• Home
  • ਕੈਪਟਨ ਨੇ ਮੋਦੀ ਨੂੰ ਲਲਕਾਰਿਆ ,ਕਿਹਾ ਕੋਈ ਹੱਕ ਨਹੀਂ ਨਕਾਮ ਰਹੇ ਮੋਦੀ ਨੂੰ ਪੰਜਾਬ ਚੋਂ ਵੋਟਾਂ ਮੰਗਣ ਦਾ :-ਪੜ੍ਹੋ ਹੋਰ ਕੀ ਕੀਤੇ ਹਮਲੇ ?

ਕੈਪਟਨ ਨੇ ਮੋਦੀ ਨੂੰ ਲਲਕਾਰਿਆ ,ਕਿਹਾ ਕੋਈ ਹੱਕ ਨਹੀਂ ਨਕਾਮ ਰਹੇ ਮੋਦੀ ਨੂੰ ਪੰਜਾਬ ਚੋਂ ਵੋਟਾਂ ਮੰਗਣ ਦਾ :-ਪੜ੍ਹੋ ਹੋਰ ਕੀ ਕੀਤੇ ਹਮਲੇ ?

ਪਟਿਆਲਾ, 9 ਮਈ

          ਭਾਜਪਾ ਤੇ ਸ੍ਰੋਮਣੀ ਅਕਾਲੀ ਦਲ ਲਈ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਨਰਿੰਦਰ ਮੋਦੀ ਦੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਲਈ ਕੁਝ ਵੀ ਨਾ ਕਰਨ ਦੇ ਬਾਵਜੂਦ ਸੂਬੇ ਦੇ ਲੋਕਾਂ ਤੋਂ ਵੋਟਾਂ ਮੰਗਣ ਲਈ ਪ੍ਰਧਾਨ ਮੰਤਰੀ ਢੀਠਪੁਣੇ ਵਾਸਤੇ ਉਸ ’ਤੇ ਤਿੱਖਾ ਹਮਲਾ ਕੀਤਾ ਹੈ।

          ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੇ ਸਮਰਥਨ ਵਿਚ ਪ੍ਰਤਾਪ ਨਗਰ ਵਿਖੇ ਇਕ ਰੈਲੀ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗਣ ਦਾ ਮੋਦੀ ਨੂੰ ਕੋਈ ਵੀ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਉਸਨੇ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ ਜਦਕਿ ਉਸ ਦੇ ਕਾਰਨ ਇਥੋਂ ਦੇ ਲੋਕ ਗੰਭੀਰ ਸੱਮਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

          ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 2 ਸਾਲਾਂ ਦੌਰਾਨ ਪੰਜਾਬ ਜਾਂ ਇਥੋਂ ਦੇ ਲੋਕਾਂ ਵਾਸਤੇ ਕੁਝ ਵੀ ਨਹੀਂ ਕੀਤਾ। ਉਨਾਂ ਕਿਹਾ ਕਿ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਸਰਕਾਰ ਅਤੇ ਉਨਾਂ ਨੇ ਖੁਦ ਕੇਂਦਰ ਸਰਕਾਰ ਨੂੰ ਸੂਬੇ  ਵੱਲ ਗੌਰ ਕਰਨ ਲਈ ਵਾਰ-ਵਾਰ ਬੇਨਤੀਆਂ ਕੀਤੀਆਂ ਪਰ ਕੇਂਦਰ ਨੇ ਪੰਜਾਬ ਪ੍ਰਤੀ ਪੂਰੀ ਤਰਾਂ ਜਾਲਮਾਨਾ ਵਤੀਰਾ ਅਪਣਾਈ ਰੱਖਿਆ। ਮੁੱਖ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨਾਂ ਦੀ ਸਰਕਾਰ ਨੇ ਭਾਜਪਾ-ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿਚ ਮਿਲੇ ਭਾਰੀ ਭਰਕਮ ਕਰਜੇ ਦੇ ਬਾਵਜੂਦ ਸੂਬੇ ਦੇ ਲੋਕਾਂ ਲਈ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ।

          ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਖੇਤੀ ਕਰਜ਼ਾ ਮੁਆਫੀ ਸਕੀਮ ਲਾਗੂ ਕਰਕੇ ਨਾ ਕੇਵਲ ਆਪਣਾ ਵਾਅਦਾ ਪੂਰਾ ਕੀਤਾ ਹੈ ਸਗੋਂ ਸੂਬੇ ਦੇ ਪ੍ਰਾਈਮਰੀ ਸਿਹਤ ਬੀਮੇ ਦਾ ਵੀ ਪਸਾਰ ਕੀਤਾ ਹੈ ਜਿਸ ਦੇ ਹੇਠ 42 ਲੱਖ ਪਰਿਵਾਰਾਂ ਨੂੰ ਲਿਆਂਦਾ ਗਿਆ ਹੈ ਜਦਕਿ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਹੇਠ ਕੇਵਲ 14.96 ਲੱਖ ਐਸ ਈ ਸੀ ਸੀ ਪਰਿਵਾਰਾਂ ਨੂੰ ਹੀ ਰੱਖਿਆ ਗਿਆ ਸੀ।

          ਮੋਦੀ ਨੂੰ ਆਪਣਾ ਦਾਬਾ ਬਣਾਕੇ ਰੱਖਣ ਵਾਲਾ ਵਿਅਕਤੀ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਬਾਲਾਕੋਟ ਦੀ ਸਫਲਤਾ ਅਤੇ ਇੰਦਰਾ ਗਾਂਧੀ ਦੀਆਂ 1971ਦੀ ਜੰਗ ਵੇਲੇ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਉਣ ਦੀਆਂ ਪ੍ਰਾਪਤੀਆਂ ਵਿਚ ਤਿੱਖੀ ਭਿੰਨਤਾ ਦਿਖਦੀ ਹੈ। ਉਨਾਂ ਕਿਹਾ ਕਿ ਮੋਦੀ ਨੇ ਪਿਛਲੇ 5 ਸਾਲਾਂ ਦੇ ਰਾਜ ਦੌਰਾਨ ਹਰੇਕ ਸੰਸਥਾ ਨੂੰ ਤਬਾਹ ਕਰ ਦਿੱਤਾ ਹੈ। ਉਸਨੇ ਆਪਣੀਆਂ ਲੋਕ ਮਾਰੂ ਨੀਤੀਆਂ ਨਾਲ ਸਮਾਜ ਦੇ ਸਾਰੇ ਵਰਗਾਂ ਦਾ ਮਲੀਆਮੇਟ ਕਰ ਦਿੱਤਾ ਹੈ। ਨੋਟਬੰਦੀ ਅਤੇ ਜੀ.ਐਸ.ਟੀ ਨਾਲ ਉਸਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ।

          ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਦੇ ਕੰਮ ਕਰਨ ਦੇ ਤਰੀਕੇ ਦੀ ਡਾ. ਮਨਮੋਹਨ ਸਿੰਘ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਅਕਾਲੀ ਸਰਕਾਰ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਦਕਿ ਮੌਜੂਦਾ ਪ੍ਰਧਾਨ ਮੰਤਰੀ ਨੇ ਉਨਾਂ ਦੀਆਂ ਮੰਗਾਂ ਵੱਲ ਕੋਈ ਵੀ ਤਵਜੋ ਨਹੀ ਦਿੱਤੀ। ਤਬਦੀਲੀ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਤਕਦੀਰ ਹੁਣ ਲੋਕਾਂ ਦੇ ਹੱਥ ਵਿੱਚ ਹੈ। ਰਾਸ਼ਟਰੀ ਵਿਕਾਸ ਦਰ ਨੇ ਪਿਛਲਾ ਗੇਅਰ ਫੜ ਲਿਆ ਹੈ। ਭਾਰਤ ਦਾ ਹਰੇਕ ਨਾਗਰਿਕ ਮੋਦੀ ਦੇ ਸ਼ਾਸਨ ਹੇਠ ਮੁਸੀਬਤਾਂ ਝੱਲ ਰਿਹਾ ਹੈ।

          31000 ਕਰੋੜ ਰੁਪਏ ਦੇ ਖੁਰਾਕ ਕ੍ਰੈਡਿਟ ਦੇ ਮੁੱਦੇ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੋਝ ਅਕਾਲੀਆਂ ਨੇ ਸੂਬੇ ਦੇ ਸਿਰ ਪਵਾਇਆ ਹੈ ਅਤੇ ਉਨਾਂ ਨੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਰਾਸ਼ੀ ਨੂੰ ਕਰਜ਼ੇ ਵਿੱਚ ਬਦਲਣ ਦੀ ਸਹਿਮਤੀ ਦੇ ਦਿੱਤੀ ਸੀ। ਉਨਾਂ ਦੀ ਸਰਕਾਰ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗਾਂ ਸਣੇ ਵੱਖ-ਵੱਖ ਪੱਧਰਾਂ ’ਤੇ ਇਹ ਮਾਮਲਾ ਉਠਾਏ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਦੇ ਬੋਝ ਘਟਾਉਣ ਲਈ ਕੁਝ ਵੀ ਨਹੀਂ ਕੀਤਾ।

          ਪਟਿਆਲਾ ਹਲਕੇ ਦੇ ਵਿਕਾਸ ਨੂੰ ਪੂਰੀ ਤਰਾਂ ਅਣਗੌਲਣ ਲਈ ਅਕਾਲੀਆਂ ਦੀ ਸੌੜੀ ਸੋਚ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਵਾਲੇ ਉਨਾਂ ਦਾ ਪਰਿਵਾਰ ਹਨ ਅਤੇ ਉਹ ਪਟਿਆਲਾ ਵਾਲਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਬਹੁਤ ਸਾਰੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

          ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰੇ ਕਰਨ ਦੀ ਗੱਲ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ 1.2 ਲੱਖ ਸਰਕਾਰੀ ਅਸਾਮੀਆਂ ਨੂੰ ਭਰੇਗੀ ਜਿਨਾਂ ਨੂੰ ਅਕਾਲੀ ਭਰਨ ਵਿੱਚ ਅਸਫਲ ਰਹੇ ਸਨ। ਉਨਾਂ ਕਿਹਾ ਕਿ ਉਦਯੋਗ ਅਤੇ ਨਿਵੇਸ਼ ਦੀ ਸੁਰਜੀਤੀ ਹੋ ਰਹੀ ਹੈ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਪੂਰਾ ਹੋਣ ਨੇੜੇ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਕੋਲ ਪੰਜਾਬ ਨੂੰ ਇਕ ਨੰਬਰ ਸੂਬਾ ਬਣਾਉਣ ਲਈ ਅਜਿਹੇ ਤਿੰਨ ਸਾਲ ਹਨ।

          ਇਸ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਝੂਠੇ ਵਾਅਦਿਆਂ ਅਤੇ ਜੀ.ਐਸ.ਟੀ ਤੇ ਨੋਟਬੰਦੀ ਵਰਗੇ ਮਾਰੂ ਫੈਸਲਿਆਂ ਲਈ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਮੋਦੀ ਵੱਲੋਂ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਕੀਤਾ ਗਿਆ ਹਮਲਾ ਉਸਦੀ ਵੋਟਾਂ ਪ੍ਰਾਪਤ ਕਰਨ ਦੀ ਨਿਰਾਸ਼ਤਾ ਨੂੰ ਦਿਖਾਉਂਦਾ ਹੈ। ਉਨਾਂ ਕਿਹਾ ਕਿ ਮੋਦੀ ਦੀਆਂ ਅਸਫਲਤਾਵਾਂ ਕਾਰਨ ਉਸ ਦੇ ਭਰਮ ਭੁਲੇਖੇ ਖਤਮ ਹੋ ਗਏ ਹਨ ਅਤੇ ਉਸਨੇ ਭਾਰਤ ਦੇ ਲੋਕਾਂ ਲਈ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।

          ਪ੍ਰਨੀਤ ਕੌਰ ਨੇ ਪਟਿਆਲਾ ਨੂੰ 10 ਸਾਲ ਅਣਗੌਲਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ । ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬਹੁਤ ਸਾਰੇ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਹਨ। 200 ਕਰੋੜ ਰੁਪਏ ਦੇ ਇਹ ਪ੍ਰਾਜੈਕਟ ਇਸ ਵੇਲੇ ਪ੍ਰਕਿਰਿਆ ਅਧੀਨ ਹਨ। ਉਨਾਂ ਕਿਹਾ ਕਿ ਉਹ ਪਟਿਆਲਾ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹਿਣਗੇ।

          ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਡੀਜ਼ਲ ਕੰਪੋਨੈਂਟ ਵਰਕਰਜ਼ (ਡੀ.ਸੀ.ਡਬਲਯੂ) ਪਟਿਆਲਾ ਵਿਖੇ ਇਕ ਹੋਰ ਰੈਲੀ ਨੂੰ ਸੰਬੋਧਨ ਕੀਤਾ। ਉਨਾਂ ਨੇ ਭਾਰੀ ਬਹੁਮਤ ਨਾਲ ਪ੍ਰਨੀਤ ਕੌਰ ਨੂੰ ਲੋਕ ਸਭਾ ਭੇਜਣ ਦੀ ਲੋਕਾਂ ਨੂੰ ਅਪੀਲ ਕੀਤੀ ਤਾਂ ਜੋ ਸੰਸਦ ਵਿੱਚ ਲੋਕਾਂ ਦੀ ਆਵਾਜ਼ ਉਠਾਈ ਜਾ ਸਕੇ।