• Home
  • ਪਾਇਆ ਕੁਝ ਨਹੀਂ, ਐਂਵੇ ਝੁਕ ਗਏ : ਕਿਸਾਨਾਂ ਨੇ ਕੀਤਾ 8 ਦਿਨਾਂ ਬਾਅਦ ਮਰਨ ਵਰਤ ਖ਼ਤਮ

ਪਾਇਆ ਕੁਝ ਨਹੀਂ, ਐਂਵੇ ਝੁਕ ਗਏ : ਕਿਸਾਨਾਂ ਨੇ ਕੀਤਾ 8 ਦਿਨਾਂ ਬਾਅਦ ਮਰਨ ਵਰਤ ਖ਼ਤਮ

ਚੰਡੀਗੜ : ਪਿਛਲੇ ਕਈ ਦਿਨਾਂ ਤੋਂ ਕਿਸਾਨ ਸਵਾਮੀਨਾਥਨ ਰਿਪੋਰਟ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਸਨ ਤੇ ਉਨਾਂ ਵਿੱਚੋਂ ਕਈ ਤਾਂ ਮਰਨ ਵਰਤ ਅਤੇ ਭੁੱਖ ਹੜਤਾਲ 'ਤੇ ਵੀ ਬੈਠੇ ਹੋਏ ਸਨ ਪਰ ਅੱਜ ਕਿਸਾਨਾਂ ਵੱਲੋਂ ਕੌਮੀ ਪੱਧਰ ਤੇ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ 8 ਦਿਨ ਬਾਅਦ ਖ਼ਤਮ ਕਰ ਦਿੱਤਾ ਗਿਆ। ਚੰਡੀਗੜ ਦੇ ਸੈਕਟਰ 25 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਅੰਨਾ ਹਜ਼ਾਰੇ ਅੰਦੋਲਨ ਦੇ ਆਗੂ ਕਰਨਵੀਰ ਸ਼ੈਂਟੀ 30 ਜਨਵਰੀ ਤੋਂ ਮਰਨ ਵਰਤ 'ਤੇ ਬੈਠੇ ਸਨ ਜਿਨਾਂ ਨੂੰ ਅੱਜ ਇੱਕ ਬਜ਼ੁਰਗ ਕਿਸਾਨ ਆਗੂ ਨੇ ਜੂਸ ਪਿਲਾ ਕੇ ਉਨਾਂ ਦਾ ਮਰਨ ਵਰਤ ਖ਼ਤਮ ਕਰਵਾਇਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਕੇਂਦਰ ਸਰਕਾਰ ਨੇ ਮੰਨ ਲਈਆਂ ਹਨ, ਜਿਸ ਬਾਰੇ ਕੇਂਦਰੀ ਮੰਤਰੀਆਂ ਦੀ ਅੰਨਾ ਹਜ਼ਾਰੇ ਨਾਲ ਮੀਟਿੰਗ ਹੋ ਗਈ ਹੈ। ਉਨਾਂ ਕਿਹਾ ਕਿ ਜੇਕਰ ਕੇਂਦਰ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਅਗਲੀ ਰੂਪ ਰੇਖਾ ਉਲੀਕਣਗੇ। ਹੁਣ ਇਥੇ ਸਵਾਲ ਉਠਦਾ ਹੈ ਕਿ ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਤਾਂ ਮਰਨ ਵਰਤ 'ਤੇ ਬੈਠੇ ਕਿਸਾਨਾਂ ਦਾ ਮਰਨ ਵਰਤ ਕਿਸੇ ਮੰਤਰੀ ਜਾਂ ਫਿਰ ਕਿਸੇ ਸਰਕਾਰੀ ਅਧਿਕਾਰੀ ਨੇ ਖ਼ਤਮ ਕਿਉਂ ਨਹੀਂ ਕਰਵਾਇਆ। ਇਸ ਤੋਂ ਵੀ ਵੱਡੀ ਗੱਲ ਇਹ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਲੀ ਖ਼ਬਰ ਮੀਡੀਆ ਦੀਆਂ ਸੁਰਖ਼ੀਆਂ ਕਿਉਂ ਨਾ ਬਣੀ।