• Home
  • ਹਲਵਾਰਾ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ

ਹਲਵਾਰਾ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ

ਗੁਰੂਸਰ ਸੁਧਾਰ, 25 ਮਾਰਚ (ਗਿੱਲ) ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਹਲਵਾਰਾ ਦੇ ਇੱਕ ਨੌਜਵਾਨ ਨੇ ਬੀਤੀ ਰਾਤ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਲਵਾਰਾ ਦੇ ਨੌਜਵਾਨ ਰਾਜਦੀਪ ਸਿੰਘ ਧਾਲੀਵਾਲ (29) ਪੁੱਤਰ ਸੁਖਵਿੰਦਰ ਸਿੰਘ ਧਾਲੀਵਾਲ ਆਪਣੇ ਪਿੰਡ ਵਿਚਲੇ ਘਰ ਇਕੱਲਾ ਹੀ ਰਹਿੰਦਾ ਸੀ, ਕਿਉਂਕਿ ਉਸ ਦੇ ਮਾਤਾ ਪਿਤਾ ਦੀ ਮੌਤ ਬਹੁਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਦਾ ਭਰਾ ਜਗਦੀਪ ਸਿੰਘ ਧਾਲੀਵਾਲ ਕੈਨੇਡਾ ਵਿਚ ਰਹਿੰਦਾ ਹੈ।
ਅੱਜ ਸਵੇਰੇ ਉਸ ਦੇ ਕੁੱਝ ਦੋਸਤ ਜਦੋਂ ਮਿਲਣ ਲਈ ਘਰ ਆਏ ਤਾਂ ਦਰਵਾਜ਼ਾ ਅੰਦਰੋਂ ਬੰਦ ਮਿਲਿਆ। ਉਨ੍ਹਾਂ ਦੇ ਦਰਵਾਜ਼ਾ ਖੜਕਾਉਣ ’ਤੇ ਜਦੋਂ ਅੰਦਰੋਂ ਕੋਈ ਉਤਰ ਨਾ ਮਿਲਿਆ ਤਾਂ ਉਨ੍ਹਾਂ ਨੇ ਗਵਾਂਢੀਆਂ ਅਤੇ ਪੁਲਿਸ ਨੂੰ ਇਤਲਾਹ ਦਿੱਤੀ। ਮੌਕੇ ‘ਤੇ ਪੁੱਜੇ ਥਾਣਾ ਸੁਧਾਰ ਦੇ ਸਹਾਇਕ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੂਆ ਹਰਭਾਨ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਜ਼ਾਬਤਾ ਫ਼ੌਜਦਾਰੀ ਦੀ ਧਾਰਾ 174 ਅਧੀਨ ਕਾਰਵਾਈ ਕਰ ਕੇ ਸੁਧਾਰ ਦੇ ਸਰਕਾਰੀ ਹਸਪਤਾਲ ਵਿਚ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਭਰਾ ਜਗਦੀਪ ਸਿੰਘ ਧਾਲੀਵਾਲ ਦੇ ਪੁੱਜਣ ’ਤੇ ਸਸਕਾਰ ਕੀਤਾ ਜਾਵੇਗਾ।