• Home
  • ਪਾਤੜਾਂ ਪੁਲਿਸ ਨੇ ਫੜੀ 18 ਕਿਲੋ 600 ਗ੍ਰਾਮ ਚਾਂਦੀ ਦੀ ਵੱਡੀ ਖੇਪ – ਅੰਤਰਰਾਜੀ ਨਾਕਾਬੰਦੀ ਦੌਰਾਨ ਬਰਾਮਦ ਹੋਈ ਚਾਂਦੀ

ਪਾਤੜਾਂ ਪੁਲਿਸ ਨੇ ਫੜੀ 18 ਕਿਲੋ 600 ਗ੍ਰਾਮ ਚਾਂਦੀ ਦੀ ਵੱਡੀ ਖੇਪ – ਅੰਤਰਰਾਜੀ ਨਾਕਾਬੰਦੀ ਦੌਰਾਨ ਬਰਾਮਦ ਹੋਈ ਚਾਂਦੀ

ਪਾਤੜਾਂ/ਪਟਿਆਲਾ, : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਜ਼ਿਲ੍ਹਾ ਪਟਿਆਲਾ ਪੁਲਿਸ ਨੇ ਕੀਤੀ ਅੰਤਰਰਾਜੀ ਨਾਕਾਬੰਦੀ ਦੌਰਾਨ ਚਾਂਦੀ ਦੀ ਵੱਡੀ ਖੇਪ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਐਸ.ਪੀ. ਪਾਤੜਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੰਜਾਬ ਹਰਿਆਣਾ ਹੱਦ 'ਤੇ ਲਗਾਏ ਗਏ ਅੰਤਰਰਾਜੀ ਨਾਕੇ ਦੌਰਾਨ 18 ਕਿਲੋ 600 ਗ੍ਰਾਮ ਚਾਂਦੀ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਹੋਈ ਹੈ। ਇਹ ਚਾਂਦੀ ਦੀ ਖੇਪ ਚਾਂਦੀ ਦੇ 43 ਬਿਸਕੁਟਾਂ ਦੇ ਰੂਪ 'ਚ ਸੀ। ਸ. ਸਿੱਧੂ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਪੰਜਾਬ ਤੇ ਹਰਿਆਣਾ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਦੁਵੱਲੀ ਮੀਟਿੰਗ ਕਰਕੇ ਪਹਿਲਾਂ ਹੀ ਚੌਕਸੀ ਵਰਤੀ ਜਾ ਰਹੀ ਹੈ।  ਇਸੇ ਦੌਰਾਨ ਅੱਜ ਦੀ ਇਸ ਬਰਾਮਦਗੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਪਾਤੜਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਦੀ ਬੱਸ ਰਾਹੀਂ ਹਰਿਆਣਾ ਤੋਂ ਪੰਜਾਬ ਆ ਰਹੀ ਚਾਂਦੀ ਦੀ ਇਸ ਖੇਪ ਦੀ ਬਰਾਮਦਗੀ ਮਗਰੋਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਆਮਦਨ ਕਰ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਿਸ ਮਗਰੋਂ ਇਨ੍ਹਾਂ ਵਿਭਾਗਾਂ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।  ਡੀਐੱਸਪੀ ਸ. ਰੰਧਾਵਾ ਨੇ ਦੱਸਿਆ ਕਿ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਪਾਤੜਾਂ ਪੁਲਿਸ ਵੱਲੋਂ ਪੰਜਾਬ ਹਰਿਆਣਾ ਹੱਦ ਉੱਤੇ ਤਿੰਨ ਥਾਵਾਂ ਉੱਤੇ ਨਾਕੇਬੰਦੀ ਕੀਤੀ ਗਈ ਹੈ ਜਿਸ ਦੌਰਾਨ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਪਿੰਡ ਢਾਬੀ ਗੁੱਜਰਾਂ ਕੋਲ ਲਗਾਏ ਗਏ ਨਾਕੇ ਉੱਤੇ ਅੱਜ ਸਵੇਰੇ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਰਵਾਣਾ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਦੀ ਬੱਸ ਵਿੱਚ ਲਈ ਜਾ ਰਹੀ ਤਲਾਸ਼ੀ ਦੌਰਾਨ ਇੱਕ ਵਿਅਕਤੀ ਕੋਲ ਮੌਜੂਦ ਬੈਗ ਵਿੱਚੋਂ ਚਾਂਦੀ ਦੇ ਬਿਸਕੁੱਟ ਬਰਾਮਦ ਹੋਏ ਉਸ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਉਸ ਵੱਲੋਂ ਪਾਈ ਗਈ ਜੈਕਟ ਵਿੱਚੋਂ ਵੀ ਬਿਸਕੁਟ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਚਾਂਦੀ ਦੇ ਮਿਲੇ ਇਨ੍ਹਾਂ ਬਿਸਕੁਟਾਂ ਦੀ ਕੁੱਲ ਗਿਣਤੀ 43 ਅਤੇઠ ਵਜ਼ਨ 18 ਕਿਲੋઠ 600 ਗ੍ਰਾਮ ਹੈ। ਸ. ਰੰਧਾਵਾ ਨੇ ਦੱਸਿਆ ਕਿ ਚਾਂਦੀ ਰੋਹਤਕ ਤੋਂ ਬੱਸ ਰਾਹੀਂ ਸੁਨਾਮ (ਸੰਗਰੂਰ) ਲਜਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਵਿਅਕਤੀ ਦੀ ਪਛਾਣ ਸਾਗਰ ਨੇਕਮ ਮਹਾਦੇਵ ਪੁੱਤਰ ਮਹਾਂਦੇਵ ਪਿੰਡ ਮਗਰੂਲ ਥਾਣਾ ਬੀਟਾ ਜ਼ਿਲ੍ਹਾ ਸਾਂਗਲੀ (ਮਹਾਰਾਸ਼ਟਰ) ਵਜੋਂ ਹੋਈ ਹੈ। ਉਕਤ ਵਿਅਕਤੀ ਪਾਸੋਂ ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਉਹ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਇਸ ਮੌਕੇ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਆਦਿ ਵੀ ਮੌਜੂਦ ਸਨ।