• Home
  • ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਦੀ ਖੁੱਲ੍ਹ ਕਿਸ ਨੇ ਦਿੱਤੀ ? ਡੇਰਾ ਮੁਖੀ ਦਾ ਕਿਸ ਨਾਲ ਹੋਇਆ ਸੌਦਾ ?ਪੜ੍ਹੋ :ਰਾਮ ਰਹੀਮ ਦੀ ਜੇਲ੍ਹ ਚੋਂ “ਸ਼ਤਰੰਜ” ਚਾਲ

ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਦੀ ਖੁੱਲ੍ਹ ਕਿਸ ਨੇ ਦਿੱਤੀ ? ਡੇਰਾ ਮੁਖੀ ਦਾ ਕਿਸ ਨਾਲ ਹੋਇਆ ਸੌਦਾ ?ਪੜ੍ਹੋ :ਰਾਮ ਰਹੀਮ ਦੀ ਜੇਲ੍ਹ ਚੋਂ “ਸ਼ਤਰੰਜ” ਚਾਲ

ਪਰਮਿੰਦਰ ਸਿੰਘ ਜੱਟਪੁਰੀ

ਚੰਡੀਗੜ੍ਹ :- ਵੱਖ ਵੱਖ ਅਪਰਾਧਿਕ ਮਾਮਲਿਆਂ ਚ ਦੋਹਰੀ ਉਮਰ ਕੈਦ ਦੀ ਸਜ਼ਾ ਤਹਿਤ ਹਰਿਆਣਾ ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਪੈਰੋਕਾਰਾਂ ਵੱਲੋਂ ਦੋ ਸਾਲ ਦੀ ਲੰਬੀ ਚੁੱਪ ਨੂੰ ਤੋੜ ਕੇ, ਪੰਜਾਬ ਪੁਲਿਸ ਦੀ ਨਜ਼ਰਸਾਨੀ ਹੇਠ ਬੰਦ ਪਏ ਡੇਰਿਆਂ ਅੰਦਰ ਅਚਨਚੇਤ ਨਾਮ ਚਰਚਾਵਾਂ ਸ਼ੁਰੂ ਕਰ ਦੇਣੀਆਂ ਤੇ ਵੱਡੇ ਸ਼ਕਤੀ ਪ੍ਰਦਰਸ਼ਨ ਕਰਨ ਨੂੰ ਲੈ ਕੇ ਜਿੱਥੇ ਰਾਜਸੀ ਹਲਕਿਆਂ ਚ ਹੱਲ ਚੱਲ ਮੱਚ ਗਈ ਹੈ ,ਉੱਥੇ ਇਹ ਗੱਲ ਸਾਫ਼ ਹੈ ਕਿ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਹੋਣ ਕਾਰਨ ਇਹ ਰਾਜਸੀ ਸ਼ਤਰੰਜ ਦੀ ਚਾਲ ਸੁਨਾਰੀਆ ਜੇਲ ਚੋਂ ਰਾਮ ਰਹੀਮ ਵੱਲੋਂ ਹੀ ਖੇਡੀ ਗਈ ਹੈ ।

ਰਾਜਸੀ ਮਾਹਿਰਾਂ ਅਨੁਸਾਰ ਸੌਦਾ ਮੁਖੀ ਨੇ ਆਪਣੀ ਸਰਦਾਰੀ ਕਾਇਮ ਰੱਖਣ ਤੇ ਜੇਲ ਮੁਕਤੀ ਲਈ ਵੋਟਾਂ ਦਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ 90 ਫੀਸਦੀ ਸੌਦਾ ਸਿਰੇ ਚਾੜ੍ਹ ਲਿਆ ਹੈ , ਪਰ ਅਜੇ ਤੱਕ ਇਹ ਗੱਲ ਉੱਭਰ ਕੇ ਸਾਹਮਣੇ ਨਹੀਂ ਆਈ ਕਿ ਕਿਹੜੀ ਪਾਰਟੀ ਨਾਲ ਕਿਸ ਸੀਟ ਨੂੰ ਲੈ ਕੇ ਗੱਲ ਮੁੱਕੀ ਹੈ ,ਕਿਉਂਕਿ ਲੰਘ ਕੇ ਗਏ ਐਤਵਾਰ ਨੂੰ ਡੇਰਾ ਪ੍ਰੇਮੀਆਂ ਦੇ ਪ੍ਰਦਰਸ਼ਨਾਂ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਵਾਰ ਰਾਮ ਰਹੀਮ ਇੱਕੋ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਨਹੀਂ ਕਰੇਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਬਾਰੇ ਜਾਂਚ ਕਰ ਰਹੇ ਐੱਸ ਆਈ ਟੀ ਦੇ ਅਧਿਕਾਰੀ ਕੰਵਰ ਵਿਜੇ ਪ੍ਰਤਾਪ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸੁਨਾਰੀਆ ਜੇਲ ਚ ਬੰਦ ਰਾਮ ਰਹੀਮ ਤੋਂ ਪੁੱਛ ਗਿੱਛ ਕੀਤੇ ਬਿਨਾਂ ਬੇਰੰਗ ਮੋੜਨਾ ਤੇ ਉਸ ਦੇ ਤਬਾਦਲੇ ਨੂੰ ਵੀ ਵੋਟਾਂ ਦੇ ਸੌਦੇ ਵਾਲੀ ਕੜ੍ਹੀ ਚ ਜੋੜ ਕੇ ਦੇਖਿਆ ਜਾ ਰਿਹਾ ਹੈ ।
ਭਾਵੇਂ ਪੰਚਕੂਲਾ ਦੰਗਿਆਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮਾਨਯੋਗ ਹਾਈਕੋਰਟ ਵੱਲੋਂ ਰਾਮਰਹੀਮ ਦੇ ਡੇਰਿਆਂ ਦੀਆਂ ਪ੍ਰਾਪਰਟੀਆਂ ਕੇਸ ਨਾਲ ਅਟੈਚ ਕੀਤੀਆਂ ਗਈਆਂ ਸਨ ਅਤੇ ਦੂਜੇ ਪਾਸੇ ਕੈਪਟਨ ਸਰਕਾਰ ਨੇ ਰਾਮ ਰਹੀਮ ਦੇ ਪੰਜਾਬ ਚ ਨਾਮ ਚਰਚਾਵਾਂ ਘਰਾਂ ਚ ਦਫ਼ਾ 144 ਲਗਾ ਕੇ ਪੁਲਿਸ ਤੈਨਾਤ ਕਰ ਦਿੱਤੀ ਗਈ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀ ਮਾਨਸਿਕਤਾ ਤੇ ਜ਼ਖ਼ਮਾਂ ਨੂੰ ਮੱਲ੍ਹਮ ਲਾਉਣ ਲਈ ਕਮਿਸ਼ਨ ਬਣਾਉਣ ਉਪਰੰਤ ਐੱਸਆਈਟੀ ਦਾ ਵੀ ਗਠਨ ਕੀਤਾ ਸੀ ।

ਚੁੱਪ ਚੁਪੀਤੇ ਇੱਕੋ ਸਮੇਂ ਡੇਰਾ ਪ੍ਰੇਮੀਆਂ ਵੱਲੋਂ ਢੋਲ ਢਮੁਕਿਆ ਦੇ ਨਾਲ ਪੰਜਾਬ ਚ ਨਾਮ ਚਰਚਾ ਤੇ ਸ਼ਕਤੀ ਪ੍ਰਦਰਸ਼ਨ ਕਰਨ ਲਈ ਖੋਲ੍ਹੇ ਗਏ ਡੇਰਿਆਂ ਦੇ ਪਿੱਛੇ ਵੱਡੇ ਰਾਜਸੀ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸੂਤਰ ਦੱਸਦੇ ਹਨ ਕਿ ਇੱਕ ਦੋ ਥਾਵਾਂ ਤੇ ਜ਼ਿਲਾ ਪੁਲਸ ਅਧਿਕਾਰੀਆਂ ਨੇ ਅਜਿਹਾ ਕਰਨ ਤੋਂ ਡੇਰਾ ਪ੍ਰੇਮੀਆਂ ਨੂੰ ਰੋਕਿਆ, ਪਰ ਪੁਲਿਸ ਜ਼ਿਲ੍ਹਾ ਮੁਖੀਆਂ ਨੂੰ ਮੁਖ ਮੰਤਰੀ ਦਰਬਾਰ ਤੋਂ ਇੱਕ ਓਐੱਸਡੀ ਦਾ ਫੋਨ ਆਉਣ ਤੋਂ ਬਾਅਦ ਇਹ ਸਭ ਕੁਝ ਕਰਨ ਦੀ ਆਗਿਆ ਦੇ ਦਿੱਤੀ ਗਈ ,।ਸਗੋਂ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਫੋਨ ਆਉਣ ਬਾਅਦ ਡੇਰਿਆਂ ਚ ਸ਼ਕਤੀ ਪ੍ਰਦਰਸ਼ਨ ਕਰਵਾਉਣ ਲਈ ਸੁਰੱਖਿਆ ਵੀ ਪ੍ਰਦਾਨ ਕਰਨੀ ਪਈ ।

ਭਾਵੇਂ ਪਿਛਲੇ ਐਤਵਾਰ ਪੰਜਾਬ ਦੇ 10 ਥਾਵਾਂ ਤੋਂ ਇਲਾਵਾ ਹਰਿਆਣਾ ਦੇ ਵੀ 10 ਥਾਵਾਂ ਤੇ ਅਜਿਹੇ ਹੀ ਸ਼ਕਤੀ ਪ੍ਰਦਰਸ਼ਨ ਹੋਏ ਸਨ ,ਜਿਸ ਤੋਂ ਬਾਅਦ ਇੱਕ ਗੱਲ ਸਾਫ਼ ਹੈ ਕਿ ਹਰਿਆਣੇ ਦੀ ਸੁਨਾਰੀਆ ਜੇਲ ਚ ਬੰਦ ਰਾਮ ਰਹੀਮ ਦਾ ਸੌਦਾ ਪੰਜਾਬ ਤੇ ਹਰਿਆਣਾ ਦੀਆਂ ਸੱਤਾਧਾਰੀ ਧਿਰਾਂ ਕਾਂਗਰਸ ਦੀ ਭਾਜਪਾ ਨਾਲ ਤਾਂ ਸਿੱਧੇ ਤੌਰ ਤੇ ਹੋ ਗਿਆ ਜਾਪਦਾ ਹੈ,ਪਰ ਡੇਰੇ ਦੇ ਬਣੇ ਰਾਜਸੀ ਵਿੰਗ ਵੱਲੋਂ ਸਾਰੇ ਪ੍ਰਦਰਸ਼ਨਾਂ ਚ ਪ੍ਰੇਮੀਆਂ ਦੇ ਫੀਡਬੈਕ ਲੈਣਾ ਤੇ ਬਾਦ ਚ ਉਨ੍ਹਾਂ ਤੋਂ ਰਾਮ ਰਹੀਮ ਦੀ ਰਿਹਾਈ ਲਈ ਵੋਟਾਂ ਦਾ ਅਧਿਕਾਰ ਲੈ ਲੈਣੇ ਆਦਿ ਵੀ ਇਸ ਗੱਲ ਵੱਲ ਨੂੰ ਇਸ਼ਾਰਾ ਕਰਦੇ ਹਨ ,ਕਿ ਰਾਮ ਰਹੀਮ ਆਪਣੀ ਬੰਦ ਖਲਾਸੀ ਲਈ ਜੇਲ ਚ ਬੈਠ ਕੇ ਹੀ ਵੋਟਾਂ ਦਾ ਸੌਦਾ ਵੇਚੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਕਿਸ ਪਾਰਟੀ ਦੇ ਕਿਸ ਉਮੀਦਵਾਰ ਨੂੰ ਸੁਨਾਰੀਆ ਜੇਲ ਚੋਂ ਵੋਟਾਂ ਪਾਉਣ ਦੇ ਹੁਕਮ ਆਉਂਦੇ ਹਨ ।

ਇਹ ਵੀ ਦੱਸਣਾ ਹੋਵੇਗਾ ਪਿਛਲੇ ਦਿਨੀਂ ਅਕਾਲੀ ਦਲ ਦੇ ਆਗੂਆਂ ਨੇ ਇਹ ਕਿਹਾ ਸੀ ਕਿ ਉਹ ਡੇਰਾ ਸਿਰਸਾ ਤੋਂ ਵੋਟ ਨਹੀਂ ਮੰਗਣਗੇ ।

ਦੂਜੇ ਪਾਸੇ ਆਮ ਆਦਮੀ ਪਾਰਟੀ ਜਿਸ ਚ ਗਰਮ ਖਿਆਲੀ ਸਿੱਖਾਂ ਨੇ ਕੇਜਰੀਵਾਲ ਤੋਂ ਕਿਨਾਰਾ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਹਮਾਇਤ ਕਰ ਦਿੱਤੀ ਹੈ। ਆਪ ਦੇ ਬਟਵਾਰੇ ਤੋਂ ਬਾਅਦ ਡੇਰਾ ਪ੍ਰੇਮੀਆਂ ਨਾਲ ਆਮ ਆਦਮੀ ਪਾਰਟੀ ਤੇ ਹਰਿਆਣੇ ਚ ਜਨ ਨਾਇਕ ਪਾਰਟੀ ਨਾਲ ਨੇੜਤਾ ਦੇ ਵੀ ਚਰਚੇ ਹਨ ।