• Home
  • ਯੁਨੈਸਕੋ ਦੇ ਕ੍ਰੀਏਟਿਵ ਸਿਟੀ ਨੈੱਟਵਰਕ ਵਿੱਚ ਫ਼ਾਜ਼ਿਲਕਾ ਨੂੰ ਸ਼ਾਮਲ ਕਰਾਉਣ ਸਬੰਧੀ ਵਿਚਾਰਾਂ

ਯੁਨੈਸਕੋ ਦੇ ਕ੍ਰੀਏਟਿਵ ਸਿਟੀ ਨੈੱਟਵਰਕ ਵਿੱਚ ਫ਼ਾਜ਼ਿਲਕਾ ਨੂੰ ਸ਼ਾਮਲ ਕਰਾਉਣ ਸਬੰਧੀ ਵਿਚਾਰਾਂ

ਫ਼ਾਜ਼ਿਲਕਾ, : ਵਿਸ਼ਵ ਦੇ ਵੱਖ-ਵੱਖ ਸ਼ਹਿਰਾਂ ਦੀਆਂ ਸਾਹਿਤਕ, ਲੋਕ-ਧਾਰਾ, ਕਲਾਵਾਂ, ਪਕਵਾਨਾਂ, ਇਮਾਰਤਾਂ ਆਦਿ ਖ਼ੂਬੀਆਂ ਨੂੰ ਕੌਮਾਂਤਰੀ ਪੱਧਰ 'ਤੇ ਉਭਾਰਨ ਸਬੰਧੀ ਯੁਨੈਸਕੋ ਵੱਲੋਂ ਸਾਲ 2004 ਵਿੱਚ ਸ਼ੁਰੂ ਕੀਤੇ ਗਏ ਯੁਨੈਸਕੋ ਕ੍ਰੀਏਟਿਵ ਸਿਟੀ ਨੈੱਟਵਰਕ (ਯੂ.ਸੀ.ਸੀ.ਐਨ.) ਪ੍ਰਾਜੈਕਟ ਵਿੱਚ ਫ਼ਾਜ਼ਿਲਕਾ ਨੂੰ ਸ਼ੁਮਾਰ ਕਰਾਉਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ. ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹੋਈ ਇਸ ਖ਼ਾਸ ਮੀਟਿੰਗ ਵਿੱਚ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਯੁਨੈਸਕੋ ਦੇ ਇਸ ਪ੍ਰਾਜੈਕਟ ਤਹਿਤ ਅਜਿਹੇ ਸ਼ਹਿਰਾਂ, ਜੋ ਆਪਣੀ ਆਰਥਿਕਤਾ, ਸਮਾਜ, ਵਿਰਸੇ ਅਤੇ ਵਾਤਾਵਰਣ ਆਦਿ ਪਹਿਲੂਆਂ ਨਾਲ ਵੱਖਰੀ ਪਛਾਣ ਰੱਖਦੇ ਹਨ ਅਤੇ ਸਥਾਈ ਵਿਕਾਸ ਦਾ ਅਹਿਮ ਅੰਗ ਬਣੇ ਹਨ, ਨਾਲ ਪ੍ਰਸਪਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਤਹੱਈਆ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਲਾ ਅਤੇ ਲੋਕ ਕਲਾਵਾਂ ਪੱਖੋਂ ਫ਼ਾਜ਼ਿਲਕਾ ਦਾ ਝੂਮਰ ਨਾਚ, ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਬੋਲੀ ਦਾ ਵਿਲੱਖਣ ਸੁਮੇਲ, ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਹੁੰਦੀ ਰੀਟ੍ਰੀਟ ਸੈਰੇਮਨੀ, ਫ਼ਾਜ਼ਿਲਕਾ ਤੇ ਅਬੋਹਰ ਦੀ ਪੰਜਾਬੀ ਜੁੱਤੀ, ਪਕਵਾਨਾਂ ਪੱਖੋਂ ਪਾਕਪਟਨ ਬ੍ਰਾਂਡ ਦੀ ਮਠਿਆਈ 'ਤੋਸ਼ਾ' ਤੇ ਕਿੰਨੂ, ਵਿਰਾਸਤੀ ਯਾਦਗਾਰ ਇਮਾਰਤਾਂ ਰਘੂਵਰ ਭਵਨ, ਗੋਲ ਕੋਠੀ ਅਤੇ ਪੁਰਾਣੇ ਐਸ.ਡੀ.ਐਮ. ਦਫ਼ਤਰ ਨੇੜਲਾ ਬੰਗਲਾ ਕੌਮਾਂਤਰੀ ਪੱਧਰ 'ਤੇ ਲੋਕਾਂ ਦੇ ਧਿਆਨ ਦਾ ਕੇਂਦਰ ਬਣਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਫ਼ਾਜ਼ਿਲਕਾ ਦੀਆਂ ਉਕਤ ਅਹਿਮੀਅਤਾਂ ਨੂੰ ਕੌਮਾਂਤਰੀ ਪੱਧਰ 'ਤੇ ਪਹੁੰਚਾਉਣ ਲਈ ਯੁਨੈਸਕੋ ਦੇ ਪੋਰਟਲ 'ਤੇ ਇਨ੍ਹਾਂ ਖ਼ੂਬੀਆਂ ਦੀ ਬਾਖ਼ੂਬੀ ਪੇਸ਼ਕਾਰੀ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਕੋਆਰਡੀਨੇਟਰ ਸ. ਪੰਮੀ ਸਿੰਘ ਨੂੰ ਉਚੇਚੇ ਤੌਰ 'ਤੇ ਪਾਬੰਦ ਕੀਤਾ।  ਸਿੱਖਿਆ ਕੋਆਰਡੀਨੇਟਰ ਇਨ੍ਹਾਂ ਵਿਲੱਖਣਤਾਵਾਂ ਦਾ ਖ਼ਾਕਾ ਤਿਆਰ ਕਰਕੇ ਕੇਂਦਰੀ ਸੱਭਿਆਚਾਰ ਮੰਤਰਾਲੇ ਨੂੰ ਦਰਖ਼ਾਸਤ ਭੇਜਣਗੇ। ਦਰਖ਼ਾਸਤ ਨੂੰ ਅੰਤਮ ਰੂਪ ਦੇਣ ਉਪਰੰਤ ਮੰਤਰਾਲੇ ਵੱਲੋਂ ਇੰਡੀਅਨ ਨੈਸ਼ਨਲ ਕਮਿਸ਼ਨ ਫ਼ਾਰ ਕੋਆਪ੍ਰੇਸ਼ਨ ਵਿਦ ਯੁਨੈਸਕੋ (ਆਈ.ਐਨ.ਸੀ.ਸੀ.ਯੂ) ਤੋਂ ਤਸਦੀਕੀ ਪੱਤਰ ਲਿਆ ਜਾਵੇਗਾ, ਜੋ ਉਮੀਦਵਾਰਤਾ ਲਈ ਲਾਜ਼ਮੀ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਯੁਨੈਸਕੋ ਦੀ ਟੀਮ ਨੂੰ ਜੇਕਰ ਫ਼ਾਜ਼ਿਲਕਾ ਦੀਆਂ ਇਹ ਵਿਲੱਖਣਤਾਵਾਂ ਵਧੀਆ ਲਗਦੀਆਂ ਹਨ ਤਾਂ ਜ਼ਿਲ੍ਹੇ ਦਾ ਨਾਂ ਕੌਮਾਂਤਰੀ ਨਕਸ਼ੇ ਉਪਰ ਨਵੀਆਂ ਖ਼ੂਬੀਆਂ ਕਰਕੇ ਜਾਣਿਆ ਜਾਵੇਗਾ ਅਤੇ ਇਥੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਜਾਣਗੀਆਂ।