• Home
  • ਮੋਦੀ ਦੇ ਭੜਕਾਊ ਤੇ ਗੈਰ ਜਿੰਮੇਵਾਰਾਨਾ ਬਿਆਨ ਕਰਤਾਰਪੁਰ ਲਾਂਘੇ ਵਿਚ ਡਾਹ ਸਕਦੇ ਹਨ ਅੜਿੱਕਾ ਸੁਨੀਲ ਜਾਖੜ ਕਿਹਾ, ਦੇਸ਼ ਨੂੰ ਜਿੰਮੇਵਾਰ ਸਰਕਾਰ ਦੀ ਜਰੂਰਤ

ਮੋਦੀ ਦੇ ਭੜਕਾਊ ਤੇ ਗੈਰ ਜਿੰਮੇਵਾਰਾਨਾ ਬਿਆਨ ਕਰਤਾਰਪੁਰ ਲਾਂਘੇ ਵਿਚ ਡਾਹ ਸਕਦੇ ਹਨ ਅੜਿੱਕਾ ਸੁਨੀਲ ਜਾਖੜ ਕਿਹਾ, ਦੇਸ਼ ਨੂੰ ਜਿੰਮੇਵਾਰ ਸਰਕਾਰ ਦੀ ਜਰੂਰਤ

ਡੇਰਾ ਬਾਬਾ ਨਾਨਕ, 29 ਅਪ੍ਰੈਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਲਈ ਗੁਰਦਾਸਪੁਰ ਤੋਂ ਕਾਂਗਰਸ ਦੇ ਉੂਮੀਦਵਾਰ ਸ੍ਰੀ ਸੁਨੀਲ ਜਾਖੜ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਬਣ ਰਹੇ ਕੋਰੀਡੋਰ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਜਾਖੜ ਨੇ ਕਿਹਾ ਕਿ ਇਸ ਪਵਿੱਤਰ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਦਾ ਸੰਦੇਸ਼ ਦਿੱਤਾ ਸੀ ਵਿਖੇ ਨਤਮਸਤਕ ਹੋ ਕੇ ਹਲਕੇ ਦੇ ਵਿਕਾਸ ਲਈ ਪਹਿਲਾਂ ਦਿੱਤੇ ਮੌਕੇ ਲਈ ਸ਼ੁਕਰਾਨਾ ਅਦਾ ਕੀਤਾ ਅਤੇ ਅਗਲੇ 5 ਸਾਲ ਲਈ ਆਸ਼ੀਰਵਾਦ ਮੰਗਿਆ ਤਾਂਕੀ ਹਲਕੇ ਦੇ ਲੋਕਾਂ ਦੀ ਸੇਵਾ ਇਸੇ ਤਰੀਕੇ ਕਰਦਾ ਰਹਾਂ।  ਸ੍ਰੀ ਜਾਖੜ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਬਖਸ਼ਿਸ ਹੋਈ ਹੈ ਕਿ ਇਹ ਲਾਂਘਾ ਬਣਨ ਜਾ ਰਿਹਾ ਹੈ ਪਰ ਨਾਲ ਹੀ ਉਨਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾ ਰਹੀ ਭੜਕਾਊ ਅਤੇ ਗੈਰਜਿੰਮੇਵਾਰਾਨਾ ਬਿਆਨਬਾਜੀ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਐਟਮੀ ਹਥਿਆਰਾਂ ਦੀਆਂ ਬੇਵਜਹਾ ਗੱਲਾਂ ਕਰਕੇ ਗੁਆਂਢੀ ਮੁਲਕ ਨਾਲ ਤਨਾਅ ਵਧਾ ਰਹੇ ਹਨ। ਉਨਾਂ ਨੇ ਫਿਕਰ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਡਰ ਹੈ ਕਿ ਮੋਦੀ ਲਾਂਘਾ ਖੁਲਵਾਉਣ ਦੀ ਬਜਾਏ ਕਿਤੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਤਨਾਅ ਵਧਾ ਕੇ ਸਾਡੇ ਸਰਹੱਦੀ ਸੂਬੇ ਦਾ ਉਜਾੜਾ ਹੀ ਨਾ ਕਰ ਦੇਵੇ। ਇਸ ਲਈ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਕਰਤਾਰਪੁਰ ਲਾਂਘੇ ਅਤੇ ਅਮਨ ਸਾਂਤੀ ਲਈ ਭਾਜਪਾ ਦਾ ਸਾਥ ਨਹੀਂ ਦੇਣਗੇ।  ਸ੍ਰੀ ਜਾਖੜ ਨੇ ਆਖਿਆ ਕਿ ਦੇਸ਼ ਕੋਲ ਬਹੁਤ ਪਹਿਲਾਂ ਤੋਂ ਐਟਮੀ ਹਥਿਆਰ ਹਨ ਪਰ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਇਸ ਤਰਾਂ ਬਚਕਾਨਾ ਬਿਆਨ ਨਹੀਂ ਦਿੱਤੇ ਸਨ। ਉਨਾਂ ਨੇ ਕਿਹਾ ਕਿ ਕੌਮਾਂਤਰੀ ਮੰਚ ਤੇ ਵੀ ਪ੍ਰਧਾਨ ਮੰਤਰੀ ਦੇ ਅਜਿਹੇ ਬਿਆਨਾਂ ਨਾਲ ਦੇਸ਼ ਦੀ ਸ਼ਾਖ ਨੂੰ ਵੱਟਾ ਲੱਗਿਆ ਹੈ ਜਦ ਕਿ ਪੰਜਾਬ ਦੇ ਲੋਕਾਂ ਵਿਚ ਤਾਂ ਇਸ ਨਾਲ ਹੋਰ ਵੀ ਸਹਿਮ ਪੈਦਾ ਹੋ ਗਿਆ ਹੈ। ਉਨਾਂ ਨੇ ਕਿਹਾ ਕਿ ਦੇਸ਼ ਨੂੰ ਇਕ ਸਮਰੱਥ ਅਤੇ ਜਿੰਮੇਵਾਰ ਸਰਕਾਰ ਚਾਹੀਦੀ ਹੈ ਜੋ ਦੇਸ਼ ਦੀ ਸੁਰੱਖਿਆ ਵੀ ਕਰੇ ਅਤੇ ਸਦਭਾਵਨਾ ਵੀ ਰੱਖੇ। ਉਨਾਂ ਨੇ ਕਿਹਾ ਭਾਜਪਾ ਦੀ ਸਰਕਾਰ ਨੇ ਤਾਂ ਆਪਣੀਆਂ ਨਾਕਾਮੀਆਂ ਛੁਪਾਉਣ ਦਾ ਇਕੋ ਰਾਹ ਪਾਕਿਸਤਾਨ ਨਾਲ ਤਨਾਅ ਵਧਾਉਣਾ ਲਭ ਲਿਆ ਹੈ ਪਰ ਇਸਦਾ ਸਭ ਤੋਂ ਵੱਡਾ ਸੰਤਾਪ ਤਾਂ ਪੰਜਾਬ ਨੂੰ ਭੁਗਤਣਾ ਪੈਣਾ ਹੈ ਜਦ ਕਿ ਦਹਾਕਿਆਂ ਬਾਅਦ ਸਾਡੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੀ ਆਸ ਵੀ ਮੋਦੀ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਟੁੱਟ ਸਕਦੀ ਹੈ। ਉਨਾਂ ਕਰਤਾਰਪੁਰ ਲਾਂਘ ਦੀ ਸੰਪੂਰਨਤਾ, ਦੇਸ਼ ਦੇ ਵਿਕਾਸ ਤੇ ਅਮਨ ਸਾਂਤੀ ਅਤੇ ਭਾਈਚਾਰਕ ਸਾਂਝਾਂ ਬਣਾਈ ਰੱਖਣ ਲਈ ਮੋਦੀ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਵੀ ਦਿੱਤਾ। 
ਇਸ ਮੌਕੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੋਦੀ ਵਿਕਾਸ ਦੀ ਬਜਾਏ ਵਿਨਾਸ ਅਤੇ ਉਜਾੜੇ ਦੀ ਰਾਜਨੀਤੀ ਕਰਨ ਵਿਚ ਵਿਸਵਾਸ਼ ਰੱਖਦੇ ਹਨ। ਉਨਾਂ ਨੇ ਕਿਹਾ ਕਿ ਸਾਡੇ ਲਈ ਇਹ ਸੁਚੇਤ ਹੋਣ ਦਾ ਸਮਾਂ ਹੈ ਕਿ ਅਸੀਂ ਕਿਸ ਚੀਜ ਦੀ ਚੋਣ ਕਰਨੀ ਹੈ। ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਤਰਾਂ ਦੇ ਤਨਾਅ ਵਧਾਉਣ ਵਾਲੇ ਬਿਆਨ ਸੋਭਾ ਨਹੀਂ ਦਿੰਦੇ ਪਰ ਕਿਉਂਕਿ ਉਨਾਂ ਨੇ 5 ਸਾਲ ਵਿਅਰਥ ਗੁਆ ਲਏ ਅਤੇ ਹੁਣ ਕਿਸੇ ਵੀ ਕੀਮਤ ਵਿਚ ਸੱਤਾ ਹਥਿਆਉਣ ਲਈ ਉਹ ਪੰਜਾਬ ਵਰਗੇ ਸਰਹੱਦੀ ਸੂਬਿਆਂ ਨੂੰ ਜੰਗ ਵਾਲੇ ਹਾਲਾਤ ਸਿਰਜ ਕੇ ਉਜਾੜਨਾ ਚਾਹੁੰਦੇ ਹਨ।  ਇਸ ਮੌਕੇ ਸ੍ਰੀ ਜਾਖੜ ਅਤੇ ਸ: ਰੰਧਾਵਾ ਹਲਕੇ ਦੀ ਲੀਡਰਸ਼ਿਪ ਸਮੇਤ ਪੈਦਲ ਚੱਲ ਕੇ ਲਾਂਘੇ ਵਾਲੀ ਥਾਂ ਤੇ ਪਹੁੰਚੇ ਅਤੇ ਇਸ ਮੌਕੇ ਸੰਗਤਾਂ ਨਾਮ ਜਪ ਕਰ ਰਹੀਆਂ ਸਨ।