• Home
  • ਹਰਿਆਣਾ ਦੇ ਸਿੱਖਾਂ ਵਲੋਂ ਭਾਜਪਾ ਤੇ ਹਰਿਆਣਾ ਸਰਕਾਰ ਦਾ ਬਾਈਕਾਟ-ਵਿਧਾਇਕ ਬਖ਼ਸ਼ੀਸ਼ ਸਿੰਘ ਦਾ ਮੰਗਿਆ ਅਸਤੀਫ਼ਾ

ਹਰਿਆਣਾ ਦੇ ਸਿੱਖਾਂ ਵਲੋਂ ਭਾਜਪਾ ਤੇ ਹਰਿਆਣਾ ਸਰਕਾਰ ਦਾ ਬਾਈਕਾਟ-ਵਿਧਾਇਕ ਬਖ਼ਸ਼ੀਸ਼ ਸਿੰਘ ਦਾ ਮੰਗਿਆ ਅਸਤੀਫ਼ਾ

ਕਰਨਾਲ, (ਖ਼ਬਰ ਵਾਲੇ ਬਿਊਰੋ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਬੀਤੇ ਦਿਨੀਂ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਉਥੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਸੀ। ਖੱਟਰ ਦੇ ਇਸ ਫੈਸਲੇ ਤੋਂ ਬਾਅਦ ਸਿੱਖ ਕਾਫੀ ਖ਼ਫਾ ਹਨ। ਇਸ ਮਸਲੇ 'ਤੇ ਅੱਜ ਸਿੱਖ ਸੰਗਤਾਂ ਨੇ ਡਾਚਰ ਦੇ ਗੁਰਦਵਾਰਾ ਸਾਹਿਬ 'ਚ ਮੀਟਿੰਗ ਰੱਖੀ।
ਇਸ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਭਾਜਪਾ ਦੇ ਆਗੂਆਂ ਜਾਂ ਹਰਿਆਣਾ ਸਰਕਾਰ 'ਚ ਸ਼ਾਮਿਲ ਮੰਤਰੀਆਂ ਨੂੰ ਸਿੱਖਾਂ ਦੇ ਕਿਸੇ ਵੀ ਧਾਰਮਿਕ ਸਮਾਗਮ 'ਚ ਨਹੀਂ ਬੁਲਾਇਆ ਜਾਵੇਗਾ ਤੇ ਮੁੱਖ ਮੰਤਰੀ ਖੱਟਰ ਜਿੰਨਾ ਚਿਰ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੁਆਫੀ ਨਹੀਂ ਮੰਗ ਲੈਂਦੇ ਉਨਾ ਚਿਰ ਭਾਜਪਾ ਤੇ ਹਰਿਆਣਾ ਸਰਕਾਰ ਦਾ ਬਾਈਕਾਟ ਰਹੇਗਾ। ਇਸ ਦੇ ਨਾਲ ਹੀ ਜੁੜੀ ਸਿੱਖ ਸੰਗਤ ਨੇ ਭਾਜਪਾ ਦੇ ਵਿਧਾਇਕ ਬਖ਼ਸ਼ੀਸ਼ ਸਿੰਘ ਦੇ ਅਸਤੀਫੇ ਦੀ ਵੀ ਮੰਗ ਰੱਖੀ ਹੈ।
ਗੁਰਦਵਾਰਾ ਸਾਹਿਬ 'ਚ ਜੁੜੀ ਸਮੂਹ ਸਿੱਖ ਸੰਗਤ ਨੇ ਇੱਕਜੁੱਟ ਹੋ ਕੇ ਕਿਹਾ ਕਿ ਭਾਜਪਾ ਸਿੱਖਾਂ 'ਤੇ ਆਰ ਐਸ ਐਸ ਦਾ ਏਜੰਡਾ ਥੋਪਣਾ ਚਾਹੁੰਦੀ ਹੈ ਤੇ ਭਾਜਪਾ ਦੀ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ 'ਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੰਗਤ ਨੇ ਕਿਹਾ ਕਿ ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਸ਼ਹੀਦ ਹਨ ਤੇ ਉਨਾਂ ਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ। ਖੱਟਰ ਵਲੋਂ ਉਨਾਂ ਉਪਰ ਟਿੱਪਣੀ ਨੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ।