• Home
  • ਪੰਜਾਬ ਪੁਲਿਸ ਨੇ ਨਾਕਾਬੰਦੀ ਦੌਰਾਨ 1 ਕੁਇੰਟਲ 65 ਕਿਲੋ ਚਾਂਦੀ ਦੇ ਗਹਿਣਿਆਂ ਦੀ ਵੱਡੀ ਖੇਪ ਬਰਾਮਦ ਕੀਤੀ -ਕਾਰ ਦੀਆਂ ਸੀਟਾਂ ਕੱਟਕੇ ਲਕੋਈ ਸੀ

ਪੰਜਾਬ ਪੁਲਿਸ ਨੇ ਨਾਕਾਬੰਦੀ ਦੌਰਾਨ 1 ਕੁਇੰਟਲ 65 ਕਿਲੋ ਚਾਂਦੀ ਦੇ ਗਹਿਣਿਆਂ ਦੀ ਵੱਡੀ ਖੇਪ ਬਰਾਮਦ ਕੀਤੀ -ਕਾਰ ਦੀਆਂ ਸੀਟਾਂ ਕੱਟਕੇ ਲਕੋਈ ਸੀ

ਪਟਿਆਲਾ, 26 ਮਾਰਚ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਲਾਈ ਗਈ ਤਲਾਸ਼ੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਰਾਜਪੁਰਾ ਵਿਖੇ ਪੁਲਿਸ ਵੱਲੋਂ ਅਚਨਚੇਤ ਕੀਤੀ ਨਾਕਾਬੰਦੀ ਦੌਰਾਨ ਚਾਂਦੀ ਦੀ ਗਹਿਣਿਆਂ ਦੇ ਰੂਪ 'ਚ ਵੱਡੀ ਖੇਪ ਦੀ ਬਰਾਮਦ ਹੋਈ। ਚਾਂਦੀ ਦੀ ਇਹ ਖੇਪ 1 ਕੁਇੰਟਲ 65 ਕਿਲੋ ਵੱਖ-ਵੱਖ ਗਹਿਣਿਆਂ ਦੇ ਰੂਪ 'ਚ ਹੈ, ਜੋਕਿ ਮਥੁਰਾ ਤੋਂ ਜਲੰਧਰ ਲਿਜਾਈ ਜਾ ਰਹੀ ਸੀ। ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਇਥੇ ਪੁਲਿਸ ਲਾਇਨਜ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਇਨ੍ਹਾਂ ਚਾਂਦੀ ਦੇ ਗਹਿਣਿਆਂ ਬਾਬਤ ਕੋਈ ਵੀ ਜਾਇਜ਼ ਦਸਤਾਵੇਜ ਪੇਸ਼ ਨਹੀਂ ਕਰ ਸਕੇ।
ਸ. ਸਿੱਧੂ ਨੇ ਦੱਸਿਆ ਕਿ ਹਲਕਾ ਰਾਜਪੁਰਾ ਤੇ ਘਨੌਰ ਦੇ ਨੋਡਲ ਅਫ਼ਸਰ ਐਸ.ਪੀ. ਸੁਰੱਖਿਆ ਸ੍ਰੀ ਸਤਵੀਰ ਸਿੰਘ ਅਠਵਾਲ ਦੀ ਅਗਵਾਈ ਤੇ ਡੀ.ਐਸ.ਪੀ. ਰਾਜਪੁਰਾ ਸ. ਮਨਪ੍ਰੀਤ ਸਿੰਘ ਦੀ ਦੇਖ-ਰੇਠ ਹੇਠ ਥਾਣਾ ਸਦਰ ਰਾਜਪੁਰਾ ਦੇ ਐਸ.ਆਈ. ਸਰਦਾਰਾ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਨੈਸ਼ਨਲ ਹਾਈਵੇ ਨੰਬਰ 1 ਨੇੜੇ ਜਸ਼ਨ ਹੋਟਲ ਰਾਜਪੁਰਾ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਅਚਾਨਕ ਨਾਕਾਬੰਦੀ ਦੌਰਾਨ ਇਹ ਚਾਂਦੀ ਇੱਕ ਸਕੌਡਾ ਕਾਰ ਨੰਬਰ ਸੀ.ਐਚ. 01 ਏ. ਆਰ. 4482 ਵਿਚੋਂ ਬਰਾਮਦ ਹੋਈ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਕਾਰ ਵਿੱਚ ਸਵਾਰ ਜਤਿੰਦਰ ਕੁਮਾਰ ਬਾਂਸਲ ਪੁੱਤਰ ਸੁੰਦਰ ਬਾਂਸਲ ਵਾਸੀ ਮਥੁਰਾ ਉਤਰ ਪ੍ਰਦੇਸ ਅਤੇ ਉਸਦੇ ਨਾਲ ਇੱਕ ਔਰਤ ਵੀ ਸੀ ਵੱਲੋਂ ਇਸ ਚਾਂਦੀ ਨੂੰ ਕਾਰ ਦੀਆਂ ਸੀਟਾਂ ਕੱਟਕੇ ਵਿਸ਼ੇਸ਼ ਤੌਰ 'ਤੇ ਬਣਾਂਏ ਗਏ ਖੁਫ਼ੀਆ ਖਾਨਿਆਂ ਵਿੱਚ ਲੁਕੋਇਆ ਗਿਆ ਸੀ, ਜਿਸ ਤੋਂ ਪਹਿਲੀ ਨਜ਼ਰ 'ਤੇ ਵੇਖਿਆਂ ਇਹ ਮਾਮਲਾ ਤਸਕਰੀ ਦਾ ਵੀ ਲਗਦਾ ਹੈ ਪਰੂੰਤੂ ਇਸ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਸ. ਸਿੱਧੂ ਨੇ ਦੱਸਿਆ ਕਿ ਇਹ ਚਾਂਦੀ ਬਰਾਮਦਗੀ ਦੇ ਮਾਮਲੇ ਨੂੰ ਟੈਕਸ ਬਚਾਉਣ ਅਤੇ ਤਸਕਰੀ ਦੇ ਪਹਿਲੂ ਸਮੇਤ ਲੋਕ ਸਭਾ ਚੋਣਾਂ ਦੌਰਾਨ ਇਸ ਦੀ ਸੰਭਾਵਤ ਵਰਤੋਂ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ, ਜਿਸ ਦੀ ਅਗਲੇਰੀ ਪੜਤਾਲ ਲਈ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਰਾਹੀਂ ਚੋਣ ਕਮਿਸ਼ਨ ਨੂੰ ਸੂਚਿਤ ਕਰਨ ਦੇ ਨਾਲ-ਨਾਲ ਆਬਕਾਰੀ ਤੇ ਕਰ ਵਿਭਾਗ ਅਤੇ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਜਦੋਂ ਇਸ ਕਾਰ ਨੂੰ ਰੋਕ ਕੇ ਇਸਦੀ ਤਲਾਸ਼ੀ ਲਈ ਗਈ ਤਾਂ ਇਸ ਵਿੱਚ ਕੁਝ ਵੀ ਇਤਰਾਜਯੋਗ ਨਹੀਂ ਸੀ ਲਗਦਾ ਪਰੰਤੂ ਜਦੋਂ ਚੰਗੀ ਤਰ੍ਹਾਂ ਘੋਖ ਕੇ ਇਸਦੀ ਤਲਾਸ਼ੀ ਲਈ ਗਈ ਤਾਂ ਇਹ ਚਾਂਦੀ ਦੇ ਗਹਿਣਿਆਂ ਦਾ ਵਜਨ ਵਧਦਾ-ਵਧਦਾ 1 ਕੁਇੰਟਿਲ 65 ਕਿਲੋ ਤੱਕ ਪੁੱਜ ਗਿਆ। ਉਨ੍ਹਾਂ ਦੱਸਿਆ ਕਿ ਇਸ ਚਾਂਦੀ ਦੀ ਬਰਾਮਦਗੀ ਵਾਲੀ ਪੁਲਿਸ ਪਾਰਟੀ ਨੂੰ ਕਾਲਸ 1 ਸਰਟੀਫਿਕੇਟ ਦੇਣ ਦੀ ਸਿਫ਼ਾਰਸ਼ ਕੀਤੀ ਜਾਵੇਗੀ।
ਸ. ਸਿੱਧੂ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਇਸ ਤਹਿਤ ਪੁਲਿਸ ਨੇ ਪਹਿਲਾਂ 92 ਲੱਖ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਤੇ ਬਾਅਦ 'ਚ 1 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਕਰੰਸੀ ਅਤੇ ਫ਼ਿਰ 18 ਕਿਲੋ 600 ਗ੍ਰਾਮ ਚਾਂਦੀ ਦੀ ਖੇਪ 43 ਬਿਸਕੁਟਾਂ ਦੇ ਰੂਪ 'ਚ ਫੜੀ ਸੀ।
ਇਸ ਮੌਕੇ ਐਸ.ਪੀ. ਸਥਾਨਕ ਹਰਜੋਤ ਗਰੇਵਾਲ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸਤਵੀਰ ਸਿੰਘ ਅਠਵਾਲ, ਡੀ.ਐਸ.ਪੀ. ਰਾਜਪੁਰਾ ਸ. ਮਨਪ੍ਰੀਤ ਸਿੰਘ, ਐਸ.ਆਈ. ਸਰਦਾਰਾ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।