• Home
  • “ਆਪ” ਤੇ “ਟਕਸਾਲੀਆਂ” ਦੀ ਨਹੀਂ ਗਲੇਗੀ ਦਾਲ ! ਦੋਵਾਂ ‘ਚ ਆਨੰਦਪੁਰ ਸੀਟ “ਆਨੰਦਪੁਰ ਦਾ ਮਤਾ” ਬਣੀ..ਪੜ੍ਹੋ ਕਿਉਂ ?

“ਆਪ” ਤੇ “ਟਕਸਾਲੀਆਂ” ਦੀ ਨਹੀਂ ਗਲੇਗੀ ਦਾਲ ! ਦੋਵਾਂ ‘ਚ ਆਨੰਦਪੁਰ ਸੀਟ “ਆਨੰਦਪੁਰ ਦਾ ਮਤਾ” ਬਣੀ..ਪੜ੍ਹੋ ਕਿਉਂ ?

ਚੰਡੀਗੜ੍ਹ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦੁਆਉਣ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਬਾਦਲ ਚੋਂ ਬਗਾਵਤ ਕਰਕੇ ਨਵੀਂ ਬਣੀ ਪਾਰਟੀ ਅਕਾਲੀ ਦਲ ਟਕਸਾਲੀ ਦੀ ਪੰਜਾਬ ਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਦਾਲ ਗਲਦੀ ਨਹੀਂ ਦਿਸ ਰਹੀ । ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਐਲਾਨਿਆ ਹੋਇਆ ਹੈ।

ਪਰ ਅਕਾਲੀ ਦਲ ਟਕਸਾਲੀ ਵੱਲੋਂ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੂੰ ਇਸ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਭਾਵੇਂ ਦੋਵੇਂ ਪਾਰਟੀਆਂ ਨੇ ਆਪਣੇ ਗੱਠਜੋੜ ਦੇ ਸ਼ੁਰੂਆਤ ਦੌਰ ਤੋਂ ਪਹਿਲਾਂ ਹੀ ਆਪੋ -ਆਪਣੇ ਉਮੀਦਵਾਰ ਐਲਾਨੇ ਸਨ ।ਹੁਣ ਆਨੰਦਪੁਰ ਸਾਹਿਬ ਹਲਕੇ ਤੋਂ ਦੋਵਾਂ ਪਾਰਟੀਆਂ ਵੱਲੋਂ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ।ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਡੈਮੋਕ੍ਰੇਟਿਕ ਅਲਾਇੰਸ ਚ ਸ਼ਾਮਿਲ ਹੋਣ ਤੋਂ ਇਸ ਲਈ ਕਿਨਾਰਾ ਕਰ ਲਿਆ ਸੀ ਕਿ ਉਹ ਆਪਣੀ ਅਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਨਹੀਂ ਛੱਡ ਸਕਦੇ । ਹੁਣ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਟਕਸਾਲੀ ਨੂੰ ਤਿੱਖੇ ਤੇਵਰ ਦਿਖਾਏ ਜਾ ਰਹੇ ਹਨ । ਕੋਰ ਕਮੇਟੀ ਮੈਂਬਰ ਅਤੇ ਐੱਸ ਸੀ ਵਿੰਗ ਦੇ ਸੂਬਾ ਪ੍ਰਧਾਨ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ "ਖ਼ਬਰ ਵਾਲੇ ਡਾਟ ਕਾਮ " ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕੋਰ ਕਮੇਟੀ ਵੱਲੋਂ ਹਾਈਕਮਾਨ ਨੂੰ ਵੀ ਸਾਫ ਕਰ ਦਿੱਤਾ ਗਿਆ ਹੈ ਕਿ ਅਕਾਲੀ ਦਲ ਟਕਸਾਲੀ ਨਾਲ ਸਮਝੌਤਾ ਹੋਵੇ ਜਾਂ ਨਾ ਪਰ ਉਨ੍ਹਾਂ ਦਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਅਨੰਦਪੁਰ ਸਾਹਿਬ ਤੋਂ ਹੀ ਚੋਣ ਲੜੇਗਾ । ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਹੋਰ 12 ਹਲਕੇ ਹਨ ਅਕਾਲੀ ਦਲ ਟਕਸਾਲੀ ਉੱਥੇ ਸਮਝੌਤਾ ਕਰ ਸਕਦੇ ਹਨ ।
ਭਾਵੇਂਕਿ ਕੱਲ੍ਹ ਡੈਮੋਕ੍ਰੇਟਿਕ ਅਲਾਇੰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਸਮੇਂ ਇੱਕ ਵਾਰ ਫਿਰ ਅਕਾਲੀ ਦਲ ਟਕਸਾਲੀ ਨੂੰ ਡੈਮੋਕ੍ਰੇਟਿਕ ਅਲਾਇੰਸ ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ ,ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਡੈਮੋਕ੍ਰੇਟਿਕ ਅਲਾਇੰਸ ਦੇ ਕਾਇਦੇ ਕਾਨੂੰਨ ਵਿਚ ਰਹਿਣਾ ਪਵੇਗਾ ।