• Home
  • ਨਵੇਂ ਡਾਇਰੈਕਟਰ ਟ੍ਰੇਨਿੰਗ ਪੀ.ਆਈ.ਐਸ ਦੀ ਨਿਯੁਕਤੀ ਹੋਵੇਗੀ ਜਲਦੀ – ਰਾਣਾ ਗੁਰਮੀਤ ਸੋਢੀ

ਨਵੇਂ ਡਾਇਰੈਕਟਰ ਟ੍ਰੇਨਿੰਗ ਪੀ.ਆਈ.ਐਸ ਦੀ ਨਿਯੁਕਤੀ ਹੋਵੇਗੀ ਜਲਦੀ – ਰਾਣਾ ਗੁਰਮੀਤ ਸੋਢੀ

ਲੁਧਿਆਣਾ - ਪੰਜਾਬ ਨੂੰ ਖੇਡਾਂ ਦੇ ਖੇਤਰ 'ਚ ਮੁਲਕ ਦਾ ਇੱਕ ਮੋਹਰੀ ਸੂਬਾ ਬਣਾਇਆ ਜਾਵੇਗਾ। ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀਆਈਐਸ) ਦੇ ਨਵੇਂ ਟ੍ਰੇਨਿੰਗ ਡਾਇਰੈਕਟਰ ਦੀ ਨਿਯੁਕਤੀ ਜਲਦੀ ਹੀ ਕਰ ਦਿੱਤੀ ਜਾਵੇਗੀ। ਅਕਾਲੀ ਭਾਜਪਾ ਸਰਕਾਰ ਮੌਕੇ ਬਣੇ ਟ੍ਰੇਨਿੰਗ ਡਾਇਰੈਕਟ ਐਸ.ਐਸ ਗਰੇਵਾਲ ਨੂੰ ਉਸਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਅਤੇ ਨਵੇਂ ਡਾਇਰੈਕਟਰ ਲਈ ਪੰਜਾਬ ਸਰਕਾਰ ਨੇ ਅਰਜੀਆਂ ਮੰਗ ਲਈਆਂ ਹਨ। ਇਹ ਵਿਚਾਰਾਂ ਦਾ ਪ੍ਰਗਟਾਵਾ ਅੱਜ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਪੰਜਾਬ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।ਖੇਡ ਮੰਤਰੀ ਵੱਲੋ ਜਰਖੜ ਖੇਡਾਂ 2019 ਦੇ ਫਾਈਨਲ ਸਮਾਰੋਹ 'ਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਾ ਸੀ,ਪਰ ਰੁਝੇਵੇਂ ਕਾਰਨ ਉਹ ਪਹੁੰਚ ਨਾ ਸਕੇ ਸੀ ਜਿਸ ਕਰਕੇ ਅੱਜ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਪ੍ਰਬੰਧਕਾਂ ਜਗਰੂਪ ਸਿੰਘ ਜਰਖੜ, ਸਕੱਤਰ ਜਗਦੀਪ ਸਿੰਘ ਕਾਹਲੋਂ, ਆਦਿ ਹੋਰ ਟੀਮ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਸ਼ੇਸ਼ ਸਨਮਾਨ ਕੀਤਾ।ਰਾਣਾ ਸੋਢੀ ਨੇ ਆਖਿਆ ਕਿ ਜਰਖੜ ਹਾਕੀ ਅਕੈਡਮੀ ਪੰਜਾਬ ਦੀਆਂ ਖੇਡਾਂ ਦੀ ਬਿਹਤਰੀ ਲਈ ਇਕ ਹਰਿਆਵਲ ਦਸਤੇ ਵਜੋਂ ਕੰਮ ਕਰ ਰਹੀ ਹੈ। ਇਹੋ ਜਿਹੀਆਂ ਖੇਡ ਅਕੈਡਮੀਆਂ ਲਈ ਪੰਜਾਬ ਸਰਕਾਰ ਖਿਡਾਰੀਆਂ ਲਈ ਵਧੀਆ ਸਹੂਲਤਾਂ ਮੁਹੱਈਆ ਕਰੇਗੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਖੇਡ ਨੀਤੀ ਨੂੰ ਜਲਦੀ ਹੀ ਸਹੀ ਤਰੀਕੇ ਨਾਲ ਲਾਗੂ ਕਰ ਦਿੱਤਾ ਜਾਵੇਗਾ ਜਿਸ ਨਾਲ ਗ੍ਰਾਸ ਰੂਟ 'ਤੇ ਖਾਸ ਕਰਕੇ ਸਕੂਲੀ ਸਪੋਰਟਸ ਦੇ ਵਧੀਆ ਨਤੀਜੇ ਆਉਣਗੇ। ਉਨ੍ਹਾਂ ਆਖਿਆ 'ਖੇਲੋ ਇੰਡੀਆ' ਸਕੀਮ ਵੱਲ੍ਹ ਪੰਜਾਬ ਸਰਕਾਰ ਉਚੇਚਾ ਧਿਆਨ ਦੇਵੇਗੀ। ਇਸ ਮੌਕੇ ਜਸਵਿੰਦਰ ਸਿੰਘ ਜੱਸੀ ਆਫਿਸ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਅੰਗ੍ਰੇਜ਼ ਸਿੰਘ, ਬਲਕਾਰ ਸਿੰਘ ਰਣਜੀਤ ਸਿੰਘ ਦੁਲੇਅ, ਸਵਰਨ ਸਿੰਘ ਲੱਖਾ ਕੈਨੇਡਾ, ਅਜੀਤ ਸਿੰਘ ਲਾਦੀਆਂ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਅਕੈਡਮੀ, ਇੰਦਰਜੀਤ ਸਿੰਘ ਮੋਨੂ, ਸੰਦੀਪ ਸਿੰਘ, ਕਮਲਪ੍ਰੀਤ ਸਿੰਘ, ਆਦਿ ਹੋਰ ਜਰਖੜ ਹਾਕੀ ਅਕੈਡਮੀ ਦੇ ਅਹੁਦੇਦਾਰ ਸ਼ਾਮਲ ਸਨ।