• Home
  • ਕੈਪਟਨ ਦੀ ਬਾਦਲ ਨੂੰ ਵੰਗਾਰ :-ਲੰਬੀ ਹਲਕੇ ਦੇ ਕਿੱਲਿਆਂਵਾਲੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਤੇ ਹੋਵੇਗੀ ਕਾਂਗਰਸੀਆਂ ਦੀ ਰੈਲੀ

ਕੈਪਟਨ ਦੀ ਬਾਦਲ ਨੂੰ ਵੰਗਾਰ :-ਲੰਬੀ ਹਲਕੇ ਦੇ ਕਿੱਲਿਆਂਵਾਲੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਤੇ ਹੋਵੇਗੀ ਕਾਂਗਰਸੀਆਂ ਦੀ ਰੈਲੀ

ਚੰਡੀਗੜ , (ਖ਼ਬਰ ਵਾਲੇ ਬਿਊਰੋ )-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੰਬੀ ਦੇ ਪਿੰਡ ਕਿਲਿਆਂ ਵਾਲੀ ਵਿਖੇ 7 ਅਕਤੂਬਰ ਨੂੰ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਦੇ ਜੱਦੀ ਹਲਕੇ ਵਿਚ ਹੋਣ ਵਾਲੀ ਇਹ ਰੈਲੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸੰਦਰਭ ਵਿਚ ਕੀਤੀ ਜਾ ਰਹੀ ਹੈ। ਚੰਡੀਗੜ ਵਿਖੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਇਕ ਵਫ਼ਦ ਨੇ ਅੱਜ  7 ਅਕਤੂਬਰ ਨੂੰ ਹੋਣ ਵਾਲੀ ਰੈਲੀ ਲਈ ਸੁਝਾਏ ਗਏ ਸਥਾਨ ਦਾਣਾਮੰਡੀ ਦਾ ਦੌਰਾ ਕੀਤਾ। ਇਸ ਵਫ਼ਦ ਵਿਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸਨ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਾ ਵੜਿੰਗ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਵੀ ਵਫ਼ਦ ਵਿਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਹਿਲਾਂ ਹੀ ਜ਼ਿਲਾ ਪ੍ਰੀਸ਼ਦ ਚੋਣਾਂ ਉਪਰੰਤ ਬਾਦਲ ਦੇ ਹਲਕੇ ਲੰਬੀ ਵਿਚ ਰੈਲੀ ਕਰਨ ਦਾ ਐਲਾਨ ਕਰ ਚੁੱਕੇ ਹਨ । ਕੈਪਟਨ ਅਮਰਿੰਦਰ ਸਿੰਘ ਮੁਤਾਬਕ ਸ: ਪ੍ਰਕਾਸ਼ ਸਿੰਘ ਬਾਦਲ ਜਸਟਿਸ ਰਣਜੀਤ ਸਿੰਘ ਕਮਿਸ਼ਨਰ ਦੀ ਰਿਪੋਰਟ ਆਉਣ ਉਪਰੰਤ ਲਗਾਤਾਰ ਸੂਬੇ ਵਿਚ ਭਾਈਚਾਰਕ ਸਾਂਝ ਵਿਚ ਖਲਲ ਪਾਉਣ ਦਾ ਯਤਨ ਕਰ ਰਹੇ ਹਨ ਜਦਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਅਕਾਲੀ ਭਾਜਪਾ ਰਾਜ ਦੌਰਾਨ ਹੀ ਹੋਈ ਅਤੇ ਖੁਦ ਸ: ਬਾਦਲ ਨੇ ਕਦੇ ਵੀ ਗੰਭੀਰਤਾ ਨਾਲ ਦੋਸ਼ੀਆਂ ਨੂੰ ਫ਼ੜਨ ਦਾ ਯਤਨ ਨਹੀਂ ਕੀਤਾ । ਕੈਪਟਨ ਅਮਰਿੰਦਰ ਸਿੰਘ ਆਖਦੇ ਨੇ ਸ: ਬਾਦਲ ਹਮੇਸ਼ਾ ਚੋਣਾਂ ਵੇਲੇ ਧਰਮ ਦਾ ਪੱਤਾ ਖੇਡਦੇ ਹਨ ਅਤੇ ਸੂਬੇ ਵਿਚ ਸਦੀਆਂ ਪੁਰਾਣੀ ਸਾਂਝ ਨੂੰ ਦਾਅ ’ਤੇ ਲਗਾਉਣ ਦੀ ਉਹਨਾਂ ਦੀ ਪੁਰਾਣੀ ਆਦਤ ਹੈ । ਇਸ ਕਰਕੇ ਉਹਨਾਂ ਦੇ ਅਸਲੀ ਚਿਹਰੇ ਨੂੰ ਲੋਕਾਂ ਸਾਹਮਣੇ ਲਿਆਂਉਣ ਲਈ ਇਹ ਰੈਲੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਇਹ ਵੀ ਦੋਸ਼ ਲਗਾਉਂਦੇ ਨੇ ਕਿ ਸ: ਬਾਦਲ ਬੇਅਦਬੀ ਮਾਮਲੇ ਉਪਰੰਤ ਬਰਗਾੜੀ ਅਤੇ ਬਹਿਬਲ ਕਲਾਂ ਵਿਚ ਹੋਈਆਂ ਪੁਲਿਸ ਦੀ ਜ਼ਿਆਦਤੀਆਂ ਬਾਰੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ । ਉਹਨਾਂ ਆਖਿਆ ਕਿ ਕਮਿਸ਼ਨਰ ਦੀ ਰਿਪੋਰਟ ਵਿਧਾਨ ਸਭਾ ਵਿਚ ਰੱਖੇ ਜਾਣ ਉਪਰੰਤ ਸ: ਬਾਦਲ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਧਿਆਨ ਹਟਾਉਣ ਲਈ ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾਉਣ ਦੀ ਨਾਪਾਕ ਕੋਸ਼ਿਸ ਕਰ ਰਹੇ ਹਨ।