤੇ ਸਟੇਟ ਫ਼ਿਜੀਕਲ ਕਾਲਜ ਦੇ ਖੇਡ ਮੈਦਾਨ 'ਚ ਖਿਡਾਰੀਆਂ ਦੀ ਪ੍ਰੈਕਟਿਸ ਹੋਵੇਗੀ।
ਦਸ ਦਈਏ ਕਿ ਇਹ ਐਵਾਰਡ ਪਿਛਲੇ ਛੇ ਸਾਲਾਂ ਤੋਂ ਰੁਕੇ ਹੋਣ ਕਾਰਨ 90 ਹੋਣਹਾਰ ਖਿਡਾਰੀ ਇਸ ਤੋਂ ਵਾਂਝੇ ਰਹਿ ਗਏ ਹਨ ਕਿਉਂਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਹਰੇਕ ਸਾਲ 15 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਜਾਂਦਾ ਹੈ।