• Home
  • ਦਰਬਾਰ ਸਾਹਿਬ ਦੀ ਪਰਕਰਮਾਂ ’ਚ ਮਰਯਾਦਾ ਦੇ ਉਲਟ ਵੀਡੀਓ ਬਣਾ ਕੇ ਫੈਲਾਉਣਾ ਮੰਦਭਾਗਾ- ਮੈਨੇਜਰ ਦੀਨਪੁਰ

ਦਰਬਾਰ ਸਾਹਿਬ ਦੀ ਪਰਕਰਮਾਂ ’ਚ ਮਰਯਾਦਾ ਦੇ ਉਲਟ ਵੀਡੀਓ ਬਣਾ ਕੇ ਫੈਲਾਉਣਾ ਮੰਦਭਾਗਾ- ਮੈਨੇਜਰ ਦੀਨਪੁਰ

ਅੰਮ੍ਰਿਤਸਰ, 4 ਅਪ੍ਰੈਲ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਤਿੰਨ ਲੜਕੀਆਂ ਵੱਲੋਂ ਵੀਡੀਓ ਬਣਾਉਣ ਮਗਰੋਂ ਟਿਕਟੋਕ ਦੁਆਰਾ ਗਾਣੇ ਨਾਲ ਜੋੜ ਕੇ ਸੋਸ਼ਲ ਮੀਡੀਆ ’ਤੇ ਫੈਲਾਉਣਾ ਠੀਕ ਨਹੀਂ ਹੈ ਅਤੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਇਥੋਂ ਦੀ ਪਾਵਨ ਮਰਯਾਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਕੀਤਾ ਹੈ। ਉਨ੍ਹਾਂ ਆਖਿਆ ਕਿ ਅੱਜਕੱਲ੍ਹ ਇੰਟਰਨੈੱਟ ਦੇ ਮਾਧਿਅਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਕੁਝ ਲੋਕ ਪਰਕਰਮਾਂ ਵਿਚ ਚੱਲਦਿਆਂ ਚੱਲਦਿਆਂ ਮਰਯਾਦਾ ਨੂੰ ਅੱਖੋਂ ਉਹਲੇ ਕਰਦਿਆਂ ਗਾਣੇ ਐਡਿਟ ਕਰਕੇ ਵਿਵਾਦਤ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾਅ ਦਿੰਦੇ ਹਨ, ਜਿਸ ਨਾਲ ਸੰਗਤ ਦੀ ਧਾਰਮਿਕ ਭਾਵਨਾ ਨੂੰ ਠੇਸ ਪੁੱਜਦੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਆਪਣੇ ਸਾਈਬਰ ਕਰਾਈਮ ਵਿਭਾਗ ਰਾਹੀਂ ਅਜਿਹਾ ਕਰਨ ਵਾਲੇ ਲੋਕਾਂ ’ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ. ਦੀਨਪੁਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦੇ ਪਾਵਨ ਅਧਿਆਤਮਕ ਅਸਥਾਨ ਹਨ ਅਤੇ ਇਸ ਦੀ ਮਾਣ ਮਰਯਾਦਾ ਨੂੰ ਧਿਆਨ ਵਿਚ ਰੱਖਿਆ ਜਾਵੇ। ਸ. ਦੀਨਪੁਰ ਨੇ ਇਹ ਅਪੀਲ ਵੀ ਕੀਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ਨੂੰ ਵੇਖਦਿਆਂ ਇਥੇ ਬਣਾਈ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਵੀਡੀਓ ਨੂੰ ਅੱਗੇ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ