• Home
  • ਰਾਜਪਾਲ ਦੇ ਭਾਸ਼ਣ ‘ਚ ਸਰਕਾਰ ਨੇ ਬਰਗਾੜੀ ਮੁੱਦਾ ਚੁੱਕਿਆ -ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਦੇ ਮੁੱਦੇ ਛੱਡੇ

ਰਾਜਪਾਲ ਦੇ ਭਾਸ਼ਣ ‘ਚ ਸਰਕਾਰ ਨੇ ਬਰਗਾੜੀ ਮੁੱਦਾ ਚੁੱਕਿਆ -ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਦੇ ਮੁੱਦੇ ਛੱਡੇ

ਚੰਡੀਗੜ੍ਹ, 12 ਫਰਵਰੀ - ਪੰਜਾਬ ਦੇ ਬਜਟ ਸੈਸ਼ਨ ਸ਼ੁਰੂ ਹੋਣ ਤੇ ਅੱਜ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਰਾਜਪਾਲ ਦੇ ਭਾਸ਼ਣ ਚ ਬਰਗਾੜੀ ਮੁੱਦੇ ਨੂੰ ਉਭਾਰਿਆ , ਜਦਕਿ ਪੰਜਾਬ ਸਰਕਾਰ ਨੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ ਦਾ ਮੁੱਦਾ ਹੁਣ ਪਿਛਾਂਹ ਕਰ ਦਿੱਤਾ ਹੈ।

ਪੰਜਾਬ ਵਿਧਾਨ ਸਭਾ ਦੇ ਬਜ਼ਟ ਸ਼ੈਸ਼ਨ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਵਿਚ ਉਪਰੋਕਤ ਦੋਹੇ ਮੁੱਦੇ ਗਾਇਬ ਸਨ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦਾ ਤਾਂ ਇਸ ਭਾਸ਼ਣ ਦਾ ਹਿੱਸਾ ਤਾਂ ਜਰੂਰ ਸੀ , ਪਰ ਪਹਿਲਾਂ ਵਾਂਗ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸੀ। ਪਰ ਭਾਸ਼ਣ ਵਿਚ ਪੰਜਾਬ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਘਟਦੇ ਪਾਣੀ ਦਾ ਵਾਸਤਵਿਕ ਬਿਊਰਾ ਤਿਆਰ ਕਰੇ ਅਤੇ ਪੰਜਾਬ ਨੂੰ ਮਾਰੂਥਲ ਬਣਾਉਣ ਤੋਂ ਰੋਕਣ ਲਈ ਪੰਜਾਬ ਦੀ ਮਦਦ ਕਰੇ।‌ਰਾਜਪਾਲ ਵੀ ਪੀ ਸਿੰਘ ਬਦਨੋਰ ਨੇ ਬਜ਼ਟ ਸ਼ੈਸ਼ਨ ਦੌਰਾਨ ਆਪਣੇ ਭਾਸ਼ਣ ਵਿਚ ਵਾਰ -ਵਾਰ ਸੂਬੇ ਦੀ ਕਮਜ਼ੋਰ ਮਾਲੀ ਸਥਿਤੀ ਦਾ ਹਵਾਲਾ  ਦਿੱਤਾ  ਕਿ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਪੰਜਾਬ ਸਰਕਾਰ ਆਪਣੇ ਵਾਇਦਿਆਂ ਪ੍ਰਤੀ ਵਚਨਬੱਧਤਾ ਦੁਹਰਾਈ। ਪੰਜਾਬ ਵਿੱਚ ਅਧਿਆਪਕਾਂ ਦੇ ਚੱਲ ਰਹੇ ਅੰਦੋਲਨ ਨੂੰ ਧਿਆਨ ਵਿੱਚ ਰੱਖਦਿਆਂ ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕੀ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰੇਗੀ। ਇੱਕ ਕਦਮ ਅੱਗੇ ਵਧਦਿਆਂ ਉਨ੍ਹਾਂ ਕਿਹਾ ਕਿ ਕੇਵਲ ਅਧਿਆਪਕ ਵਰਗ ਹੀ ਨਹੀਂ ਸਗੋਂ ਰਾਜ ਦੇ ਸਮੁੱਚੇ ਕਰਮਚਾਰੀਆਂ ਦੀਆਂ  ਸ਼ਿਕਾਇਤਾਂ ਦੇ ਨਿਪਟਾਰੇ ਲਈ ਸਰਕਾਰ ਪੂਰਾ ਧਿਆਨ ਦੇ ਰਹੀ ਹੈ ਅਤੇ ਛੇਤੀ ਇਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ ।ਦਿਲਚਸਪ ਗੱਲ ਇਹ ਸੀ ਕਿ ਰਾਜਪਾਲ ਆਪਣੇ ਹੀ ਭਾਸ਼ਣ ਵਿੱਚ 'ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ "ਨਾਮ ਦੇ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ । ਪਰ ਦੋ ਦਿਨ ਪਹਿਲਾਂ ਵੀ ਅੰਦੋਲਨਕਾਰੀ ਅਧਿਆਪਕਾਂ ਨੇ 'ਪੜ੍ਹੋ ਪੰਜਾਬ " ਦਾ ਜਨਤਕ ਤੌਰ ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਹੈ । ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਦਾਅਵਾ ਕੀਤਾ ਕਿ ਗਊਸ਼ਾਲਾਵਾਂ ਦੇ ਪ੍ਰਬੰਧਨ ਅਤੇ ਸੰਚਾਲਨ ਵਿੱਚ ਅਤੇ ਇਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰ ਛੇਤੀ ਹੀ ਇਸ ਸਬੰਧੀ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ।  ਭਾਸ਼ਨ ਵਿੱਚ ਜੀਐੱਸਟੀ ਕਾਨੂੰਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿਆ ਕਿ ਇਸ ਦੀ ਪਾਲਣਾ ਵਿੱਚ ਵਧੀਆ ਨਤੀਜੇ ਪ੍ਰਾਪਤ ਹੋਏ ਹਨ,  ਪਰ ਵਿਧੀਆਂ ਨੂੰ ਹੋਰ ਸਫਲ ਬਣਾਉਣ ਲਈ ਸਰਕਾਰ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ ਰੱਖੇਗੀ । ਭਾਸ਼ਣ ਵਿੱਚ ਇਹ ਵੀ ਦਾਅਵਾ ਸੀ ਕਿ ਪਿਛਲੇ ਦੋ ਸਾਲਾਂ ਦੌਰਾਨ ਵੱਖ ਵੱਖ ਨਿਵੇਸ਼ਕਾਂ ਨਾਲ 298 ਇਕਰਾਰਨਾਮੇ ਕੀਤੇ ਗਏ ਹਨ ਜਿਸ ਨਾਲ 51339 ਕਰੋੜ ਰੁਪਏ ਨਿਵੇਸ਼ ਹੋਣ ਦੀ ਆਸ ਹੈ ਅਤੇ ਇਸ ਦੇ ਨਾਲ ਸੂਬੇ ਵਿੱਚ ਇੱਕ ਲੱਖ ਨੌਕਰੀਆਂ ਦੀ ਸਿਰਜਣਾ ਹੋਣ ਦੀ ਵੀ ਉਮੀਦ ਹੈ । ਰਾਜਪਾਲ ਦੇ ਭਾਸ਼ਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਵਿੱਚ ਸ਼ਾਂਤੀ ਅਤੇ ਵਿਵਸਥਾ ਨੂੰ ਕਾਇਮ ਰੱਖਣ ਲਈ ਗੈਂਗਸਟਰਾਂ ਦੇ ਸਮੂਹਾਂ ਨੂੰ ਨੱਥ ਪਾਉਣ ਵਿੱਚ ਵੱਡੀ ਹੀ ਸਫ਼ਲਤਾ ਹਾਸਲ ਕੀਤੀ ਗਈ ਹੈ । ਏ ਸ਼੍ਰੇਣੀ ਦੇ ਦਸ ਗੈਂਗਸਟਰਾਂ ਸਮੇਤ 1414 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨੀਰਸਤ  ਕੀਤਾ ਗਿਆ ਹੈ । ਆਪਣੇ ਭਾਸ਼ਣ ਵਿੱਚ ਰਾਜਪਾਲ ਨੇ ਕਈ ਨਹਿਰੀ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਨਾਲ ਸੂਬੇ ਵਿੱਚ ਪਾਣੀ ਦੀ ਘਾਟ ਦੂਰ ਹੋਵੇਗੀ ਅਤੇ ਸੇਮ ਦੀ ਸਮੱਸਿਆ ਵੀ ਹੱਲ ਹੋਵੇਗੀ।  ਇਹ ਵੀ ਦਾਅਵਾ ਕੀਤਾ ਗਿਆ ਕਿ ਸ਼ਾਸਨ ਪ੍ਰਬੰਧ ਵਿੱਚ ਪਾਰਦਰਸ਼ਤਾ ਬਣਾਉਣ ਲਈ ਸਰਕਾਰ ਨੇ ਇੱਕ ਨਵਾਂ ਐਕਟ ਬਣਾਇਆ ਹੈ । ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਭਾਸ਼ਣ ਵਿੱਚ ਕਿਹਾ ਗਿਆ ਹੈ ਕਿ ਵਧੇਰੇ ਨਸ਼ਾ ਸਮੱਗਲਰ ਜਾਂ ਤਾਂ ਪੰਜਾਬ ਨੂੰ ਛੱਡ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ । ਨਸ਼ਾ ਵਿਰੋਧੀ ਮੁਹਿੰਮ ਲਈ ਉਨ੍ਹਾਂ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ ।ਪੰਜਾਬ ਦੀ ਸਿਆਸਤ ਵਿੱਚ ਸੰਕਟ ਬਣੇ ਬੇਅਦਬੀ ਅਤੇ ਬਰਗਾੜੀ ਮੁੱਦੇ ਸਬੰਧੀ ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ ਸਰਕਾਰ ਜਸਟਿਸ ਰਣਜੀਤ ਸਿੰਘ ਦੀ ਰਹਿਨੁਮਾਈ ਵਾਲੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੇ ਕਾਰਵਾਈ ਲਈ ਵਚਨਬੱਧ ਹੈ । ਸਰਕਾਰ ਨੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਧਾਰਮਿਕ ਬੇਅਦਬੀ ਦੇ ਮਾਮਲੇ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਭਾਸ਼ਣ ਵਿੱਚ ਇਸ ਗੱਲ ਤੇ ਨਿਰਾਸ਼ਾ ਪ੍ਰਗਟ ਕੀਤੀ ਗਈ ਕਿ ਪਿਛਲੀ ਸਰਕਾਰ ਦੀਆਂ ਕਥਿਤ ਲਾਪ੍ਰਵਾਹੀਆਂ ਕਾਰਨ ਸੂਬੇ ਵਿੱਚ ਪ੍ਰਤੀ ਜੀਅ ਦੀ ਆਮਦਨ ਹੇਠਾਂ ਚਲੀ ਗਈ ਹੈ । ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਰਾਜਪਾਲ ਦੇ ਭਾਸ਼ਣ ਵਿੱਚ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਜ਼ਿਕਰ ਹੈ,  ਜਿਸ ਵਿੱਚ ਸਿਹਤ ਸੇਵਾਵਾਂ,  ਖੇਤੀਬਾੜੀ ਸਿੱਖਿਆ,  ਪਸ਼ੂ ਪਾਲਣ, ਪੰਚਾਇਤੀ ਰਾਜ , ਵਪਾਰ ਅਤੇ ਕਾਰੋਬਾਰ,  ਕਿਸਾਨ ਕਰਜ਼ ਮਾਫ਼ੀ,  ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀਆਂ , ਸ਼ਹਿਰੀ ਵਿਕਾਸ,  ਲੋਕਾਂ ਨੂੰ ਦਿੱਤੀ ਜਾਂਦੀ ਸਮੇਂ ਸਿਰ ਪੈਨਸ਼ਨ ਦੀ ਰਾਸ਼ੀ,  ਅਸ਼ੀਰਵਾਦ ਯੋਜਨਾਜੱਕPਪ ਵਿੱਚ ਰਕਮ ਦਾ ਵਾਧਾ , ਆਂਗਣਵਾੜੀ ਵਰਕਰਾਂ ਦੇ ਮਾਨਭੱਤੇ ਵਿੱਚ ਵਾਧਾ ਅਨੁਸੂਚਿਤ ਜਾਤੀਆਂ ਦੇ ਰਾਖਵੇਂਕਰਨ ਦਾ ਮਜ਼ਬੂਤੀਕਰਨ,  ਭੂਮੀ ਸੁਧਾਰ ਐਕਟ ਸਮੇਤ ਹੋਰ ਪ੍ਰਾਪਤੀਆਂ ਦਾ ਜ਼ਿਕਰ ਸੀ।