• Home
  • ਬਲਾਤਕਾਰ ਕੇਸ ‘ਚ ਗ਼ਲਤ ਨਾਮਜ਼ਦ ਕਰਨ ‘ਤੇ ਨੌਜਵਾਨ ਨੇ ਮੰਗਿਆ ਚੰਡੀਗੜ ਪੁਲਿਸ ਤੋਂ ਮੁਆਵਜ਼ਾ

ਬਲਾਤਕਾਰ ਕੇਸ ‘ਚ ਗ਼ਲਤ ਨਾਮਜ਼ਦ ਕਰਨ ‘ਤੇ ਨੌਜਵਾਨ ਨੇ ਮੰਗਿਆ ਚੰਡੀਗੜ ਪੁਲਿਸ ਤੋਂ ਮੁਆਵਜ਼ਾ

ਚੰਡੀਗੜ (ਖ਼ਬਰ ਵਾਲੇ ਬਿਊਰੋ): ਚੰਡੀਗੜ ਵਿਚ ਬਲਾਤਕਾਰ ਦੇ ਕੇਸ ਵਿਚ ਗ਼ਲਤ ਨਾਮਜ਼ਦ ਕੀਤੇ ਵਸੀਮ ਮਲਿਕ ਨੇ ਹੁਣ ਪੁਲਿਸ ਤੋਂ 20 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਮਲਿਕ 17 ਦਸੰਬਰ 2016 ਤੋਂ 9 ਅਪ੍ਰੈਲ, 2018 ਤਕ 16 ਮਹੀਨੇ ਦੀ ਨਿਆਂਇਕ ਹਿਰਾਸਤ ਵਿਚ ਰਿਹਾ ਸੀ ਤੇ ਬਾਅਦ 'ਚ ਇਸ ਕੇਸ 'ਚੋਂ ਬਾ ਇੱਜ਼ਤ ਬਰੀ ਹੋਇਆ ਸੀ।

ਵਸੀਮ ਮਲਿਕ ਵਲੋਂ ਦਾਇਰ ਇਕ ਸਿਵਲ ਰਾਈਟ ਪਟੀਸ਼ਨ ਜੋ 21 ਅਕਤੂਬਰ, 2018 ਨੂੰ ਪਾਈ ਗਈ ਸੀ ਦੇ ਆਧਾਰ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਅੱਜ ਆਈਜੀ, ਐਸਪੀ, ਏਐਸਆਈ ਪਰਮਿੰਦਰ ਸਿੰਘ, ਕਾਂਸਟੇਬਲ ਸਤੀਸ਼ ਕੁਮਾਰ, ਰਵੀ ਪ੍ਰਕਾਸ਼, ਏ ਐਸ ਆਈ ਬਬੀਤਾ ਅਤੇ ਸਬ ਇੰਸਪੈਕਟਰ ਜੈਵੀਰ ਸਿੰਘ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।

ਮਲਿਕ ਨੇ ਦੋਸ਼ ਲਗਾਇਆ ਹੈ ਕਿ 13 ਦਸੰਬਰ 2016 ਨੂੰ ਉਦਯੋਗਿਕ ਖੇਤਰ ਦੇ ਪੁਲਿਸ ਥਾਣੇ ਵਿੱਚ ਦਰਜ ਕਰਵਾਏ ਗਏ ਬਲਾਤਕਾਰ ਦੇ ਕੇਸ ਵਿੱਚ ਪੁਲਿਸ ਨੇ 13 ਦਸੰਬਰ, 2016 ਨੂੰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕੀਤਾ ਸੀ। ਚੰਡੀਗੜ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਕੁਝ ਅਣਪਛਾਤੇ ਲੋਕਾਂ ਖਿਲਾਫ ਦਰਜ ਬਲਾਤਕਾਰ ਦੇ ਕੇਸ ਨੂੰ ਹੱਲ ਕਰ ਲਿਆ ਗਿਆ ਹੈ।

ਯੂਟੀ ਪੁਲਿਸ ਨੇ ਕੋਰਟ ਵਿਚ ਦਾਇਰ ਕੀਤੇ ਗਏ ਚਲਾਨ ਵਿਚ ਦਾਅਵਾ ਕੀਤਾ ਹੈ ਕਿ ਪਟੀਸ਼ਨਰ ਨੂੰ ਬਲਾਤਕਾਰ ਪੀੜਤ ਵਲੋਂ ਬਣਵਾਏ ਸਕੈਚ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਟੀਸ਼ਨਰ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਹੈ ਕਿ ਪਟੀਸ਼ਨਰ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪੁਲਿਸ ਨੇ ਮੋਬਾਈਲ ਫੋਨ ਦੀ ਸਥਿਤੀ ਦੀ ਜਾਂਚ ਨਹੀਂ ਕੀਤੀ, ਨਾ ਹੀ ਸੜਕ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕੀਤੀ ਤੇ ਪਟੀਸ਼ਨਰ ਨੂੰ ਚੁੱਕ ਲਿਆ ਗਿਆ।
ਦਸ ਦਈਏ ਕਿ ਬਾਅਦ ਵਿੱਚ, 13 ਮਾਰਚ, 2018 ਨੂੰ ਅਤੇ ਅਗਲੇ ਦਿਨ ਇਰਫਾਨ ਮੁਹੰਮਦ ਅਤੇ ਕਮਲ ਹਸਨ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨਾਂ ਨੂੰ ਪੀੜਤ ਨੇ ਵੀ ਪਛਾਣਿਆ ਸੀ ਤੇ ਵਸੀਮ ਮਲਿਕ ਨੂੰ ਰਾਹਤ ਮਿਲੀ ਸੀ। ਹੁਣ ਪਟੀਸ਼ਨਰ ਨੇ ਇਹ ਕਹਿੰਦਿਆਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿ ਉਸ ਦੀ ਸਮਾਜ 'ਚ ਬੇਇੱਜ਼ਤੀ ਤਾਂ ਹੋਈ ਹੀ ਹੈ ਤੇ ਨਾਲ ਹੀ ਉਸ ਨੂੰ ਆਰਥਿਕ ਹਾਨੀ ਵੀ ਝਲਣੀ ਪਈ।