• Home
  • ਸੁਖਬੀਰ ਨੂੰ ਹੁਣ ਟਕਸਾਲੀ ਅਕਾਲੀ ਯਾਦ ਆਏ .! ਮੀਡੀਆ ਦੇ ਸਵਾਲਾਂ ਚ ਘਿਰੇ ਨੇਤਾਵਾਂ ਨੇ ਜਸਟਿਸ ਰਣਜੀਤ ਕਮਿਸ਼ਨ ਰਿਪੋਰਟ ਨੂੰ ਦਿੱਤਾ ਸਹੀ ਕਰਾਰ ..? ਪੜ੍ਹੋ ਪੂਰੀ ਰਿਪੋਰਟ

ਸੁਖਬੀਰ ਨੂੰ ਹੁਣ ਟਕਸਾਲੀ ਅਕਾਲੀ ਯਾਦ ਆਏ .! ਮੀਡੀਆ ਦੇ ਸਵਾਲਾਂ ਚ ਘਿਰੇ ਨੇਤਾਵਾਂ ਨੇ ਜਸਟਿਸ ਰਣਜੀਤ ਕਮਿਸ਼ਨ ਰਿਪੋਰਟ ਨੂੰ ਦਿੱਤਾ ਸਹੀ ਕਰਾਰ ..? ਪੜ੍ਹੋ ਪੂਰੀ ਰਿਪੋਰਟ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਬਾਰੇ ਜਸਟਿਸ  ਰਣਜੀਤ ਸਿੰਘ ਦੀ ਰਿਪੋਰਟ ਕੈਪਟਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚ ਪੇਸ਼ ਕਰਨ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਦੇ ਮਨਾਂ ਰੋਸ ਦੀ ਲਹਿਰ ਉੱਠਣ ਕਾਰਨ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । ਰੋਸ ਲਹਿਰ ਨੂੰ ਠੱਲ੍ਹਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੁਣ ਟਕਸਾਲੀ ਅਕਾਲੀਆਂ ਦੀ ਯਾਦ ਆ ਗਈ ਹੈ ।

ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ  'ਚ ਪਿਛਲੇ ਕਈ ਸਾਲਾਂ ਤੋਂ ਪਾਰਟੀ ਦੀਆਂ ਪ੍ਰਮੁੱਖ ਗਤੀਵਿਧੀਆਂ ਤੋਂ ਨਜ਼ਰ ਅੰਦਾਜ਼ ਕੀਤੇ ਵੱਡੇ ਕੱਦ ਵਾਲੇ ਟਕਸਾਲੀ ਅਕਾਲੀ ਸੁਖਦੇਵ ਸਿੰਘ ਢੀਂਡਸਾ ,ਬਲਵਿੰਦਰ ਸਿੰਘ ਭੂੰਦੜ ,ਜਥੇਦਾਰ ਤੋਤਾ ਸਿੰਘ ਤੇ ਸੇਵਾ ਸਿੰਘ ਸੇਖਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੜਾਈ ਲੜਨ ਲਈ ਮੋਹਰਾ ਬਣਾ ਕੇ ਪ੍ਰੈੱਸ ਕਾਨਫਰੰਸ ਕਰਵਾਈ । ਭਾਵੇਂ ਕਿ ਅਕਾਲੀ ਦਲ ਦੇ ਵੱਡੇ ਕੱਦ ਦੇ ਟਕਸਾਲੀ ਨੇਤਾਵਾਂ ਨੇ ਪਹਿਲਾਂ ਮੀਡੀਆ ਅੱਗੇ ਕੈਪਟਨ ਅਮਰਿੰਦਰ ਸਿੰਘ ਤੇ ਹਮਲਾਵਰ ਨੀਤੀ ਅਪਣਾਉਂਦਿਆਂ 1984 ਦੇ ਦੰਗੇ ,ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ,ਸਿੱਖ ਨੌਜਵਾਨੀ ਦਾ ਖ਼ਾਤਮਾ ਕਰਨ  ਵਾਲੀ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਪਾਰਟੀ ਦੱਸਿਆ ।

ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ ਚ ਹੋਈ ਬਹਿਸ ਤੋਂ ਅਕਾਲੀ ਦਲ ਵੱਲੋਂ ਕੀਤੇ ਗਏ ਬਾਈਕਾਟ ਦੇ ਮੁੱਦੇ ਤੇ ਚਾਰੇ ਜਥੇਦਾਰ ਬੁਰੀ ਤਰ੍ਹਾਂ ਮੀਡੀਆ ਦੇ ਤਿੱਖੇ ਸਵਾਲਾਂ ਚ ਘਿਰ  ਗਏ ।

ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਟਕਸਾਲੀ ਅਕਾਲੀਆਂ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਸਹੀ ਠਹਿਰਾਉਂਦਿਆਂ ਕਿਹਾ ਕੇ ਉਸ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਸ ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ ਗਿਆ ਹੋਵੇ ।

ਇਸ ਸਮੇਂ ਜਦੋਂ ਅਕਾਲੀ ਨੇਤਾਵਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਜੇਕਰ ਕੁਝ ਅਜਿਹਾ ਨਹੀਂ ਸੀਂ ਤਾਂ ਵਿਧਾਨ ਸਭਾ ਵਿੱਚ ਤੁਸੀਂ ਇਸ ਦਾ ਕਿਉਂ ਵਿਰੋਧ ਕਰਕੇ ਬਾਈਕਾਟ ਕੀਤਾ । ਅਕਾਲੀ ਨੇਤਾਵਾਂ ਦਾ ਇਹੋ ਜਵਾਬ ਸੀ ਕਿ ਵਿਧਾਨ ਸਭਾ ਚ ਸਪੀਕਰ ਨੇ ਕਮਿਸ਼ਨ ਦੀ ਰਿਪੋਰਟ ਤੇ ਸਮਾਂ  ਘੱਟ ਦਿੱਤਾ  ਸੀ ।

ਅੱਜ ਦੀ ਪ੍ਰੈਸ ਕਾਨਫਰੰਸ ਚ ਪਹਿਲਾਂ ਟਕਸਾਲੀ ਆਗੂਆਂ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਪਿੰਡ ਪਿੰਡ ਤੱਕ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦਾ ਪੰਜਾਬੀ ਚ  ਟਰਾਂਸਲੇਟ ਕਰਕੇ  ਕਾਪੀਆਂ ਵੰਡਦੀ ਹੈ ,ਤਾਂ ਉਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਲੋਕਾਂ ਨੂੰ ਰਿਪੋਰਟ ਦੇਖ ਕੇ ਪਤਾ ਲੱਗ ਜਾਏਗਾ ਕਿ ਇਸ ਵਿੱਚ ਕੁਝ ਵੀ ਨਹੀਂ ।

ਚਾਰੇ ਅਕਾਲੀ ਆਗੂਆਂ ਨੇ ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਰਹਿਨਮਾਈ ਹੇਠ ਸੀਬੀਆਈ ਕਰੇ । ਅੱਜ ਚਾਰ ਵੱਡੇ ਕੱਦ ਦੇ ਨੇਤਾਵਾਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਚ ਪੱਤਰਕਾਰਾਂ ਦੀ ਬੁਛਾੜ ਚ ਘਿਰੇ ਆਗੂਆਂ ਵਿੱਚੋਂ ਇਕੱਲੇ ਢੀਂਡਸਾ ਨੇ ਹੀ ਪੱਤਰਕਾਰਾਂ ਨੂੰ ਕਾਫੀ ਹੱਦ ਤੱਕ ਸੰਤੁਸ਼ਟ ਜਵਾਬ ਦਿੱਤੇ ।

ਇਸ ਸਮੇਂ ਉਕਤ ਆਗੂਆਂ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ  ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਵਿਧਾਨ ਸਭਾ ਦੇ ਪਵਿੱਤਰ ਸਦਨ ਕੁਫ਼ਰ ਤੋਲਣ ਵਾਲਿਆਂ ਦੀ ਕਰੜੇ ਸ਼ਬਦਾਂ ਚ ਆਲੋਚਨਾ ਕੀਤੀ ।