• Home
  • ਸਿੱਖਿਆ ਬੋਰਡ ਦੀ ਨਕਲ ਕਰਵਾਉਣ ਵਾਲੀਆਂ ਸੰਸਥਾਵਾਂ ਵਿਰੁੱਧ ਸਖਤੀ- ਵਿਦਿਆਰਥੀਆਂ ਨਾਲ ਨਰਮੀ

ਸਿੱਖਿਆ ਬੋਰਡ ਦੀ ਨਕਲ ਕਰਵਾਉਣ ਵਾਲੀਆਂ ਸੰਸਥਾਵਾਂ ਵਿਰੁੱਧ ਸਖਤੀ- ਵਿਦਿਆਰਥੀਆਂ ਨਾਲ ਨਰਮੀ

ਐਸ.ਏ.ਐਸ.ਨਗਰ, 6 ਫ਼ਰਵਰੀਤ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 ਵਿੱਚ ਕਰਵਾਈਆਂ ਗਈਆਂ ਸਲਾਨਾ ਪ੍ਰੀਖਿਆਵਾਂ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ 4 ਸਰਕਾਰੀ ਤੇ 34 ਐਫ਼ੀਲਿਏਟਿਡ ਸਕੂਲਾਂ ਵਿਰੁੱਧ ਕੀਤੀ ਗਈ ਕਾਰਵਾਈ ਵਿੱਚ ਅਦਾਰਿਆਂ ਪ੍ਰਤੀ ਸਖ਼ਤ ਰੁਖ਼ ਅਪਣਾ ਲਿਆ ਗਿਆ ਹੈ ਜਦੋਂ ਕਿ ਵਿਦਿਆਰਥੀਆਂ ਦਾ ਭਵਿੱਖ ਵੇਖਦੇ ਹੋਏ ਜਾਰੀ ਸੈਸ਼ਨ ਦੌਰਾਨ ਉਨ੍ਹਾਂ ਸਕੂਲਾਂ ਨੂੰ ਆਪਣੇ ਵਿਦਿਆਰਥੀ ਮਾਰਚ 2019 ਦੀਆਂ ਪ੍ਰੀਖਿਆਵਾਂ ਲਈ ਅਪੀਅਰ ਕਰਵਾਉਣ ਦੀ ਆਰਜ਼ੀ ਇਜਾਜ਼ਤ ਦੇ ਦਿੱਤੀ ਗਈ ਹੈ| 
ਵੇਰਵਿਆਂ ਅਨੁਸਾਰ ਪਿਛਲੇ ਸਾਲ, ਮਾਰਚ 2018 ਵਿੱਚ ਜਿਲ੍ਹਾ ਤਰਨਤਾਰਨ ਵਿੱਚ ਸਕੂਲਾਂ ਵੱਲੋਂ ਕੀਤੇ ਜਾਂਦੇ ਡੰਮੀ ਦਾਖਲਿਆਂ ਅਤੇ ਪ੍ਰੀਖਿਆਵਾਂ ਦੌਰਾਨ ਕਰਵਾਈ ਜਾਂਦੀ ਨਕਲ 'ਤੇ ਨਕੇਲ ਕਸਦਿਆਂ ਛਾਪੇ ਮਾਰ ਕੇ ਕਈ ਥਾਵੇਂ ਪ੍ਰੀਖਿਆ ਕੇਂਦਰ ਰੱਦ ਕਰ ਕੇ ਨਵੇਂ ਕੇਂਦਰਾਂ ਵਿੱਚ ਮੁੜ ਪ੍ਰੀਖਿਆਵਾਂ ਕਰਵਾਈਆਂ ਗਈਆਂ ਸਨ| ਇਸ ਕਾਰਜ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐਸ. (ਰਿਟਾਂ:), ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਅਤੇ ਬੋਰਡ ਦੇ ਤਤਕਾਲੀ ਸਕੱਤਰ ਸ਼੍ਰੀਮਤੀ ਹਰਗੁਨਜੀਤ ਕੌਰ ਪੀ.ਸੀ.ਐਸ. ਦਾ ਵੱਡਾ ਰੋਲ ਰਿਹਾ ਸੀ| ਉਸ ਮਾਮਲੇ ਦੀ ਜਾਂਚ ਪੱਟੀ ਦੇ ਐਸ.ਡੀ.ਐਮ ਵੱਲੋਂ ਕੀਤੀ ਗਈ ਤੇ 38 ਅਜਿਹੇ ਅਦਾਰੇ ਪਛਾਣੇ ਗਏ ਸਨ ਜਿਨ੍ਹਾਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਸਨ| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 38 ਅਦਾਰਿਆਂ ਵਿੱਚੋਂ ਆਪਣੇ 34 ਐਫ਼ੀਲਿਏਟਿਡ ਅਦਾਰਿਆਂ ਵਿਰੁੱਧ ਕਾਰਵਾਈ ਕੀਤੀ ਗਈ ਜਿਸਦੇ ਤਹਿਤ ਖੇਮਕਰਨ ਦੇ ਤਿੰਨ ਸਕੂਲਾਂ, ਵਲਟੋਹਾ ਦੇ 2 ਸਕੂਲਾਂ, ਪੱਟੀ ਦੇ 2 ਸਕੂਲਾਂ ਅਤੇ ਨੰਦਪੁਰ ਤੇ ਘਰਿਆਲਾ ਦੇ ਇੱਕ-ਇੱਕ ਸਕੂਲ ਦੀ ਐਫ਼ੀਲਿਏਸ਼ਨ ਮੁੱਢੋਂ ਹੀ ਰੱਦ ਕਰ ਦਿੱਤੀ ਗਈ ਅਤੇ ਜਿਲ੍ਹੇ ਦੇ 25 ਹੋਰ ਸਕੂਲਾਂ ਵਿਰੁੱਧ ਕਾਰਵਾਈ ਦੀ ਤਲਵਾਰ ਲਟਕਦੀ ਰਹੀ| 
ਜਾਂਚ ਰਿਪੋਰਟ ਆਉਣ ਤੱਕ ਅਕਾਦਮਿਕ ਸੈਸ਼ਨ 2018-19 ਆਰੰਭ ਹੋਣ ਕਾਰਨ ਤੇ ਸਾਰੇ ਹੀ ਅਦਾਰਿਆਂ ਵਿੱਚ ਦਾਖਲੇ ਹੋ ਜਾਣ ਕਾਰਨ ਬੋਰਡ ਵੱਲੋ ਆਪਣੀਆਂ ਬੋਰਡ ਆਫ਼ ਡਾਇਰੈਕਟਰਜ਼ ਦੀਆਂ ਮੀਟਿੰਗਾਂ ਵਿੱਚ ਵਿਦਿਆਰਥੀਆਂ ਦਾ ਹਿੱਤ ਅਤੇ ਸਕੂਲਾਂ ਵਿੱਚ ਰੁਜ਼ਗਾਰ ਪ੍ਰਾਪਤ ਅਧਿਆਪਕਾਂ ਤੇ ਹੋਰ ਸਟਾਫ਼ ਦੇ ਹਿਤਾਂ ਨੂੰ ਵੇਖਦੇ ਹੋਏ ਫ਼ੈਸਲਾ ਕੀਤਾ ਗਿਆ ਕਿ ਅਦਾਰਿਆਂ ਨੂੰ ਜੁਰਮਾਨਾ ਲਾ ਕੇ ਸਿਰਫ਼ ਇੱਕ ਸੈਸ਼ਨ ਲਈ ਆਰਜ਼ੀ ਤੌਰ ਤੇ ਕਾਰਜ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ| ਇਸੇ ਫ਼ੈਸਲੇ ਤਹਿਤ ਬੋਰਡ ਵੱਲੋਂ ਬੇਨਿਯਮੀਆਂ ਕਰਦੇ ਅਦਾਰਿਆਂ ਨੂੰ ਪ੍ਰਤੀ ਬੇਨਿਯਮੀ ਦੀ ਦਰ ਨਾਲ ਭਾਰੀ ਜੁਰਮਾਨੇ ਕਰ ਕੇ ਸਿਰਫ਼ ਇੱਕ ਸਾਲ ਲਈ ਕਾਰਜ ਜਾਰੀ ਰੱਖਣ ਦੀ ਆਰਜ਼ੀ ਇਜਾਜ਼ਤ ਦਿੱਤੀ ਗਈ ਜਦੋਂ ਕਿ ਡੀ.ਪੀ.ਆਈ (ਐਲੀ:) ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਬਣੀ ਦੋ ਮੈਂਬਰੀ ਕਮੇਟੀ ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ (ਅਕਾਦਮਿਕ) ਸ਼੍ਰੀਮਤੀ ਮਨਜੀਤ ਕੌਰ ਤੇ ਖੇਤੀਬਾੜੀ ਯੁਨੀਵਰਸਿਟੀ ਦੇ ਰਜਿਸਟਰਾਰ ਡਾ. ਆਰ.ਐਸ. ਸਿੱਧੂ ਸ਼ਾਮਲ ਸਨ, ਨੇ ਜਿਲ੍ਹਾ ਤਰਨਤਾਰਨ ਦੇ ਫਤਿਆਬਾਦ ਸਥਿਤ ਗੁਰੂ ਅਮਰਦਾਸ ਕੈਨੇਡੀਅਨ ਪਬਲਿਕ ਸਕੂਲ ਨੂੰ ਤਾਂ ਕਿਸੇ ਵੀ ਹਾਲਤ ਵਿੱਚ ਦਾਖਲਾ ਬਹਾਲ ਨਾ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ| ਵਰਨਣਯੋਗ ਹੈ ਕਿ ਜੁਰਮਾਨੇ ਦੇ ਭਾਗੀਦਾਰ ਅਦਾਰਿਆਂ ਵਿੱਚ ਬੋਰਡ ਦੀ ਸਖ਼ਤੀ ਦਾ ਆਲਮ ਇਹ ਹੈ ਕਿ ਘੱਟੋ-ਘੱਟ 15 ਸਕੂਲ ਅਜਿਹੇ ਹਨ ਜਿਨ੍ਹਾਂ ਦੀ ਜੁਰਮਾਨਾ ਰਾਸ਼ੀ ਇੱਕ ਕਰੋੜ ਰੁਪਏ ਤੋਂ 10 ਲੱਖ ਰੁਪਏ ਦੇ ਵਿਚਾਲੇ ਹੈ ਹਾਲਾਂਕਿ ਕਿਸੇ ਵੀ ਵਿਦਿਆਰਥੀ ਦਾ ਦਾਖਲਾ ਰੱਦ ਨਹੀਂ ਕੀਤਾ ਗਿਆ|