• Home
  • ਜ਼ਖ਼ਮੀ ਜੰਗਲਾਤ ਕਰਮਚਾਰੀਆਂ ਦੀ ਫੜੀ ਧਰਮਸੋਤ ਨੇ ਬਾਂਹ

ਜ਼ਖ਼ਮੀ ਜੰਗਲਾਤ ਕਰਮਚਾਰੀਆਂ ਦੀ ਫੜੀ ਧਰਮਸੋਤ ਨੇ ਬਾਂਹ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੁੱਝ ਮਹੀਨੇ ਪਹਿਲਾਂ ਪਿੰਡ ਸਿਊਂਕ, ਜਿਲਾ ਐਸ.ਏ.ਐਸ. ਨਗਰ ਵਿਖੇ ਵਾਪਰੀ ਇੱਕ ਘਟਨਾ 'ਚ ਗੰਭੀਰ ਜ਼ਖ਼ਮੀ ਹੋਏ 6 ਜੰਗਲਾਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ-ਗਰੇਸ਼ੀਆ ਸਕੀਮ ਤਹਿਤ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ। ਇਸ ਮੌਕੇ ਦੋ ਕਰਮਚਾਰੀਆਂ ਨੂੰ 50-50 ਹਜ਼ਾਰ ਰੁਪਏ ਦੇ ਅਤੇ ਚਾਰ ਕਰਮਚਾਰੀਆਂ ਨੂੰ 21-21 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ।

ਸ. ਧਰਮਸੋਤ ਨੇ ਦੱਸਿਆ ਕਿ ਪਿੰਡ ਸਿਊਂਕ ਵਿਖੇ ਵਾਪਰੀ ਘਟਨਾ 'ਚ ਗੰਭੀਰ ਜ਼ਖ਼ਮੀ ਹੋਏ ਬਲਾਕ ਅਫ਼ਸਰ ਸ੍ਰੀ ਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਅਤੇ ਬੇਲਦਾਰ ਸ੍ਰੀ ਕਰਨੈਲ ਸਿੰਘ ਨੂੰ 50 ਹਜ਼ਾਰ ਰੁਪਏ ਦੇ ਚੈੱਕ ਸੌਂਪੇ ਗਏ ਹਨ ਜਦਕਿ ਇਸ ਘਟਨਾ 'ਚ ਜ਼ਖ਼ਮੀ ਹੋਏ ਫਾਰੈਸਟ ਗਾਰਡ ਸ੍ਰੀ ਰਵਿੰਦਰ ਸਿੰਘ ਨੂੰ 21 ਹਜ਼ਾਰ ਰੁਪਏ, ਬੇਲਦਾਰ ਸ੍ਰੀ ਰਾਜਿੰਦਰ ਸਿੰਘ ਨੂੰ 21 ਹਜ਼ਾਰ ਰੁਪਏ, ਬੇਲਦਾਰ ਸ੍ਰੀ ਮਹਿੰਦਰ ਸਿੰਘ ਨੂੰ 21 ਹਜ਼ਾਰ ਰੁਪਏ ਅਤੇ ਬੇਲਦਾਰ ਸ੍ਰੀ ਭਾਗਾ ਰਾਮ ਨੂੰ 21 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ।