• Home
  • ਨਵਾਂ ਗਰਾਓਂ ਪੁਲੀਸ ਨੇ 24 ਘੰਟਿਆਂ ਵਿੱਚ ਕਤਲ ਕੇਸ ਸੁਲਝਾਇਆ

ਨਵਾਂ ਗਰਾਓਂ ਪੁਲੀਸ ਨੇ 24 ਘੰਟਿਆਂ ਵਿੱਚ ਕਤਲ ਕੇਸ ਸੁਲਝਾਇਆ

ਨਵਾਂ ਗਰਾਓਂ, 26 ਮਾਰਚ,
ਐਸ. ਏ. ਐਸ. ਨਗਰ ਦੀ ਪੁਲੀਸ ਨੇ ਨਵਾਂ ਗਰਾਓਂ ਵਿੱਚ ਕੱਲ੍ਹ ਰਾਕੇਸ਼ ਕੁਮਾਰ ਉਰਫ਼ ਰਮਨ ਦੇ ਹੋਏ ਕਤਲ ਦੀ ਗੁੱਥੀ 24 ਘੰਟਿਆਂ ਵਿਚਕਾਰ ਹੀ ਸੁਲਝਾ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸ.ਪੀ. (ਸਿਟੀ) ਹਰਵਿੰਦਰ ਵਿਰਕ ਨੇ ਇੱਥੇ ਥਾਣਾ ਨਵਾਂ ਗਰਾਓਂ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਦੀ ਕਾਰਵਾਈ ਨੂੰ ਨੱਥ ਪਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ 25 ਮਾਰਚ ਨੂੰ ਨਵਾਂ ਗਰਾਓਂ ਵਿਖੇ ਰਾਕੇਸ਼ ਕੁਮਾਰ ਉਰਫ ਰਮਨ ਦਾ ਕਤਲ ਹੋ ਗਿਆ ਸੀ।

ਸ. ਵਿਰਕ ਨੇ ਦੱਸਿਆ ਕਿ ਥਾਣਾ ਨਵਾਂ ਗਰਾਓਂ ਵਿੱਚ ਊਸ਼ਾ ਰਾਣੀ ਵਾਸੀ ਮਕਾਨ ਨੰਬਰ 12 ਗਲੀ ਨੰਬਰ 20 ਆਦਰਸ਼ ਕਲੋਨੀ ਬਲੌਂਗੀ ਦੇ ਬਿਆਨ ਉਤੇ ਮੋਹਿਤ, ਗੋਟਾ ਅਤੇ ਰਣਜੀਤ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦੇ ਭਤੀਜੇ ਰਾਕੇਸ਼ ਕੁਮਾਰ ਉਰਫ ਰਮਨ ਪੁੱਤਰ ਨੇਤਰ ਸਿੰਘ ਵਾਸੀ ਆਦਰਸ਼ ਕਲੋਨੀ ਬਲੌਗੀ ਦਾ ਨਵਾਂ ਗਰਾਓਂ ਦੀ ਇਕ ਲੜਕੀ ਦੇ ਘਰ ਆਉਣਾ-ਜਾਣਾ ਸੀ, ਕਦੇ ਕਦੇ ਰਾਕੇਸ਼ ਕੁਮਾਰ ਉਰਫ ਰਮਨ ਆਪਣੇ ਦੋਸਤਾਂ ਮੋਹਿਤ ਤੇ ਗੋਟਾ ਵਾਸੀ ਜਨਤਾ ਕਲੋਨੀ ਨਵਾਂ ਗਰਾਓਂ ਅਤੇ ਰਣਜੀਤ ਵਾਸੀ ਸਿੰਘਾ ਦੇਵੀ ਕਲੋਨੀ ਨਵਾਂ ਗਰਾਓਂ ਨਾਲ ਵੀ ਉਨ੍ਹਾਂ ਦੇ ਕੋਲ (ਭੂਆ ਦੇ ਘਰ) ਆਉਂਦਾ ਹੁੰਦਾ ਸੀ। ਕੱਲ੍ਹ ਵੀ ਰਾਕੇਸ਼ ਕੁਮਾਰ ਉਰਫ ਰਮਨ ਉਸ ਨੂੰ ਇਹ ਦੱਸ ਕੇ ਗਿਆ ਸੀ ਕਿ ਉਹ ਉਕਤ ਲੜਕੀ ਦੇ ਘਰ ਚੱਲਿਆ ਹੈ, ਜਿੱਥੇ ਉਸ ਦੇ ਦੋਸਤਾਂ ਮੋਹਿਤ, ਗੋਟਾ ਅਤੇ ਰਣਜੀਤ ਨੇ ਪਾਰਟੀ ਰੱਖੀ ਹੋਈ ਹੈ ਪਰ ਰਾਕੇਸ਼ ਕੁਮਾਰ ਉਰਫ ਰਮਨ ਸ਼ਾਮ ਨੂੰ ਵਾਪਸ ਨਹੀਂ ਆਇਆ, ਜਿਸ ਕਰਕੇ ਉਸ ਦੀ ਭਾਲ ਕਰਦੇ ਉਹ ਉਕਤ ਲੜਕੀ ਦੇ ਘਰ ਪੁੱਜੇ ਤਾਂ ਕਮਰੇ ਵਿੱਚ ਬੈੱਡ ਉਤੇ ਰਾਕੇਸ਼ ਕੁਮਾਰ ਦੀ ਲਾਸ਼ ਲਹੂ-ਲੁਹਾਨ ਹੋਈ ਪਈ ਸੀ, ਜਿਸ ਦੀ ਧੌਣ ਦੇ ਸੱਜੇ ਪਾਸੇ ਤੇਜ਼ਧਾਰ ਹਥਿਆਰ ਨਾਲ ਡੂੰਘਾ ਜ਼ਖ਼ਮ ਹੋਇਆ ਸੀ। ਸ਼ਿਕਾਇਤਕਰਤਾ ਨੇ ਇਸ ਕਤਲ ਬਾਰੇ ਰਾਕੇਸ਼ ਕੁਮਾਰ ਉਰਫ ਰਮਨ ਦੇ ਦੋਸਤ ਮੋਹਿਤ, ਗੋਟਾ ਅਤੇ ਰਣਜੀਤ ਉਤੇ ਸ਼ੱਕ ਜ਼ਾਹਰ ਕੀਤਾ ਸੀ

ਐਸ.ਪੀ. ਸਿਟੀ ਮੁਹਾਲੀ ਸ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੌਕਾ-ਏ-ਵਾਰਦਾਤ ਤੋਂ ਮਿਲੇ ਸਬੂਤਾਂ ਦੇ ਆਧਾਰ ਉਤੇ 24 ਘੰਟਿਆਂ ਵਿੱਚ ਦੋ ਮੁਲਜ਼ਮਾਂ ਮੋਹਿਤ ਵਾਸੀ ਨੇੜੇ ਕਾਲੀ ਮਾਤਾ ਮੰਦਿਰ ਜਨਤਾ ਕਲੋਨੀ ਨਵਾਂ ਗਰਾਓਂ ਅਤੇ ਗੌਰਵ ਉਰਫ ਗੋਟਾ ਵਾਸੀ ਆਦਰਸ਼ ਨਗਰ ਜਨਤਾ ਕਲੋਨੀ ਨਵਾਂ ਗਰਾਓਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਵਾਰਦਾਤ ਲਈ ਵਰਤਿਆ ਛੁਰਾ ਵੀ ਬਰਾਮਦ ਹੋ ਚੁੱਕਾ ਹੈ। ਇਸ ਕੇਸ ਦਾ ਤੀਜਾ ਮੁਲਜ਼ਮ ਰਣਜੀਤ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰ ਲਈ ਛਾਪੇ ਮਾਰੇ ਜਾ ਰਹੇ ਹਨ।

ਸ. ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਇਹ ਕਤਲ ਰਾਕੇਸ਼ ਕੁਮਾਰ ਉਰਫ ਰਮਨ ਦੀ ਉਕਤ ਲੜਕੀ ਨਾਲ ਹੋਈ ਦੋਸਤੀ ਦੀ ਰੰਜ਼ਿਸ਼ ਵਿੱਚ ਕੀਤਾ ਹੈ ਕਿਉਂਕਿ ਪਹਿਲਾਂ ਉਕਤ ਲੜਕੀ ਦੀ ਇਨ੍ਹਾਂ ਦੋਵਾਂ ਨਾਲ ਦੋਸਤੀ ਸੀ, ਜਦੋਂ ਕਿ ਹੁਣ ਉਕਤ ਲੜਕੀ ਦੀ ਰਾਕੇਸ਼ ਕੁਮਾਰ ਉਰਫ ਰਮਨ ਨਾਲ ਦੋਸਤੀ ਹੋ ਗਈ ਸੀ, ਜਿਸ ਦੀ ਰੰਜ਼ਿਸ਼ ਕਾਰਨ ਉਨ੍ਹਾਂ ਰਾਕੇਸ਼ ਕੁਮਾਰ ਦਾ ਕਤਲ ਕੀਤਾ।ਪ੍ਰੈੱਸ ਕਾਨਫਰੰਸ ਦੌਰਾਨ ਏ.ਐਸ.ਪੀ. ਸਿਟੀ-1 ਮੁਹਾਲੀ ਸ੍ਰੀਮਤੀ ਅਸ਼ਵਨੀ ਗੋਟਿਆਲ ਅਤੇ ਮੁੱਖ ਅਫਸਰ ਥਾਣਾ ਨਵਾਂ ਗਰਾਓਂ ਇੰਸਪੈਕਟਰ ਗੁਰਵੰਤ ਸਿੰਘ ਹਾਜ਼ਰ ਸਨ।