• Home
  • ਬੇਅਦਬੀ ਮਾਮਲੇ ਤੇ ਪੰਥਕ ਅਸੈਂਬਲੀ ਗਠਿਤ , ਪਹਿਲੀ ਮੀਟਿੰਗ ਅੱਜ ਅੰਮ੍ਰਿਤਸਰ ‘ਚ

ਬੇਅਦਬੀ ਮਾਮਲੇ ਤੇ ਪੰਥਕ ਅਸੈਂਬਲੀ ਗਠਿਤ , ਪਹਿਲੀ ਮੀਟਿੰਗ ਅੱਜ ਅੰਮ੍ਰਿਤਸਰ ‘ਚ

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਬੇਅਦਬੀ ਅਤੇ ਬਰਗਾੜੀ ਮਾਮਲੇ ’ਤੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋ ਸਮੂਹਿਕ ਰੂਪ ਵਿੱਚ ਵਿਚਾਰ ਕਰਨ ਲਈ ‘ਪੰਥਕ ਅਸੈਂਬਲੀ’ ਸੱਦਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪੰਥਕ ਅਸੈਂਬਲੀ ਪੰਜਾਬ ਅਸੈਂਬਲੀ ਦੀ ਤਰਜ਼ ’ਤੇ ਹੋਵੇਗੀ, ਜਿਸ ਦੇ 117 ਮੈਂਬਰ ਹੋਣਗੇ।ਇਸ ਦਾ ਪਹਿਲਾ ਇਜਲਾਸ ਇਥੇ ਅੰਮ੍ਰਿਤਸਰ ਵਿੱਚ 20 ਅਤੇ 21 ਅਕਤੂਬਰ ਨੂੰ ਹੋਵੇਗਾ, ਜਿਸ ਵਿੱਚ ਬਰਗਾੜੀ ਅਤੇ ਬੇਅਦਬੀ ਮਾਮਲਿਆਂ ਦੀ ਮੌਜੂਦਾ ਸਥਿਤੀ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਪੰਥਕ ਅਸੈਂਬਲੀ ਲਈ ਇੱਕ ਜਥੇਬੰਦਕ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਦਸ ਮੈਂਬਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਮੈਂਬਰਾਂ ਵਿਚ ਗਿਆਨੀ ਕੇਵਲ ਸਿੰਘ, ਹਰਪਾਲ ਸਿੰਘ ਚੀਮਾ (ਦਲ ਖਾਲਸਾ), ਸਿਮਰਨਜੀਤ ਸਿੰਘ ਮਾਨ, ਨਵਕਿਰਨ ਸਿੰਘ ਐਡਵੋਕੇਟ, ਖੁਸ਼ਹਾਲ ਸਿੰਘ ਚੰਡੀਗੜ੍ਹ, ਬੀਬੀ ਕੁਲਵੰਤ ਕੌਰ, ਪ੍ਰੋ. ਜਗਮੋਹਨ ਸਿੰਘ, ਸੁਖਦੇਵ ਸਿੰਘ ਭੌਰ, ਕੰਵਰਪਾਲ ਸਿੰਘ ਬਿੱਟੂ, ਜਸਵਿੰਦਰ ਸਿੰਘ ਐਡਵੋਕੇਟ, ਸਤਨਾਮ ਸਿੰਘ ਖੰਡਾ (ਪੰਜ ਪਿਆਰੇ) ਸ਼ਾਮਲ ਹਨ, ਜੋ ਜਥੇਬੰਦਕ ਕਮੇਟੀ ਹੀ ਪੰਥਕ ਅਸੈਂਬਲੀ ਦੇ 117 ਮੈਂਬਰਾਂ ਨੂੰ ਨਾਮਜ਼ਦ ਕਰਣਗੇ। ਅੱਜ ਹੋਣ ਵਾਲੀ ਪਹਿਲੀ ਅਸੈਂਬਲੀ ਦੌਰਾਨ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਬਣੇ ਤਿੰਨਾਂ ਕਮਿਸ਼ਨਾਂ ਦੀ ਜਾਂਚ ਰਿਪੋਰਟ ’ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤੋਂ ਕੀ ਪ੍ਰਾਪਤ ਹੋਇਆ ਅਤੇ ਕੀ ਨਹੀਂ ਹੋਇਆ, ਇਸ ਦੇ ਮੁੱਦੇ ਹੋਣਗੇ। ਇਹ ਅਸੇੰਬਲੀ ਕਾਂਗਰਸ ਸਰਕਾਰ ਵੱਲੋ ਬੇਅਦਬੀ ਮਾਮਲੇ ਤੇ ਕੋਈ ਚੰਗਾ ਹੁੰਗਾਰਾ ਨਾ ਮਿਲਣ ਕਰਕੇ ਸੱਦੀ ਗਈ ਹੈ।