• Home
  • ਜੇਲ੍ਹਾਂ ਵਿੱਚ ਸਹਿਕਾਰਤਾ ਅਦਾਰਿਆਂ ਦੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ-ਜੇਲ੍ਹ ਮੰਤਰੀ

ਜੇਲ੍ਹਾਂ ਵਿੱਚ ਸਹਿਕਾਰਤਾ ਅਦਾਰਿਆਂ ਦੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ-ਜੇਲ੍ਹ ਮੰਤਰੀ

ਲੁਧਿਆਣਾ, 9 ਫਰਵਰੀ -ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪੈਂਦੀਆਂ ਸਾਰੀਆਂ ਕੇਂਦਰੀ ਜੇਲ੍ਹਾਂ ਵਿੱਚ ਜਲਦ ਹੀ ਮਾਰਕਫੈੱਡ ਸਮੇਤ ਹੋਰ ਸਹਿਕਾਰਤਾ ਅਦਾਰਿਆਂ ਦੇ ਆੳੂਟਲੈੱਟ (ਵਿਕਰੀ) ਕੇਂਦਰ ਖੋਲ੍ਹੇ ਜਾਣਗੇ ਤਾਂ ਜੋ ਸਹਿਕਾਰਤਾ ਵਿਭਾਗ ਦੇ ਉਤਪਾਦਾਂ ਦੀ ਪਹੁੰਚ ਹਰੇਕ ਵਿਅਕਤੀ ਤੱਕ ਯਕੀਨੀ ਬਣਾਉਣ ਦੇ ਨਾਲ-ਨਾਲ ਕੈਦੀਆਂ ਨੂੰ ਉੱਚ ਗੁਣਵੱਤਾ ਵਾਲੇ ਖਾਧ ਪਦਾਰਥ ਮੁਹੱਈਆ ਕਰਵਾਏ ਜਾ ਸਕਣ। ਅੱਜ ਉਹ ਸਥਾਨਕ ਕੇਂਦਰੀ ਜੇਲ੍ਹ ਵਿੱਚ ਵੇਰਕਾ ਅਤੇ ਮਾਰਕਫੈੱਡ ਵੱਲੋਂ ਖੋਲ੍ਹੇ ਗਏ ਵਿਕਰੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਉਡੀਕ ਘਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।  ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ੍ਰ. ਰੰਧਾਵਾ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਜੇਲ੍ਹ ਵਿਭਾਗ ਅਤੇ ਸਹਿਕਾਰਤਾ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰ ਰਿਹਾ ਹੈ। ਜਿਸ ਤਹਿਤ ਜਲਦ ਹੀ ਹਰੇਕ ਜੇਲ੍ਹ ਵਿੱਚ ਵੇਰਕਾ, ਮਾਰਕਫੈੱਡ ਅਤੇ ਮਿਲਕਫੈੱਡ ਅਦਾਰਿਆਂ ਦੇ ਵਿਕਰੀ ਕੇਂਦਰ ਖੋਲ੍ਹੇ ਜਾ ਰਹੇ ਹਨ। ਸਹਿਕਾਰਤਾ ਵਿਭਾਗ ਦੇ ਉਤਪਾਦਾਂ ਨੂੰ ਉੱਚ ਗੁਣਵੱਤਾ ਵਾਲੇ ਕਰਾਰ ਦਿੰਦਿਆਂ ਸ੍ਰ. ਰੰਧਾਵਾ ਨੇ ਕਿਹਾ ਕਿ ਇਸ ਨਾਲ ਜਿੱਥੇ ਸਹਿਕਾਰਤਾ ਵਿਭਾਗ ਦੇ ਉਤਪਾਦਾਂ ਨੂੰ ਹਰੇਕ ਵਰਗ ਦੇ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਮਿਲੇਗੀ, ਉਥੇ ਹੀ ਜੇਲ੍ਹ ਵਿੱਚ ਬੰਦ ਵਿਅਕਤੀਆਂ ਨੂੰ ਤੰਦਰੁਸਤ ਜੀਵਨ ਵੀ ਪ੍ਰਦਾਨ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਹਰੇਕ ਜੇਲ੍ਹ ਵਿੱਚ ਉਡੀਕ ਘਰ ਬਣਾਏ ਜਾ ਰਹੇ ਹਨ। ਦੇਖਣ ਵਿਚ ਆਇਆ ਸੀ ਕਿ ਜਦੋਂ ਕੈਦੀਆਂ ਜਾਂ ਹਵਾਲਾਤੀਆਂ ਦੇ ਕਰੀਬੀ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਸਨ ਤਾਂ ਉਨ੍ਹਾਂ ਨੂੰ ਉਡੀਕ ਕਰਨ ਸਮੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਨ੍ਹਾਂ ਉਡੀਕ ਘਰ ਦੇ ਬਣਨ ਨਾਲ ਇਹ ਪ੍ਰੇਸ਼ਾਨੀ ਮੁਕੰਮਲ ਤੌਰ ’ਤੇ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਜਿੱਥੇ ਨਾਭਾ ਜੇਲ੍ਹ ਵਿੱਚ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਉੱਚ ਪੱਧਰ ਦਾ ਪੁਨਰਵਾਸ ਕੇਂਦਰ ਖੋਲਿਆ ਜਾਵੇਗਾ।  ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵਿੱਚ ਜਲਦ ਹੀ ਖਾਲੀ ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਅਗਲੇ 6 ਮਹੀਨੇ ਵਿੱਚ ਹਰ ਪੱਧਰ ਦੀਆਂ 550 ਆਸਾਮੀਆਂ ਭਰੀਆਂ ਜਾਣਗੀਆਂ, ਜਿਸ ਲਈ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੜ੍ਹੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਜੇਲ੍ਹ ਵਿਭਾਗਾਂ ਦੀਆਂ ਲੋੜਾਂ ਬਾਰੇ ਉੱਕਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਇਥੋਂ ਤੱਕ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਕੋਈ ਮੀਟਿੰਗ ਤੱਕ ਵੀ ਨਹੀਂ ਬੁਲਾਈ ਗਈ। ਉਨ੍ਹਾਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਕੇਂਦਰੀ ਜੇਲ੍ਹ ਨੂੰ ਰੋਟੀਆਂ ਪਕਾਉਣ ਵਾਲੀ ਮਸ਼ੀਨ ਖਰੀਦਣ ਲਈ 10 ਲੱਖ ਰੁਪਏ ਅਤੇ ਜੇਲ੍ਹ ਵਿੱਚ ਚਲਾਈ ਜਾ ਰਹੀ ਫੈਕਟਰੀ ਲਈ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਜੇਲ੍ਹ ਵਿੱਚ ਚਲਾਈ ਜਾ ਰਹੀ ਫੈਕਟਰੀ ਦਾ ਦੌਰਾ ਕੀਤਾ ਅਤੇ ਹੋਰ ਸੁਵਿਧਾਵਾਂ ਦਾ ਨਿਰੀਖਣ ਕੀਤਾ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ, ਵਿਧਾਇਕ ਸ੍ਰੀ ਸੰਜੇ ਤਲਵਾੜ, ਵਧੀਕ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਰੋਹਿਤ ਚੌਧਰੀ, ਸਾਬਕਾ ਲੋਕ ਸਭਾ ਮੈਂਬਰ ਸ੍ਰ. ਅਮਰੀਕ ਸਿੰਘ ਆਲੀਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਜੇਲ੍ਹ ਸੁਪਰਡੈਂਟ ਸ੍ਰ. ਐੱਸ. ਐੱਸ. ਬੋਪਾਰਾਏ, ਸ੍ਰ. ਰਛਪਾਲ ਸਿੰਘ ਤਲਵਾੜਾ, ਸ੍ਰੀ ਦੀਪਕ ਉਪਲ, ਵਨੀਤ ਭਾਟੀਆ, ਉਮੇਸ਼ ਸ਼ਰਮਾ, ਸਤੀਸ਼ ਮਲਹੋਤਰਾ, ਸੁਖਦੇਵ ਬਾਵਾ, ਅਸ਼ੀਸ਼ ਤਪਾਰੀਆ, ਗੌਰਵ ਭੱਟੀ, ਦਿਨੇਸ਼ ਮੱਕੜ, ਕੰਵਲਜੀਤ ਸਿੰਘ ਬੌਬੀ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।