• Home
  • ਯੂਏਈ ਵਫਦ ਨੇ ਪੰਜਾਬ ਵਿਚ ਨਿਵੇਸ਼ ਦੀ ਰੁਚੀ ਦਿਖਾਈ – ਖੇਤੀ, ਖਾਣ ਵਾਲੀਆਂ ਵਸਤਾਂ, ਬਰਾਮਦ, ਬੁਨਿਆਦੀ ਢਾਂਚਾ ਅਤੇ ਰੀਅਲ ਅਸਟੇਟ ਦੇ ਖੇਤਰ ਵਿਚ ਕਰਨਗੇ ਨਿਵੇਸ਼

ਯੂਏਈ ਵਫਦ ਨੇ ਪੰਜਾਬ ਵਿਚ ਨਿਵੇਸ਼ ਦੀ ਰੁਚੀ ਦਿਖਾਈ – ਖੇਤੀ, ਖਾਣ ਵਾਲੀਆਂ ਵਸਤਾਂ, ਬਰਾਮਦ, ਬੁਨਿਆਦੀ ਢਾਂਚਾ ਅਤੇ ਰੀਅਲ ਅਸਟੇਟ ਦੇ ਖੇਤਰ ਵਿਚ ਕਰਨਗੇ ਨਿਵੇਸ਼

ਚੰਡੀਗੜ•, 11 ਮਾਰਚ: ਯੂਏਈ ਦੇ ਇਕ ਸੰਭਾਵੀ ਨਿਵੇਸ਼ਕਾਰਾਂ ਦੇ ਵਫਦ ਨੇ ਪੰਜਾਬ ਵਿਚ ਖੇਤੀ, ਖਾਣ ਵਾਲੀਆਂ ਵਸਤਾਂ, ਬਰਾਮਦ, ਬੁਨਿਆਦੀ ਢਾਂਚਾ, ਰੀਅਲ ਅਸਟੇਟ ਅਤੇ ਪਾਣੀ ਪ੍ਰਬੰਧਨ ਆਦਿ ਵਿਚ ਨਿਵੇਸ਼ ਕਰਨ ਦੀ ਰੁਚੀ ਪ੍ਰਗਟ ਕੀਤੀ ਹੈ। 
ਅੱਜ ਇੱਥੇ ਇਨਵੈਸਟ ਪੰਜਾਬ ਵੱਲੋਂ ਰੱਖੇ ਇਕ ਵਿਚਾਰ-ਵਟਾਂਦਰਾ ਸ਼ੈਸ਼ਨ ਦੌਰਾਨ ਭਾਰਤ ਅਤੇ ਯੂਏਈ ਵੱਲੋਂ ਆਪਸੀ ਵਪਾਰਕ ਵਾਧੇ ਨੂੰ ਲੈ ਕੇ ਮਹੱਤਵਪੂਰਣ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਦੇਸ਼ ਯੂਏਈ ਦਾ ਇਕ ਵੱਡਾ ਵਪਾਰਕ ਭਾਈਵਾਲ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰਕ ਸਬੰਧ ਕਾਫੀ ਮਜ਼ਬੂਤ ਹਨ। ਉਨ•ਾਂ ਕਿਹਾ ਕਿ ਹੁਣ ਪੰਜਾਬ ਸੂਬੇ ਵਿਚ ਵੀ ਯੂਏਈ ਦੇ ਵੱਡੇ ਨਿਵੇਸ਼ਕਾਂ ਨੇ ਨਿਵੇਸ਼ ਵਿਚ ਦਿਲਚਸਪੀ ਵਿਖਾਈ ਹੈ।   
ਯੂਏਈ ਦੇ ਨਿਵੇਸ਼ਕਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਲਈ ਸੂਬਾ ਯੂਏਈ ਦੇਸ਼ ਨੂੰ ਕਈ ਅਹਿਮ ਮੌਕੇ ਪ੍ਰਦਾਨ ਕਰ ਰਿਹਾ ਹੈ ਅਤੇ ਵਪਾਰਕ ਸਬੰਧਾਂ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਨਿਵੇਸ਼ ਪੱਖੋਂ ਅਤੇ ਦੁਵੱਲੇ ਵਪਾਰ ਲਈ ਪੰਜਾਬ ਲਈ ਯੂਏਈ ਪਹਿਲੀ ਸੂਚੀ ਦੇ ਮੁਲਕਾਂ ਵਿਚ ਸ਼ੁਮਾਰ ਹੈ। ਇਸ ਤੋਂ ਪਹਿਲਾਂ ਮੁੱਖ ਸਕੱਤਰ ਨੇ ਵਫਦ ਦਾ ਸਵਾਗਤ ਕੀਤਾ ਜੋ ਕਿ ਯੂਏਈ ਵਿਚ ਭਾਰਤ ਦੇ ਰਾਜਦੂਤ ਨਵਦੀਪ ਸੂਰੀ ਦੀ ਅਗਵਾਈ ਵਿਚ ਆਇਆ ਸੀ। ਵਫਦ ਵਿਚ ਹਾਇਪਰਲੂਪ ਵਨ, ਮੀਟੀਟੂ, ਲੁਲੂ ਗਰੁੱਪ, ਡੀਪੀ ਵਰਲਡ, ਸ਼ਰਾਫ ਗਰੁੱਪ, ਐਮਆਰ, ਡੀਐਮਸੀਸੀ ਅਤੇ ਯੂਪੀਐਲ ਦੇ ਉੱਚ ਅਧਿਕਾਰੀ ਸ਼ਾਮਲ ਸਨ। 
ਇਸ ਮੌਕੇ ਉਦਯੋਗ ਤੇ ਵਣਜ ਅਤੇ ਇਨਵੈਸਟ ਪ੍ਰਮੋਸ਼ਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂੰ ਕਰਵਾਇਆ। ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਨੇ ਪੰਜਾਬ ਵਿਚ ਹੋਰ ਨਿਵੇਸ਼ਕਾਂ ਵੱਲੋਂ ਵਿਖਾਈ ਜਾ ਰਹੀ ਰੁਚੀ ਬਾਬਤ ਜਾਣਕਾਰੀ ਦਿੱਤੀ। ਹਾਲ ਹੀ ਵਿਚ ਲੁਲੂ ਗਰੁੱਪ ਨੇ ਪੰਜਾਬ ਤੋਂ ਕਿੰਨੂਆਂ ਦੀ ਪਹਿਲੀ ਖੇਪ ਯੂਏਈ ਮੰਗਵਾਈ ਹੈ। 
ਇਸ ਮੌਕੇ ਵਫਦ ਮੈਂਬਰਾਂ ਨੇ ਪੰਜਾਬ ਦੇ ਸੀਨੀਅਰ ਅਧਿਕਾਰੀ ਨਾਲ ਇਕਮ-ਇਕ ਗੱਲਬਾਤ ਕੀਤੀ ਅਤੇ ਸੂਬੇ ਵਿਚ ਨਿਵੇਸ਼ ਮੌਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਖਾਸ ਤੌਰ 'ਤੇ ਖੇਤੀ, ਖਾਣ ਵਾਲੀਆਂ ਵਸਤਾਂ, ਲੌਜਿਸਟਿਕ, ਬੁਨਿਆਦੀ ਢਾਂਚਾ, ਰੀਅਲ ਅਸਟੇਟ ਅਤੇ ਪਾਣੀ ਪ੍ਰਬੰਧਨ ਆਦਿ ਵਿਚ ਰੁਚੀ ਵਿਖਾਈ। 
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ 'ਚੋਂ ਬਰਾਮਦ ਕਰਨ ਵਾਲੀਆਂ ਕੰਪਨੀਆਂ ਤੇ ਸਰਕਾਰੀ ਵਿਭਾਗ ਪੀਏਆਈਸੀ, ਮਾਰਕਫੈੱਡ, ਮਿਲਕਫੈੱਡ, ਸੁਗੁਣਾ ਫੂਡਜ਼, ਟ੍ਰਾਈਡੈਂਟ, ਐਮ.ਕੇ.ਓਵਰਸੀਜ਼, ਬੈਕਟਰਜ਼ ਫੂਡਜ਼ ਆਦਿ ਵੀ ਹਾਜ਼ਰ ਸਨ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2018 ਵਿਚ ਦੁਬਈ ਵਿਚ ਹੋਈ ਇੰਡੀਆ-ਯੂਏਈ ਪਾਰਟਨਰਸ਼ਿਪ ਸਮਿਟ ਵਿਚ ਸੂਬਾ ਸਰਕਾਰ ਦੇ ਇਕ ਉੱਚ ਪੱਧਰੀ ਵਫਦ ਨੇ ਹਾਜ਼ਰੀ ਭਰੀ ਸੀ ਅਤੇ ਦੁਵੱਲੇ ਵਪਾਰਕ ਸਬੰਧਾਂ ਦੀ ਮਜ਼ਬੂਤੀ ਵੱਲ ਕਦਮ ਵਧਾਏ ਸਨ।  ਇਸ ਦੇ ਨਤੀਜੇ ਵੱਜੋਂ ਪਿਛਲੇ 4 ਮਹੀਨੇ ਵਿਚ ਯੂਏਈ ਦੇ ਲੁਲੂ ਗਰੁੱਪ, ਡੀਪੀ ਵਰਲਡ, ਸ਼ਰਾਫ ਗਰੁੱਪ ਅਤੇ ਬੀਆਰਐਸ ਦੇ ਨੁਮਾਇੰਦੇ ਕਈ ਵਾਰ ਨਿਵੇਸ਼ ਦੇ ਮੌਕਿਆਂ ਬਾਬਤ ਜਾਣਕਾਰੀ ਲੈਣ ਲਈ ਪੰਜਾਬ ਆ ਚੁੱਕੇ ਹਨ। 
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਲਾਹਕਾਰ ਇਨਵੈਸਟਮੈਂਟ ਪ੍ਰੋਮੋਸ਼ਨ ਬਲਵਿੰਦਰ ਸਿੰਘ ਕੋਹਲੀ, ਵਧੀਕ ਮੁੱਖ ਸਕੱਤਰ ਪਸ਼ੂ-ਪਾਲਣ ਐਨ.ਐਸ. ਕਲਸੀ, ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ. ਵੇਣੂੰ ਪ੍ਰਸਾਦ, ਪ੍ਰਮੁੱਖ ਸਕੱਤਰ ਜਲ ਸਰੋਤ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਸਕੱਤਰ ਲੋਕ ਨਿਰਮਾਣ (ਪੀ.ਡਬਲਿਊ.ਡੀ)  ਹੁਸਨ ਲਾਲ, ਸਕੱਤਰ ਪੰਜਾਬ ਮੰਡੀ ਬੋਰਡ ਕਮਲਦੀਪ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ (ਐਮ.ਡੀ.) ਪੀ.ਐਸ.ਆਈ.ਈ.ਸੀ. ਰਾਹੁਲ ਭੰਡਾਰੀ, ਮੈਨੇਜਿੰਗ ਡਾਇਰੈਕਟਰ (ਐਮ.ਡੀ.) ਮਾਰਕਫੈੱਡ ਵਰੁਣ ਰੂਜਮ, ਮੈਨੇਜਿੰਗ ਡਾਇਰੈਕਟਰ (ਐਮ.ਡੀ.) ਪੀ.ਏ.ਆਈ.ਸੀ. ਸਿਬਿਨ ਅਤੇ ਏ.ਐਮ.ਡੀ. ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਐਚ.ਪੀ.ਐਸ ਬਰਾੜ ਹਾਜ਼ਰ ਸਨ।